ਸ਼ਹਾਦਤ ਦਾ ਸਿੱਖ ਸੰਕਲਪ
ਸੁਖਵਿੰਦਰ ਸਿੰਘ ਸ਼ਾਨ
ਦੁਨੀਆ ਦੇ ਕੁੱਝ ਵਿਸ਼ੇਸ਼ ਧਰਮਾਂ ਅਤੇ ਕੌਮਾਂ ਵਿੱਚ ਹੀ ਸ਼ਹਾਦਤ (ਸ਼ਹੀਦੀ) ਦਾ ਸੰਕਲਪ ਮਿਲਦਾ ਹੈ। ਕੁੱਝ ਧਰਮਾਂ ਦੇ ਸੰਸਥਾਪਕਾਂ ਅਤੇ ਪੈਰੋਕਾਰਾਂ ਨੇ ਕਿਸੇ ਨਾ ਕਿਸੇ ਉਚ ਆਦਰਸ਼ ਦੀ ਪ੍ਰਾਪਤੀ ਲਈ ਸ਼ਹਾਦਤਾਂ ਦਿੱਤੀਆਂ ਹਨ। ਜੇ ਭਾਰਤ ਵਿਚਲੇ ਸਵਦੇਸ਼ੀ ਧਰਮਾਂ ਦੀ ਗੱਲ ਕਰੀਏ ਤਾਂ ਸਿਰਫ ਸਿੱਖ ਧਰਮ ਵਿੱਚ ਹੀ ਸ਼ਹਾਦਤ ਦਾ ਸੰਕਲਪ ਹੈ। ਕਿਹਾ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਤਾਂ ਸਿੱਖ ਨੂੰ ਗੁੱੜ੍ਹਤੀ ਹੀ ਆਤਮ-ਤਿਆਗ ਅਤੇ ਸ਼ਹਾਦਤ ਦੀ ਦਿੱਤੀ ਜਾਂਦੀ ਹੈ।
ਸ਼ਹਾਦਤ ਅਤੇ ਸ਼ਹੀਦ ਸ਼ਬਦ ਅਰਬੀ ਭਾਸ਼ਾ ਤੋਂ ਆਏ ਹਨ, ਜੋ ਇੱਕ ਦੂਜੇ ਦੇ ਪੂਰਕ ਹਨ। ਪਵਿੱਤਰ ਹਦੀਸ ਦੀ ਵਿਆਖਿਆ ਅਨੁਸਾਰ ‘ਸ਼ਹਾਦਤ ਦਾ ਅਰਥ, ਵਿਸ਼ਵਾਸ਼ ਦੇ ਲਈ ਆਤਮ-ਬਲੀਦਾਨ ਹੈ।’ ਸ਼ਹਾਦਤ ਦੇਣ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸਿੱਖ ਧਰਮ ਫਿਲਾਸਫ਼ੀ ਅਨੁਸਾਰ ਸ਼ਹਾਦਤ ਤੋਂ ਭਾਵ ‘ਕਿਸੇ ਵਿਅਕਤੀ ਵੱਲੋਂ ਕਿਸੇ ਉਚ ਆਦਰਸ਼ ਅਤੇ ਸਰਬੱਤ ਦੇ ਭਲੇ ਲਈ ਆਪਣੇ-ਆਪ ਨੂੰ ਨਿਛਾਵਰ ਕਰ ਦੇਣਾ, ਸ਼ਹਾਦਤ (ਸ਼ਹੀਦੀ) ਹੈ। ਸ਼ਹਾਦਤ ਵਿੱਚ ਜੀਵਨ ਦਾ ਬੀਜ ਹੁੰਦਾ ਅਤੇ ਸ਼ਹਾਦਤ ਕੌਮਾਂ ਨੂੰ ਜਿਊਂਦਾ ਕਰ ਦਿੰਦੀ ਹੈ।’
ਮੱਧਕਾਲੀ ਭਾਰਤ ਵਿੱਚ ਰਾਜ ਸੱਤਾ ’ਤੇ ਕਾਬਜ਼ ਹਾਕਮ ਅਤੇ ਧਰਮ ਸੱਤਾ ’ਤੇ ਕਾਬਜ਼ ਪੁਜਾਰੀ ਆਮ ਲੋਕਾਂ ਉਤੇ ਜ਼ੁਲਮ ਕਰਕੇ ਮਨੁੱਖੀ ਹੱਕਾਂ ਦਾ ਘਾਣ ਕਰਦੇ ਸਨ, ਤਾਂ ਇਸ ਸਮੇਂ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਮਾਨਵਤਾਵਾਦੀ ‘ਸਿੱਖ ਧਰਮ’ ਦੀ ਨੀਂਹ ਰੱਖੀ। ਲੰਬੀ ਘਾਲਣਾ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਮਾਨਵਤਾਵਾਦੀ ਸਿੱਧਾਂਤ ਲੋਕਾਂ ਅੱਗੇ ਪੇਸ਼ ਕੀਤੇ, ਜਿਨ੍ਹਾਂ ਵਿੱਚੋਂ ਸੇਵਾ-ਸਿਮਰਨ, ਸਮਾਨਤਾ, ਕਿਰਤ, ਸਰਬੱਤ ਦਾ ਭਲਾ, ਜ਼ੁਲਮ ਦਾ ਵਿਰੋਧ, ਆਤਮ-ਤਿਆਗ, ਸ਼ਹਾਦਤ ਅਤੇ ਚੜ੍ਹਦੀ ਕਲਾ ਪ੍ਰਮੁੱਖ ਹਨ। ਸਿੱਖ ਧਰਮ ਨੇ ਜਿਵੇਂ ਨਿਸ਼ਕਾਮ ਸੇਵਾ ਦੱਸੀ ਹੈ, ਉਵੇਂ ਹੀ ਨਿਸ਼ਕਾਮ ਸ਼ਹਾਦਤ ਵੀ ਸਿਖਾਈ ਹੈ। ਇਸ ਕਰਕੇ ਸਿੱਖ ਧਰਮ ਇੱਕ ‘ਉਚਾ ਆਦਰਸ਼’ ਹੈ ਅਤੇ ਇਸ ਆਦਰਸ਼ ਦੀ ਪ੍ਰਾਪਤੀ ਸਿਧਾਂਤਾਂ ’ਤੇ ਪਹਿਰਾ ਦੇਣ ਨਾਲ ਹੁੰਦੀ ਹੈ।
ਸਿੱਖ ਧਰਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਥਾਪਤ ਧਰਮ ਦੀ ਮਨੁੱਖਾਂ ਵਿੱਚ ਭੇਦ-ਭਾਵ ਕਰਨ ਵਾਲੀ ‘ਜਨੇਊ ਪ੍ਰਥਾ’ ਦਾ ਵਿਰੋਧ ਕੀਤਾ, ਉਥੇ ਹੀ ਰਾਜ ਸੱਤਾ ਲਈ ਮਨੁੱਖਾਂ ’ਤੇ ਜ਼ੁਲਮ ਕਰ ਰਹੇ ਧਾੜਵੀ ਮੁਗਲ ਬਾਬਰ ਨੂੰ ਜ਼ਾਬਰ ਕਹਿ ਲਲਕਾਰਿਆ, ਜਿਸ ਕਾਰਨ ਗੁਰੂ ਜੀ ਨੇ ਜੇਲ੍ਹ ਕੱਟੀ।
ਪੰਜਵੇਂ ਪਾਤਸ਼ਾਹ, ਕੁਰਬਾਨੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦੀ ਸਿੱਖ ਧਰਮ ਵਿੱਚ ਪਹਿਲੀ ਤੇ ਲਾਸਾਨੀ ਸ਼ਹਾਦਤ ਹੈ। ਗੁਰੂ ਅਰਜਨ ਦੇਵ ਜੀ ਨੂੰ ਦਿੱਲੀ ਦੇ ਮੁਗਲ਼ ਬਾਦਸ਼ਾਹ ਜਹਾਂਗੀਰ ਨੇ ਤੱਤੀ ਤਵੀ ’ਤੇ ਬਿਠਾ ਅਤੇ ਤੱਤੀ ਰੇਤ ਸਿਰ ’ਤੇ ਪਾ ਕੇ ਸ਼ਹੀਦ ਕੀਤਾ ਸੀ। ਗੁਰੂ ਜੀ ਦੀ ਸ਼ਹੀਦੀ ਬਾਰੇ ਜਹਾਂਗੀਰ ਆਪਣੀ ਸਵੈ-ਜੀਵਨੀ ‘ਤੁਜ਼ਕਿ ਜਹਾਂਗਿਰੀ’ ਵਿੱਚ ਲਿਖਦਾ ਹੈ, ‘ਤਿੰਨ ਚਾਰ ਪੁਸ਼ਤਾਂ ਤੋਂ ਉਨ੍ਹਾਂ ਇਸ ‘ਦੁਕਾਨੇ ਬਾਤਲ’ (ਸਿੱਖ ਧਰਮ) ਨੂੰ ਗਰਮ ਕਰ ਰੱਖਿਆ ਸੀ। ਕਿਤਨੇ ਚਿਰ ਤੋਂ ਮੇਰੇ ਮਨ ਵਿੱਚ ਇਹ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ (ਗੁਰੂ ਜੀ) ਨੂੰ ਮੁਸਲਮਾਨੀ ਮੱਤ ਵਿੱਚ ਲਿਆਉਣਾ ਚਾਹੀਦਾ ਹੈ।’
ਇਸ ਲਿਖਤ ਤੋਂ ਪਤਾ ਲੱਗਦਾ ਹੈ ਕਿ ਜਹਾਂਗੀਰ ਸਿੱਖ ਧਰਮ ਨੂੰ ਹੀ ਖ਼ਤਮ ਕਰਨਾ ਚਾਹੁੰਦਾ ਸੀ। ਇਸ ਸਥਿਤੀ ਵਿੱਚ ਦੋ ਹੀ ਰਾਹ ਸਨ, ਇੱਕ ਤਾਂ ਸਿੱਖੀ ਇਸਲਾਮ ਅਧੀਨ ਹੋ ਕੇ ਮਿੱਟ ਜਾਂਦੀ ਅਤੇ ਦੂਜਾ, ਸ਼ਹਾਦਤ ਕਰਕੇ ਜ਼ਿੰਦਾ ਰਹਿੰਦੀ। ਸੋ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਵਾਲਾ ਰਾਹ ਆਪ ਚੁਣਿਆ ਅਤੇ ਸਿੱਖ ਧਰਮ ਲਈ ਸ਼ਹਾਦਤ ਦਿੱਤੀ। ਇਸੇ ਲਈ ਸਿੱਖ ਗੁਰੂ ਅਰਜਨ ਦੇਵ ਜੀ ਨੂੰ ‘ਸ਼ਹੀਦਾਂ ਦੇ ਸਿਰਤਾਜ’ ਕਹਿੰਦੇ ਹਨ, ਜਿਨ੍ਹਾਂ ਦੀ ਸ਼ਹਾਦਤ ਨੇ ਸਿੱਖਾਂ ਅੰਦਰ ਧਰਮ ਲਈ ਸ਼ਹੀਦ ਹੋਣ ਦਾ ਜਜ਼ਬਾ ਭਰ ਦਿੱਤਾ।
ਮਨੁੱਖੀ ਹੱਕਾਂ ਅਤੇ ਦੂਜੇ ਧਰਮ ਦੇ ਲੋਕਾਂ ਦੀ ਰਾਖੀ ਲਈ ਸੰਸਾਰ ਦੀ ਅਦੁੱਤੀ ਅਤੇ ਪਹਿਲੀ ਸ਼ਹਦਾਤ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਨੇ ਦਿੱਤੀ ਸੀ। ਜਦੋਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ’ਤੇ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਜਬਰਨ ਮੁਸਲਮਾਨ ਬਣਾਇਆ ਜਾ ਰਿਹਾ ਸੀ, ਤਾਂ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਆ ਕੇ ਉਨ੍ਹਾਂ ਦਾ ਧਰਮ ਬਚਾਉਣ ਦੀ ਬੇਨਤੀ ਗੁਰੂ ਜੀ ਨੇ ਜਦੋਂ ਔਰੰਗਜ਼ੇਬ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਸੱਤਾਧਾਰੀਆਂ ਨੇ ਗੁਰੂ ਜੀ ਨੂੰ ਡਰਾਉਣ ਲਈ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ, ਪਰ ਗੁਰੂ ਜੀ ਆਪਣੇ ਧਰਮ ’ਤੇ ਦ੍ਰਿੜ੍ਹ ਰਹੇ। ਅੰਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ।
ਪੋਹ ਦੀ ਯਖ਼ ਠੰਡ, ਚਮਕੌਰ ਦੀ ਗੜ੍ਹੀ ਅਤੇ ਜੰਗ ਦਾ ਮੈਦਾਨ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਦੋ ਪੁੱਤਰਾਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਆਪ ਹੱਥੀਂ ਤਿਆਰ ਕਰਕੇ ਹਿੰਦੂ ਅਤੇ ਮੁਗਲ਼ ਰਾਜਿਆਂ ਦੀਆਂ ਫੌਜਾਂ ਨਾਲ ਲੜਨ-ਮਰਨ ਲਈ ਜੰਗ ਵੱਲ ਤੋਰਿਆ ਸੀ। ਜਦੋਂ ਲਖ਼ਤੇ ਜ਼ਿਗਰ ਦੋਵੇਂ ਸਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਗੜ੍ਹੀ ’ਤੇ ਖੜ੍ਹ ਕੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ’ ਦੇ ਜੈਕਾਰੇ ਲਾਏ ਅਤੇ ਨਗਾਰਾ ਵਜਾਇਆ।
