ਸ਼ਬਦ ਮਹਿਮਾ
ਜਗਦੀਪ ਸਿੱਧੂ
ਜ਼ਿੰਦਗੀ ਵਿੱਚ ਬਹੁਤ ਕੁਝ ਵਿਸਰ ਗਿਆ ਪਰ ਇੰਨੇ ਸਭ ਕਾਸੇ ਵਿੱਚੋਂ ਕਦੇ ਲੱਗੇਗਾ ਨਹੀਂ ਕਿ ਕੁਝ ਭੁੱਲ ਗਿਆ। ਯੂਟਿਊਬ ’ਤੇ ਨਾਟਕ ਚੱਲਦਾ ਹੁੰਦਾ ‘ਪੇਂਡੂ ਵਿਰਸਾ’ ਜਿਹੜਾ ਸਾਡੇ ਪਿੰਡਾਂ ਵੱਲ ਮਾਨਸਾ ਵੰਨੀ, ਉੱਥੇ ਦੇ ਲੋਕ ਹੀ ਫਿਲਮਉਂਦੇ। ਇਕ ਪਾਤਰ ਬੋਲਦਾ: “ਕਿਵੇਂ ਟੀਂਡਰਿਆ ਫਿਰਦਾ।” ਮੇਰੇ ਹੋਠਾਂ ’ਤੇ ਮੁਸਕਰਾਹਟ ਆ ਗਈ। ਇਹ ਸ਼ਬਦ ਮੈਨੂੰ ਕਿੱਥੇ ਲੈ ਗਿਆ- ਘਰਾਂ ’ਚੋਂ ਲੱਗਦੀ ਮਾਸੀ ਬੋਲੀ, “ਕਿਵੇਂ ਟੀਂਡਰਿਆ ਫਿਰਦਾ।” ਸ਼ਬਦ ਦਾ ਅਰਥ ਹੈ- ਖਿਝਿਆ-ਖਿਝਿਆ, ਰੁੱਸਿਆ-ਰੁੱਸਿਆ ਜਿਹਾ। ਇਸ ਨਾਲ ਮੈਂ ਇਹ ਸੋਹਣੇ ਸ਼ਬਦ ਵੀ ਯਾਦ ਰੱਖੂੰਗਾ ਜੋ ਹੈ ਤਾਂ ਮੇਰੀ ਭਾਸ਼ਾ ਦੇ ਹੀ।
ਫਿਰ ਮੈਨੂੰ ਇਕ ਗੱਲ ਸੁੱਝੀ, ਪੁਰਾਣੇ ਭੁੱਲੇ-ਵਿਸਰੇ ਸ਼ਬਦ ਯਾਦ ਕਰਨੇ, ਲੱਭਣੇ ਸ਼ੁਰੂ ਕਰ ਦਿੱਤੇ। ਸ਼ਬਦਾਂ ਨਾਲ ਕਿਸੇ ਦੇ ਕਹੇ ਹੋਏ ਬੋਲ, ਕਹਾਣੀਆਂ ਖੁੱਲ੍ਹਣ ਲੱਗੀਆਂ। ਮੈਂ ਆਮ ਬੋਲਚਾਲ ’ਚੋਂ ਵੀ ਉਹੋ ਜਿਹੇ ਸ਼ਬਦ ਟੋਹਣੇ ਸ਼ੁਰੂ ਕੀਤੇ। ਪਤਨੀ ਨੇ ਕਿਹਾ- “ਐਤਕੀਂ ਠੰਢ ਬਹੁਤ ਪਊ।” ਇਕਦਮ ਜ਼ਿਹਨ ਵਿੱਚ ‘ਐਤਕੀਂ’ ਦੇ ਬਦਲਵੇਂ ਸ਼ਬਦ ਆਉਣ ਲੱਗੇ। ‘ਤੋਕੀ’ ਸ਼ਬਦ ਗੂੰਜਣ ਲੱਗਾ। ਮੇਰੀ ਭੂਆ ਦੀ ਕੁੜੀ ਮਾਨਸਾ ਦੇ ਕਸਬੇ ਝੁਨੀਰ ਨੇੜੇ ਪਿੰਡ ਝੰਡੂਕੇ ਵਿਆਹੀ ਹੋਈ ਹੈ। ਉਨ੍ਹਾਂ ਦੇ ਇਲਾਕੇ ਵਿੱਚ ਐਤਕੀਂ ਨੂੰ ਤੋਕੀ ਬੋਲਿਆ ਜਾਂਦਾ। ਫਿਰ ਦਿਮਾਗ਼ ’ਤੇ ਹੋਰ ਜ਼ਰਾ ਜ਼ੋਰ ਦੇਣ ’ਤੇ ਕਿੰਨੀਆਂ ਗੱਲਾਂ ਯਾਦ ਆਉਣ ਲੱਗੀਆਂ। ਮੇਰੀ ਭੂਆ ਦਾ ਦੋਹਤਾ ਲੱਗਭੱਗ ਮੇਰਾ ਹਮਉਮਰ ਹੈ, ਉਹਦਾ ਬੋਲਿਆ ਬਚਪਨ ਦਾ ਸ਼ਬਦ ਯਾਦ ਆਇਆ- “ਤੋਕੀ ਮੈਂ ਛੁੱਟੀਆਂ ’ਚ ਨਾਨਕੀਂ ਜਾਊਂਗਾ।” ਆਪਣੇ ਵੀ ਨਾਨਕਿਆਂ, ਛੁੱਟੀਆਂ ਦੇ ਕਿੰਨੇ ਮੰਜ਼ਰ ਖੁੱਲ੍ਹਣ ਲੱਗੇ।
ਹੁਣੇ-ਹੁਣੇ ਪ੍ਰੀਤਮ ਰੁਪਾਲ ਦਾ ਫੋਨ ਆਇਆ, ਗੱਲ ਹੋਈ, ਉਨ੍ਹਾਂ ਕਿਸੇ ਪ੍ਰਸੰਗ ਵਿੱਚ ਕਿਹਾ ਕਿ ਫਲਾਣਾ ਤਾਂ ਕਿਸੇ ਨੂੰ ‘ਪਤੀਜਦਾ’ ਨ੍ਹੀਂ। ਮੈਂ ਵਰਤਮਾਨ ਤੋਂ ਇਕਦਮ ਅਤੀਤ ਵੱਲ ਮੁੜ ਗਿਆ। ਕਿੰਨੇ ਰਲਵੇਂ-ਮਿਲਵੇਂ ਬੋਲ ਕੰਨਾਂ ’ਚ ਗੂੰਜੇ- “ਜਿੱਥੇ ਜਾਨਾਂ, ਉੱਥੇ ਪਤੀਜਦਾ ਕੋਈ ਤੈਨੂੰ?... ਕਾਹਦਾ ਵਿਆਹ ਸੀ ਯਾਰ, ਕਿਸੇ ਨੇ ਪਤੀਜਿਆ ਹੀ ਨ੍ਹੀਂ।” ਪਿੰਡ ਬੱਝ ਗਿਆ; ਉੱਥੇ ਖ਼ੁਦ ਨੂੰ ਮਹਿਸੂਸ ਕੀਤਾ, ਕਿੰਨਾ ਕੁਝ ਯਾਦ ਆਇਆ। ਪਤੀਜਿਆ ਤੋਂ ਇੱਥੇ ਭਾਵ ‘ਨਾ ਸਿਆਣਨਾ’, ‘ਪੁੱਛ-ਗਿੱਛ ਨਾ ਹੋਣ’ ਤੋਂ ਹੈ। ਦੇਖੋ, ਇਸ ਨਾਲ ਇਕ ਹੋਰ ਫਾਇਦਾ ਵੀ ਹੋਇਆ, ਕਿੰਨੇ ਹੋਰ ਪਿਆਰੇ ਸ਼ਬਦ- ਸਿਆਣਨਾ, ਪੁੱਛ-ਗਿੱਛ ਦੀ ਉਮਰ ਵੀ ਲੰਮੀ ਹੋਵੇਗੀ।
