ਸ਼ਮਸ਼ਾਨਘਾਟ ਦਾ ਵਿਰੋਧ: ਅੰਗੀਠੇ ’ਚ ਗੰਦਗੀ ਸੁੱਟਣ ਵਾਲੇ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ
ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਫ਼ਰਵਰੀ
ਥਾਣਾ ਬਾਘਾਪੁਰਾਣਾ ਦੇ ਪਿੰਡ ਸੰਗਤਪੁਰਾ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਪਿਓ-ਪੁੱਤ ਆਪਣੇ ਘਰ ਨੇੜਨੇ ਸ਼ਮਸ਼ਾਨਘਾਟ ਦਾ ਵਿਰੋਧ ਕਰ ਰਹੇ ਹਨ। ਮੁਲਜ਼ਮ ਸ਼ਮਸ਼ਾਨਘਾਟ ’ਚ ਕਿਸੇ ਵਿਅਕਤੀ ਦੇ ਸਸਕਾਰ ਮਗਰੋਂ ਅੰਗੀਠੇ ਵਿੱਚ ਕੁੱਤਿਆਂ ਅਤੇ ਪਸ਼ੂਆਂ ਦੀ ਕਥਿਤ ਗੰਦਗੀ ਸੁੱਟ ਦਿੰਦੇ ਹਨ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਲੋਕਾਂ ਨੇ ਅੰਗੀਠੇ ’ਚ ਸੁੱਟੀ ਜਾਂਦੀ ਗੰਦਗੀ ਵਿਰੁੱਧ ਮੁਜ਼ਾਹਰਾ ਕੀਤਾ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੁਲਜ਼ਮ ਖ਼ਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ। ਮੁਲਜ਼ਮਾਂ ’ਤੇ ਸਸਕਾਰ ਵਾਲੀ ਭੱਠੀ ਤੋੜਨ ਦਾ ਦੋਸ਼ ਵੀ ਹੈ। ਥਾਣਾ ਬਾਘਾਪੁਰਾਣਾ ਪੁਲੀਸ ਨੇ ਭਾਰਤੀ ਨਿਆਂ ਸੰਘਤਾਂ ਦੀਆਂ ਧਰਾਵਾਂ ਤਹਿਤ ਮੁਲਜ਼ਮ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਬਾਘਾਪੁਰਾਣਾ ਦੇ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਬਿੱਟੂ ਸਿੰਘ ਪਿੰਡ ਸੰਗਤਪੁਰਾ ਦੀ ਸ਼ਿਕਾਇਤ ਉੱਤੇ ਰੂਪ ਸਿੰਘ ਅਤੇ ਉਸ ਦੇ ਪੁੱਤਰ ਜੋਗਿੰਦਰ ਸਿੰਘ ਉਰਫ਼ ਗੋਰਾ ਖ਼ਿਲਾਫ਼ ਭਾਰਤੀ ਨਿਆਂ ਸੰਘਤਾ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਬਿੱਟੂ ਸਿੰਘ ਮੁਤਾਬਕ ਉਸ ਦੇ ਪਿਤਾ ਬਲਵੀਰ ਸਿੰਘ ਦੀ 12 ਜਨਵਰੀ ਨੂੰ ਮੌਤ ਹੋ ਗਈ ਸੀ ਅਤੇ ਉਸੇ ਦਿਨ ਸਸਕਾਰ ਕਰ ਦਿੱਤਾ ਗਿਆ ਸੀ। ਜਦੋਂ ਉਹ 14 ਜਨਵਰੀ ਨੂੰ ਅਸਥੀਆਂ ਚੁਗਣ ਗਏ ਤਾਂ ਸਿਵੇ ’ਚ ਕੁੱਤਿਆਂ ਦਾ ਗੰਦ, ਗੋਹਾ ਤੇ ਹੋਰ ਗੰਦਗੀ ਪਈ ਸੀ। ਉਨ੍ਹਾਂ ਗੰਦਗੀ ਪਾਸੇ ਕਰ ਕੇ ਅਸਥੀਆਂ ਚੁਗ ਲਈਆਂ ਪਰ ਉਨ੍ਹਾਂ ਨੂੰ ਕਾਫੀ ਔਖ ਦਾ ਸਾਹਮਣਾ ਪਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰੂਪ ਸਿੰਘ ਦੇ ਘਰ ਦੇ ਪਿੱਛੇ ਸ਼ਮਸ਼ਾਨਘਾਟ ਹੋਣ ਕਾਰਨ ਉਹ ਵਿਰੋਧ ਕਰ ਰਿਹਾ ਹੈ। ਉਸ ਨੇ 31 ਜਨਵਰੀ ਨੂੰ ਸਸਕਾਰ ਕਰਨ ਵਾਲੀ ਭੱਠੀ ਦੀ ਭੰਨ੍ਹ-ਤੋੜ ਕਰ ਦਿੱਤੀ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਵੀਡੀਓ ਸਬੂਤ ਵਜੋਂ ਪੇਸ਼ ਕੀਤੀ ਹੈ।
ਪਿੰਡ ਸੰਗਤਪੁਰਾ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਾਲ 2023 ਵਿੱਚ ਪੰਚਾਇਤ ਵੱਲੋਂ ਐੱਸੀਸੀ ਭਾਈਚਾਰੇ ਦੀ ਮੰਗ ਉੱਤੇ ਇਥੇ ਸ਼ਮਸ਼ਾਨਘਾਟ ਲਈ ਥਾਂ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਐੈੱਸਸੀ ਭਾਈਚਾਰੇ ਦਾ ਸ਼ਮਸ਼ਾਨਘਾਟ ਪਿੰਡ ਤੋਂ ਕਰੀਬ 3 ਕਿਲੋ ਮੀਟਰ ਦੂਰ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਰ ਕੇ ਪਿੰਡ ਦੇ ਕੋਲ ਐੱਸਸੀ ਸਮਾਜ ਲਈ ਸ਼ਮਸ਼ਾਨਘਾਟ ਬਣਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਰੂਪ ਸਿੰਘ ਦੇ ਘਰ ਦੇ ਪਿਛਲੇ ਪਾਸੇ ਸ਼ਮਸ਼ਾਨਘਾਟ ਹੋਣ ਕਾਰਨ ਉਹ ਇਸ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਭਾਵੇਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਇਹ ਮਾਮਲਾ ਬਹੁਤ ਗੰਭੀਰ ਹੈ। ਜੇ ਪ੍ਰਸ਼ਾਸਨ ਤੇ ਪੁਲੀਸ ਨੇ ਸਖ਼ਤ ਕਾਰਵਾਈ ਨਾ ਕੀਤੀ ਤਾਂ ਅਗਾਮੀ ਸਮੇਂ ਕੋਈ ਵੀ ਵੱਡੀ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਿਲਾਂ ਇਸੇ ਜਗ੍ਹਾ ਨਾਲ ਕਿਸੇ ਵਿਅਕਤੀ ਵੱਲੋਂ ਸ਼ਮਸ਼ਾਨਘਾਟ ਲਈ ਦਾਨ ਕੀਤੀ ਗਈ 12 ਮਰਲੇ ਜਗ੍ਹਾ ਉੱਤੇ ਵੀ ਮੁਲਜ਼ਮ ਵੱਲੋਂ ਕਥਿਤ ਰੂਪ ਵਿੱਚ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਵੀ ਕਬਜ਼ਾ ਛੁਡਵਾਇਆ ਜਾਵੇ।