ਸ਼ਹਿਰ ਦੇ ਵਿਦਿਅਕ ਅਦਾਰਿਆਂ ’ਚ ਬਸੰਤ ਪੰਚਮੀ ਮਨਾਈ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਸ਼ਹਿਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ’ਚ ਬਸੰਤ ਪੰਚਮੀ ਦਾ ਉਤਸ਼ਾਹ ਨਾਲ ਮਨਾਈ ਗਈ। ਡੀਡੀ ਜੈਨ ਕਾਲਜ ਆਫ ਐਜੂਕੇਸ਼ਨ ਵਿੱਚ ਸਮਾਗਮ ਦੀ ਸ਼ੁਰੂਆਤ ਸਰਸਵਤੀ ਪੂਜਾ ਨਾਲ ਕੀਤੀ ਗਈ। ਇਸ ਤੋਂ ਬਾਅਦ ਸ਼ਬਦ, ਭਜਨ ਅਤੇ ਗਿੱਧਾ, ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ। ਇਸ ਦੌਰਾਨ ਬਸੰਤ ਪੰਚਮੀ ’ਤੇ ਭਾਸ਼ਣ ਵੀ ਕਰਵਾਏ ਗਏ। ਕਾਲਜ ਦੀਆਂ ਵਿਦਿਆਰਥਣਾਂ ਨੇ ਬਸੰਤ ਬਹਾਰ ਦੇ ਪ੍ਰਤੀਕ ਪੀਲੇ ਰੰਗ ਦੇ ਕੱਪੜੇ ਵੀ ਪਾਏ ਹੋਏ ਸਨ। ਕਾਲਜ ਦੀ ਪ੍ਰਿੰਸੀਪਲ ਡਾ. ਵਿਜੈ ਲਕਸ਼ਮੀ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਸਟਾਫ ਵੀ ਮੌਜੂਦ ਸੀ। ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਵਿੱਚ ਬਸੰਤ ਪੰਚਮੀ ਮੌਕੇ ਫੂਡ ਫੈਸਟ ਕਰਵਾਇਆ ਗਿਆ। ਕ੍ਰਿਸ਼ਟ ਕੂਕਿੰਗ ਇੰਸਟੀਚਿਊਟ ਤੋਂ ਮੋਨਿਕਾ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਦੇ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਫੂਡ ਫੈਸਟ ਵਿੱਚ ਸ਼ਿਰਕਤ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਤਿਆਰ ਮਿੱਠੇ ਪੀਲੇ ਰੰਗ ਦੇ ਚੌਲ, ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਢੋਕਲਾ, ਚਾਟ, ਗੁਲਾਬ ਜਾਮਨ, ਚੋਕਲੇਟ ਕੇਕ, ਚੋਕਲੇਟ ਬਾਲ, ਗੋਲ ਗੱਪੇ ਆਦਿ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੌਰਾਨ ਵਧੀਆ ਸਟਾਲ ਦਾ ਇਨਾਮ ਐੱਮਸੀਏ ਪਹਿਲਾ ਸਾਲ ਦੇ ‘ਪੰਜਾਬੀ ਢਾਬਾ’ ਨੂੰ ਮਿਲਿਆ। ਦੂਜਾ ਇਨਾਮ ਵੀ ਇਸੇ ਜਮਾਤ ਦੀਆਂ ਵਿਦਿਆਰਥਣਾਂ ਨੂੰ ਹਾਸਲ ਹੋਇਆ। ਇਸੇ ਤਰ੍ਹਾਂ ਬੀਸੀਏ ਤੀਜਾ ਸਾਲ ਅਤੇ ਬੀਬੀਏ ਦੂਜਾ ਸਾਲ ਦੇ ਵਿਦਿਆਰਥੀਆਂ ਨੂੰ ਸਾਂਝੇ ਤੌਰ ’ਤੇ ਤੀਜਾ ਇਨਾਮ ਮਿਲਿਆ।