ਥੋੜ੍ਹੇ ਦਿਨ ਪਹਿਲਾਂ ਸ਼ਬਦ ਸੁਣੇ- ‘ਰੀਣ ਕੁ’, ‘ਗੱਭੇ’। ਇਨ੍ਹਾਂ ਸ਼ਬਦਾਂ ਨੇ ਮੇਰੇ ਕਿੰਨੇ ਵਰ੍ਹੇ ਰੌਸ਼ਨ ਕਰ ਦਿੱਤੇ। ਸਾਡੇ ਮਾਨਸਾ ਧਾਗਾ ਮਿਲ ਹੁੰਦੀ ਸੀ। ਉਸ ਵਿੱਚ ਕੰਮ ਕਰਨ ਵਾਲੇ ਛੋਟੇ ਮੁਲਾਜ਼ਮ ਤੋਂ ਲੈ ਕੇ ਅਫਸਰ ਤੱਕ ਦੂਰੋਂ-ਦੂਰੋਂ ਆਏ ਸਨ। ਸਾਡੇ ਘਰ ਕੋਲ ਦੁਆਬੇ ਦੇ ਪਿੰਡ ਤੋਂ ਉੱਥੇ ਕੰਮ ਕਰਦਾ ਇਕ ਅਫਸਰ ਵੀ ਰਹਿੰਦਾ ਸੀ। ਉਹਦਾ ਪਰਿਵਾਰ ਕੁਝ ਅਜਿਹੇ ਸ਼ਬਦ ਬੋਲਦਾ ਜੀਹਦਾ ਸਾਨੂੰ ਮਤਲਬ ਪਤਾ ਨਾ ਹੁੰਦਾ। ਜਦ ਸ਼ਬਦਾਂ ਤੋਂ ਜਾਣੂ ਹੋਏ, ਉਹ ਚਲੇ ਗਏ।
ਜਦੋਂ ਵਰ੍ਹਿਆਂ ਬਾਅਦ ਜਲੰਧਰ, ਮਾਹਿਲਪੁਰ ਪੜ੍ਹਨ ਗਿਆ ਤਾਂ ਉਹ ਫਿਰ ਚੇਤੇ ਆ ਗਏ। ਹੁਣ ਉਨ੍ਹਾਂ ਸ਼ਬਦਾਂ ਦੇ ਬਦਲਵੇਂ ਸ਼ਬਦ ਜ਼ਿਹਨ ’ਚ ਲਿਆਂਦੇ- ਥੋੜ੍ਹਾ, ਜ਼ਰਾ, ਵਿਚਾਲੇ, ਵਿੱਚ; ਆਪਣੀ ਭਾਸ਼ਾ ਦੀ ਅਮੀਰੀ ’ਤੇ ਰਸ਼ਕ ਆਇਆ। ਇਸ ਨਾਲ ਮੈਨੂੰ ਲਿਖਣ ਵਿੱਚ ਵੀ ਫਾਇਦਾ ਹੋਵੇਗਾ, ਵਾਕਾਂ ਦੀ ਲੈਅ ਬਣਾਉਣ ਵੇਲੇ ਹੌਲੇ, ਭਾਰੇ ਜਾਂ ਹੋਰ ਢੁਕਵੇਂ ਸ਼ਬਦ ਵਰਤੇ ਜਾਣਗੇ।
ਜਦ ਤੋਂ ਪੜ੍ਹਨ ਲਿਖਣ ਵੱਲ ਆਇਆਂ, ਕਈ ਸ਼ਬਦ ਸੁਣ ਕੇ ਹੈਰਾਨ ਹੁੰਨਾ। ‘ਪਸ਼ੇਮਾਂ’ ਸ਼ਬਦ ਊਰਦੂ ਦਾ ਹੈ, ਮੈਨੂੰ ਚੇਤੇ ਆਉਂਦਾ ਕਿ ਇਹ ਤਾਂ ਮੇਰੀ ਮਾਂ ਬੋਲਦੀ ਹੁੰਦੀ ਸੀ; ਉਹ ਚੇਤੇ ਆਈ, ਉਹ ਗੱਲ-ਗੱਲ ’ਤੇ ਕਹਿੰਦੀ, “ਮੈਂ ਤਾਂ ਬਹੁਤ ਪਸ਼ੇਮਾਂ ਹੋਈ।”
