ਸ਼ਹੀਦ ਸਰਾਭਾ ਫਾਊਂਡੇਸ਼ਨ ਵੱਲੋਂ ਅਰੋੜਾ ਨੂੰ ਚਿਤਾਵਨੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਹਾਈ ਕਮਾਂਡ ਦੀ ਹਾਜ਼ਰੀ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਚੋਣ ਪ੍ਰਚਾਰ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਗ਼ਲਤ ਲੈਣ ਸਬੰਧੀ ਸ਼ਹੀਦ ਕਰਤਾਰ ਸਿੰਘ ਸਰਾਭਾ ਫਾਊਂਡੇਸ਼ਨ ਨੇ ਤਿੱਖਾ ਨੋਟਿਸ ਲਿਆ ਹੈ। ਫਾਉਂਡੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਹਰਜਿੰਦਰ ਸਿੰਘ ਬੋਬੀ ਗਰਚਾ ਨੇ ਅੱਜ ਇੱਥੇ ਕਿਹਾ ਕਿ ਅਰੋੜਾ ਵੱਲੋਂ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਆਗੂ ਨੂੰ ਸ਼ਹੀਦ ਸਰਾਭਾ ਦਾ ਨਾਂ ਹੀ ਯਾਦ ਨਹੀਂ, ਉਹ ਸ਼ਹੀਦਾਂ ਦੀ ਸੋਚ ’ਤੇ ਕੀ ਪਹਿਰਾ ਦੇ ਸਕਦਾ ਹੈ। ਦੂਜਾ ਕਿਸੇ ਵੱਲੋਂ ਦੱਸੇ ਜਾਣ ’ਤੇ ਵੀ ‘ਆਪ’ ਉਮੀਦਵਾਰ ਨੇ ਸ਼ਹੀਦ ਦਾ ਗ਼ਲਤ ਨਾਂ ਲੈਂਦਿਆਂ ਉਸ ਨੂੰ ਸਰਾਭਾ ਸਿੰਘ ਕਹਿ ਕੇ ਸੰਬੋਧਨ ਕੀਤਾ, ਜੋ ਕਿਸੇ ਵੀ ਕੀਮਤ ’ਤੇ ਸਵੀਕਾਰਿਆ ਨਹੀਂ ਜਾ ਸਕਦਾ। ਬੋਬੀ ਗਰਚਾ ਨੇ ਕਿਹਾ ਕਿ ਜੇਕਰ ਸੰਜੀਵ ਅਰੋੜਾ ਨੇ ਆਪਣੀ ਗਲਤੀ ਲਈ ਮੁਆਫ਼ੀ ਨਾ ਮੰਗੀ ਤਾਂ ਫਾਊਂਡੇਸ਼ਨ ਵੱਲੋਂ ਉਸ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ ਤੇ ਘਿਰਾਓ ਵੀ ਕੀਤਾ ਜਾਵੇਗਾ।