ਸ਼ਰਤਾਂ ਦਾ ਉਲੰਘਣ: ਕਮਰਸ਼ੀਅਲ ਕਲੋਨੀ ਦਾ ਲਾਇਸੈਂਸ ਰੱਦ
ਜਸਬੀਰ ਸ਼ੇਤਰਾ
ਮੁੱਲਾਂਪੁਰ ਦਾਖਾ, 3 ਜੁਲਾਈ
ਮੁੱਲਾਂਪੁਰ ਦਾਖਾ ਦੀ ਇਕ ਵਪਾਰਕ ਕਲੋਨੀ ਦਾ ਲਾਇਸੈਂਸ ਸ਼ਰਤਾਂ ਦਾ ਉਲੰਘਣ ਹੋਣ ਕਰਕੇ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰਪਾਲ ਸਿੰਘ ਵਲੋਂ ਪਾਪਰਾ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ। ਏਡੀਸੀ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਲੈਕ ਸਟਰੀਟ ਕਮਰਸ਼ੀਅਲ ਕਲੋਨੀ ਮੁੱਲਾਂਪੁਰ ਦਾਖਾ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਕਲੋਨਾਈਜ਼ਰ ਵਿਰੁੱਧ ਇਹ ਕਾਰਵਾਈ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਉਪਰੰਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਹੁਕਮਾਂ ਵਿੱਚ ਅੱਗੇ ਕਿਹਾ ਕਿ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ ਅੰਦਰ ਲੈਕ ਸਟਰੀਟ ਕਮਰਸ਼ੀਅਲ ਕਲੋਨੀ ਦੇ ਕਲੋਨਾਈਜ਼ਰ ਵਲੋਂ ਈਡੀਸੀ ਦੀ ਬਣਦੀ ਕਿਸ਼ਤ ਨੰਬਰ ਪੰਜ ਜਮ੍ਹਾਂ ਨਹੀਂ ਕਰਵਾਈ।
ਉਨ੍ਹਾਂ ਦੱਸਿਆ ਕਿ ਕਲੋਨਾਈਜ਼ਰ ਨੂੰ ਪੱਤਰ ਵਿਵਹਾਰ ਰਾਹੀਂ ਵਾਰ-ਵਾਰ ਸੂਚਿਤ ਕੀਤਾ ਗਿਆ। ਪਰ ਕਲੋਨਾਈਜ਼ਰ ਨੇ 31-10-2024 ਤਕ ਈਡੀਸੀ ਦੀ ਬਣਦੀ ਬਕਾਇਦਾ ਕਿਸ਼ਤ ਜਮ੍ਹਾਂ ਨਹੀਂ ਕਰਵਾਈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਲੋਨਾਈਜ਼ਰ ਵਲੋਂ ਈਡੀਸੀ ਦੀ ਬਣਦੀ ਕਿਸ਼ਤ ਜਮ੍ਹਾਂ ਨਾ ਕਰਵਾ ਕੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਦਾ ਉਲੰਘਣਾ ਕੀਤਾ ਹੈ ਜਿਸਦੇ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰਪਾਲ ਸਿੰਘ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਲੈਕ ਸਟਰੀਟ ਕਮਰਸ਼ੀਅਲ ਕਲੋਨੀ ਦੇ ਕਲੋਨਾਈਜ਼ਰ ਵਲੋਂ ਈਡੀਸੀ ਦੀ ਬਣਦੀ ਬਕਾਇਆ ਕਿਸ਼ਤ ਤੁਰੰਤ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਤਾਂ ਇਸ ਸਬੰਧੀ ਨਰਮੀ ਵਰਤੀ ਜਾ ਸਕਦੀ ਹੈ।