ਜਤਿੰਦਰ ਸਿੰਘ ਬਾਵਾਸ੍ਰੀ ਗੋਇੰਦਵਾਲ ਸਾਹਿਬ, 9 ਜੂਨਸਰਕਲ ਗੋਇੰਦਵਾਲ, ਫਤਿਆਬਾਦ, ਖਡੂਰ ਸਾਹਿਬ ਨਾਲ ਸਬੰਧਿਤ ਸ਼ਰਾਬ ਦੇ ਠੇਕੇਦਾਰਾਂ ਦੀਆਂ ਮਨਮਾਨੀਆਂ ਅੱਗੇ ਆਬਕਾਰੀ ਵਿਭਾਗ ਦੇ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਠੇਕਿਆਂ ’ਤੇ ਤਾਇਨਾਤ ਕਰਿੰਦੇ ਕਥਿਤ ਤੌਰ ’ਤੇ ਆਬਕਾਰੀ ਵਿਭਾਗ ਦੇ ਨਿਯਮਾਂ ਨੂੰ ਦਰਕਿਨਾਰ ਕਰਕੇ ਗਲਾਸੀ ਸਿਸਟਮ ਨਾਲ ਸ਼ਰਾਬ ਵੇਚ ਕੇ ਆਬਕਾਰੀ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰ ਰਹੀ ਹੈ, ਉੱਥੇ ਹੀ ਸ਼ਰਾਬ ਠੇਕੇਦਾਰ ਪਿੰਡ-ਪਿੰਡ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿਹਾੜੀਦਾਰ ਅਤੇ ਕਾਮੇ ਆਪਣੀ ਥਕਾਵਟ ਲਾਹੁਣ ਲਈ ਸਰਕਾਰੀ ਠੇਕਿਆਂ ਤੋਂ ਸ਼ਰਾਬ ਖਰੀਦ ਰਹੇ ਹਨ ਪਰ ਠੇਕੇਦਾਰ ਮਨਮਰਜ਼ੀ ਦੇ ਰੇਟ ਵਸੂਲ ਕਰਕੇ ਉਨ੍ਹਾਂ ਨੂੰ ਲੁੱਟ ਕਰ ਰਹੇ ਹਨ। ਇਸ ਮੌਕੇ ਠੇਕੇ ’ਤੇ ਮੌਜੂਦ ਜਸਬੀਰ ਸਿੰਘ, ਪਲਵਿੰਦਰ ਸਿੰਘ ਅਤੇ ਸਕੱਤਰ ਸਿੰਘ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ਜਵਾਬ-ਤਲਬੀ: ਡੀਸੀਜ਼ਿਲ੍ਹੇ ਦੇ ਈਟੀਓ ਅਤੇ ਸਬੰਧਤ ਐਕਸਾਇਜ਼ ਇੰਸਪੈਕਟਰ ਨੇ ਫੋਨ ’ਤੇ ਆਪਣਾ ਪੱਖ ਦੇਣਾ ਜ਼ਰੂਰੀ ਨਹੀਂ ਸਮਝਿਆ ਪਰ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਆਖਿਆ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਘਟਨਾ ਤੋਂ ਬਾਅਦ ਜ਼ਿਲ੍ਹੇ ਭਰ ਦੇ ਸ਼ਰਾਬ ਠੇਕੇਦਾਰਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਰੇਟਾਂ ’ਤੇ ਸ਼ਰਾਬ ਵੇਚਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਜੇਕਰ ਸ਼ਰਾਬ ਠੇਕੇਦਾਰ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ ਤਾਂ ਸ਼ਿਕਾਇਤ ਆਉਣ ’ਤੇ ਕਾਰਵਾਈ ਹੋਵੇਗੀ। ਉਨ੍ਹਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਆਮ ਲੋਕਾਂ ਅਤੇ ਮੀਡੀਆ ਕਰਮੀਆਂ ਦੇ ਫੋਨ ਨਾ ਚੁੱਕਣ ਸਬੰਧੀ ਆਖਿਆ ਕਿ ਈਟੀਓ ਅਤੇ ਐਕਸਾਇਜ਼ ਇੰਸਪੈਕਟਰ ਕੋਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਣਾਈ ਦੂਰੀ ਦੀ ਰਿਪੋਰਟ ਲਈ ਜਾਵੇਗੀ। ਉੱਥੇ ਹੀ ਪਿੰਡ ਪੱਧਰ ’ਤੇ ਖੁੱਲ੍ਹੀਆਂ ਨਾਜਾਇਜ਼ ਬਰਾਂਚਾਂ ਦੀ ਜਾਂਚ ਹੋਵੇਗੀ।