ਸਿੱਖ ਧਰਮ ਵਿੱਚ ਮਿਲੀ ਸ਼ਹਾਦਤ ਦੀ ਗੁੱੜਤੀ ਕਰਕੇ ਹੀ ‘ਨਿੱਕੀਆਂ ਜਿੰਦਾਂ, ਵੱਡੇ ਸਾਕੇ’ ਇਤਿਹਾਸ ਵਿੱਚ ਦਰਜ ਹੋਏ ਹਨ। ਇਹ ਨਿੱਕੀਆਂ ਜਿੰਦਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਹਨ, ਜਿਨ੍ਹਾਂ ਨੇ ਸਿਰਫ 8 ਸਾਲ ਤੇ 5 ਸਾਲ ਦੀ ਉਮਰ ’ਚ ਧੱਕੇਸ਼ਾਹੀ ਤੇ ਜ਼ੁਲਮ ਖਿਲਾਫ਼ ਸ਼ਹਾਦਤ ਦਿੱਤੀ ।
ਸੂਬਾ ਸਰਹੰਦ ਦੇ ਠੰਢੇ ਬੁਰਜ ਵਿੱਚ ਕੈਦ ਦਾਦੀ ਮਾਂ ਗੁਜਰੀ ਜੀ ਦੇ ਪੋਤਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਇਸਲਾਮ ਧਰਮ ਕਬੂਲਣ ਲਈ ਸੂਬੇਦਾਰ ਵਜ਼ੀਰ ਖਾਨ ਦੀ ਕਚਿਹਰੀ ਵਿੱਚ ਤੀਜੀ ਵਾਰ ਪੇਸ਼ ਕੀਤਾ ਗਿਆ, ਪਰ ਗੁਰੂ ਲਾਲਾਂ ਨੇ ਸਹੂਲਤਮਈ ਜੀਵਨ ਮਾਰਗ ਛੱਡ ਕੇ ਸ਼ਹਾਦਤ ਦਾ ਮਾਰਗ ਚੁਣਿਆ। ਅੰਤ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਕੰਧਾਂ ’ਚ ਚਿਣ ਕੇ ਅਤੇ ਫਿਰ ਸਾਹ ਰਗਾਂ ਵੱਡ ਕੇ ਸ਼ਹੀਦ ਕਰ ਦਿੱਤਾ ਗਿਆ।
ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਸ਼ੁਰੂ ਹੋਈ ਸ਼ਹਾਦਤ (ਸ਼ਹੀਦੀ) ਸਿੱਖ ਧਰਮ ਦਾ ਅਟੁੱਟ ਅੰਗ ਬਣ ਗਈ ਹੈ। ਜਿਸ ਦੀ ਲੋਅ ਵਿੱਚ ਬਾਬਾ ਮੋਤੀ ਰਾਮ ਮਹਿਰਾ ਨੇ ਸੇਵਾ ਬਦਲੇ ਪਰਿਵਾਰ ਸਮੇਤ ਕੋਹਲੂ ਵਿੱਚ ਪੀੜੇ ਜਾਣ ਦੀ ਸਜ਼ਾ ਪ੍ਰਵਾਨ ਕੀਤੀ। ਸਿੱਖ ਮਾਂਵਾਂ ਨੇ ਛੋਟੇ- ਛੋਟੇ ਪੁੱਤਰਾਂ ਦੇ ਟੋਟੇ ਝੋਲੀਆਂ ਵਿੱਚ ਪਵਾਏ, ਸਿੱਖ ਅੱਗ ਵਿੱਚ ਸੜੇ, ਫਾਂਸੀਆਂ ’ਤੇ ਚੜ੍ਹੇ , ਚਰਖੜੀਆਂ ’ਤੇ ਚੜ੍ਹੇ , ਆਰੇ ਨਾਲ ਚੀਰੇ, ਸਰੀਰ ਤੋਂ ਪੁੱਠੀਆਂ ਖੱਲਾਂ ਉਤਰਵਾਈਆਂ ਅਤੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ, ਪਰ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਦਾ ‘ਉਚ ਆਦਰਸ਼’ ਨਹੀਂ ਛੱਡਿਆ।
ਸੰਪਰਕ: 94636-96700