ਇਸ ਦਾ ਮਤਲਬ ਸ਼ਰਮਿੰਦਗੀ ਦਾ ਅਹਿਸਾਸ ਹੋਣਾ ਹੈ। ਫਿਰ ਮੈਂ ਇਹਦੇ ਨਾਲ ਦੇ ਹੋਰ ਸ਼ਬਦ ਚੇਤੇ ਕਰਨ ਦੇ ਰਾਹ ਤੁਰ ਪਿਆ।
ਇਕ ਗੱਲ ਹੋਰ ਵੀ ਕਰਨ ਵਾਲੀ ਹੈ ਕਿ ਸ਼ਬਦ ਨਵੇਂ ਹੋਣ ਜਾਂ ਪੁਰਾਣੇ ਜਾਂ ਕਿਸੇ ਵਿਸ਼ੇਸ਼ ਖਿੱਤੇ ਨਾਲ ਸਬੰਧਿਤ, ਉਹ ਬਸ ਅਰਥਾਂ ਦੀ ਤਰਜਮਾਨੀ ਕਰਦੇ ਹੋਣ। ਥੋੜ੍ਹੇ ਦਿਨ ਪਹਿਲਾਂ ਇਕ ਬੱਚਾ ਹੀ ਮੈਨੂੰ ਮੇਰੇ ਬਚਪਨ ਵੱਲ ਲੈ ਗਿਆ। ਸਹੁਰਿਆਂ ਵੱਲੋਂ ਲੱਗਦੀ ਭਾਣਜੀ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਹਰਖ ਕੇ ਕਿਹਾ ਕਿ ਮੈਂ ਤੈਨੂੰ ‘ਲੋਟ’ ਕਰ ਦੇਊਂ। ਇਹ ਸ਼ਬਦ ਇੱਥੇ ਬਹੁਤ ਢੁਕਵਾਂ ਲੱਗਦਾ, ਮੈਂ ਹੋਰ ਸ਼ਬਦ ਵੀ ਲਗਾ ਕੇ ਦੇਖੇ, ‘ਠੀਕ’ ਨਹੀਂ ਆਏ।
ਕਦੇ-ਕਦੇ ਸੋਚਦਾਂ, ਜਿਹੜੇ ਸ਼ਬਦ ਹੁਣ ਪ੍ਰਚਲਿਤ ਨੇ; ਜਿਹੜੇ ਮੈਂ ਇਸ ਲੇਖ ਵਿੱਚ ਵਰਤੇ ਨੇ, ਫਿਰ ਕਦੇ ਕਿਸੇ ਸਮੇਂ ਇਹ ਪ੍ਰਚਲਿਤ ਨਾ ਹੋਏ ਤਾਂ ਮੈਂ ਇਨ੍ਹਾਂ ਸ਼ਬਦਾਂ ਨੂੰ ਯਾਦ ਕਰ ਕੇ ਬੜਾ ਕੁਝ ਭੁੱਲਿਆ ਚੇਤੇ ਕਰਾਂਗਾ। ਇਹ ਵੀ ਯਾਦ ਕਰਾਂਗਾ ਕਿ ਇਨ੍ਹਾਂ ਨਾਲ ਕਦੇ ਭੁੱਲ ਚੁੱਕੇ ਸ਼ਬਦਾਂ ਬਾਰੇ ਵੀ ਲਿਖਿਆ ਸੀ... ਇਉਂ ਸ਼ਬਦਾਂ ਦੀ ਉਮਰ ਵੱਡੀ ਹੋਵੇਗੀ।
ਸੰਪਰਕ: 82838-26876