ਸ਼ਹਿਰੀ ਕੂੜਾ ਕਚਰਾ
ਵਾਹਨਾਂ ਦਾ ਘੜਮੱਸ ਅਤੇ ਥਾਂ-ਥਾਂ ਖਿੱਲਰਿਆ ਕੂੜਾ ਸਾਡੇ ਜ਼ਿਆਦਾਤਰ ਸ਼ਹਿਰਾਂ ਦੀ ਹੋਣੀ ਅਤੇ ਪਛਾਣ ਬਣ ਚੁੱਕਿਆ ਹੈ। ਜਿਨ੍ਹਾਂ ਕੁਝ ਕੁ ਸ਼ਹਿਰਾਂ ਵਿੱਚ ਕੂੜਾ ਜਨਤਕ ਗਲੀਆਂ, ਨਾਲੀਆਂ ਵਿੱਚ ਫੈਲਿਆ ਨਜ਼ਰ ਨਹੀਂ ਆਉਂਦਾ, ਉੱਥੇ ਕੁਝ ਥਾਵਾਂ ’ਤੇ ਕੂੜੇ ਦੇ ‘ਪਹਾੜ’ ਲੱਗ ਜਾਂਦੇ ਹਨ। ਫਿਰ ਇਨ੍ਹਾਂ ’ਚੋਂ ਉੱਠਦੀ ਬਦਬੂ ਮੀਲਾਂ ਤੱਕ ਫੈਲਦੀ ਰਹਿੰਦੀ ਹੈ। ਚੰਡੀਗੜ੍ਹ ਦੇ ਉੱਤਰ ਵੱਲ ਬਣਿਆ ਡੱਡੂਮਾਜਰਾ ਕੂੜਾ ਡੰਪ ਵੀ ਕੁਝ ਇਹੋ ਜਿਹੀ ਹੀ ਮਿਸਾਲ ਪੇਸ਼ ਕਰ ਰਿਹਾ ਹੈ। ਹੁਣ ਭਾਵੇਂ ਨਗਰ ਨਿਗਮ ਅਤੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਅਗਲੀ ਮਈ ਤੱਕ ਕੂੜਾ ਡੰਪ ਪੂਰੀ ਤਰ੍ਹਾਂ ਸਾਫ਼ ਕਰ ਦੇਣ ਦਾ ਭਰੋਸਾ ਦਿਵਾਇਆ ਹੈ ਪਰ ਇਸ ਤਰ੍ਹਾਂ ਦੇ ਭਰੋਸੇ ਪਹਿਲਾਂ ਵੀ ਦੋ ਵਾਰ ਦਿਵਾਏ ਜਾ ਚੁੱਕੇ ਹਨ ਅਤੇ ਕੂੜੇ ਦੇ ਢੇਰ ਅਤੇ ਦੁਰਗੰਧ ਅਜੇ ਵੀ ਬਰਕਰਾਰ ਹਨ। ਇਸੇ ਕਰ ਕੇ ਹਾਈ ਕੋਰਟ ਨੂੰ ਸਖ਼ਤ ਲਹਿਜ਼ੇ ਵਿਚ ਚਿਤਾਵਨੀ ਦੇਣੀ ਪਈ ਹੈ ਕਿ ਜੇ ਮਈ ਤੱਕ ਕੂੜਾ ਡੰਪ ਨਾ ਹਟਾਇਆ ਗਿਆ ਤਾਂ ਅਧਿਕਾਰੀਆਂ ਖ਼ਿਲਾਫ਼ ਹੱਤਕ ਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੇ ਮਹੀਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਦ ਵਿੱਚ ਇਸ ਸਬੰਧੀ ਸਵਾਲ ਉਠਾਇਆ ਸੀ ਜਿਸ ਦੇ ਜਵਾਬ ਵਿੱਚ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਸੀ ਕਿ ਦਸੰਬਰ 2024 ਤੱਕ 13.3 ਲੱਖ ਘਣ ਮੀਟਰ ਕੂੜੇ ਨੂੰ ਸਾਫ਼ ਕਰ ਕੇ ਹਟਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਬਾਕੀ ਰਹਿੰਦੇ ਕੂੜੇ ਨੂੰ ਜੁਲਾਈ 2025 ਤੱਕ ਸਾਫ਼ ਕਰਨ ਲਈ ਨਿਗਮ ਵੱਲੋਂ ਵੱਡੀ ਤਾਦਾਦ ਵਿੱਚ ਮਸ਼ੀਨਾਂ ਨੂੰ ਢੋਆ-ਢੁਆਈ ਪ੍ਰਣਾਲੀ ਸਹਿਤ ਤਾਇਨਾਤ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਇਹ ਰਿਪੋਰਟ ਆਈ ਸੀ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਪੰਜਾਬ ਸਰਕਾਰ ਤੋਂ ਕੂੜਾ ਡੰਪ ਲਈ ਮੁਹਾਲੀ ਜ਼ਿਲ੍ਹੇ ਵਿੱਚ ਥਾਂ ਮੰਗੀ ਗਈ ਹੈ। ਡੱਡੂਮਾਜਰਾ ਵਿੱਚ ਕੂੜਾ ਡੰਪ ਦੇ ਪਹਾੜ ਪਿਛਲੇ ਕਈ ਸਾਲਾਂ ਦੌਰਾਨ ਲੱਗੇ ਹਨ। ਹੁਣ ਇਨ੍ਹਾਂ ਨੂੰ ਹਟਾਉਣ ਦੀ ਤੱਦੀ ਵੀ ਇਸ ਕਰ ਕੇ ਪਈ ਲੱਗਦੀ ਹੈ ਕਿਉਂਕਿ ਇਸ ਦੇ ਆਸ-ਪਾਸ ਕਈ ਸ਼ਾਨਦਾਰ ਰਿਹਾਇਸ਼ੀ ਕਾਲੋਨੀਆਂ ਤੇ ਫਲੈਟ ਬਣ ਰਹੇ ਹਨ ਅਤੇ ਇਹ ਹੁਣ ‘ਰਸੂਖ਼ਵਾਨਾਂ’ ਦਾ ਇਲਾਕਾ ਬਣ ਰਿਹਾ ਹੈ। ਨਹੀਂ ਤਾਂ ਸ਼ਾਇਦ ਹੋਰ ਕਈ ਸਾਲ ਇਹ ਕੂੜੇ ਦੇ ‘ਪਹਾੜ’ ਉਸਰਦੇ ਰਹਿਣੇ ਸਨ। ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਨਗਰ ਨਿਗਮ ਵੱਲੋਂ ਨਵਾਂ ਕੂੜੇ ਡੰਪ ਲਈ ਪੰਜਾਬ ਸਰਕਾਰ ਤੋਂ ਐੱਸਏਐੱਸ ਨਗਰ (ਮੁਹਾਲੀ) ਜ਼ਿਲ੍ਹੇ ਵਿੱਚ ਜ਼ਮੀਨ ਮੰਗੀ ਗਈ ਸੀ। ਅਸਲ ਵਿੱਚ ‘ਆਪਣੀ ਸਮੱਸਿਆ ਦੂਜੇ ਦੇ ਵਿਹੜੇ ਸੁੱਟਣ’ ਦੀ ਇਹ ਮਾਨਸਿਕਤਾ ਹੀ ਇਸ ਦੀ ਜੜ੍ਹ ਹੈ। ਕਹਿਣ ਨੂੰ ਚੰਡੀਗੜ੍ਹ ਸੁੰਦਰ ਸ਼ਹਿਰ ਹੈ ਪਰ ਕੀ ਇਸ ਦਾ ਕੂੜਾ ਸੰਭਾਲਣ ਦੀ ਜ਼ਿੰਮੇਵਾਰੀ ਇਸ ਦੀ ਆਪਣੀ ਨਹੀਂ, ਪੰਜਾਬ ਦੇ ਕਿਸੇ ਪਿੰਡ ਦੀ ਹੈ?
ਸ਼ਹਿਰੀ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਬੇਰੋਕ ਸ਼ਹਿਰੀਕਰਨ ਅਤੇ ਅੰਧ-ਖ਼ਪਤਵਾਦ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਇਸ ਮੰਤਵ ਲਈ ਸਿਆਸੀ ਗਿਣਤੀ-ਮਿਣਤੀਆਂ ਅਤੇ ਮਜਬੂਰੀਆਂ ਨੂੰ ਤਾਕ ’ਤੇ ਰੱਖ ਕੇ ਮੁਨਾਸਿਬ ਫ਼ੈਸਲੇ ਲੈਣੇ ਪੈਣਗੇ ਅਤੇ ਨਾਲ ਹੀ ਕੂੜੇ ਕਰਕਟ ਦੇ ਇਕਜੁੱਟ ਪ੍ਰਬੰਧਨ ਦੀ ਪਹੁੰਚ ਅਪਣਾਉਂਦੇ ਹੋਇਆਂ ਤਕਨੀਕੀ ਅਤੇ ਮਾਨਵੀ ਦੋਵੇਂ ਪਹਿਲੂਆਂ ਨੂੰ ਢੁਕਵੀਂ ਤਵੱਜੋ ਦੇਣ ਦੀ ਲੋੜ ਪਵੇਗੀ।