ਸਵੱਛ ਭਾਰਤ ਮਿਸ਼ਨ ਦੇ ਕਾਰਜਕਾਰੀ ਉਪ ਚੇਅਰਮੈਨ ਯਮੁਨਾਨਗਰ ਪੁਜੇ
ਪੱਤਰ ਪ੍ਰੇਰਕ
ਯਮੁਨਾ ਨਗਰ, 13 ਅਪਰੈਲ
ਸਵੱਛ ਭਾਰਤ ਮਿਸ਼ਨ ਦੇ ਕਾਰਜਕਾਰੀ ਉਪ ਚੇਅਰਮੈਨ ਸੁਭਾਸ਼ ਚੰਦਰ ਦਾ ਇੱਥੇ ਆਉਣ ’ਤੇ ‘ਏਕ ਸੋਚ ਨਈ ਸੋਚ’ ਸੰਗਠਨ ਦੇ ਸੰਸਥਾਪਕ ਅਤੇ ਨਗਰ ਨਿਗਮ ਦੇ ਬ੍ਰਾਂਡ ਅੰਬੈਸਡਰ ਸ਼ਸ਼ੀ ਗੁਪਤਾ ਨੇ ਸਵਾਗਤ ਕੀਤਾ ।
ਇਸ ਮੌਕੇ ਸ਼ਸ਼ੀ ਗੁਪਤਾ ਨੇ ਸੁਭਾਸ਼ ਚੰਦਰ ਨੂੰ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ, ਨਗਰ ਨਿਗਮ ਅਤੇ ਜ਼ਿਲ੍ਹਾ ਪਰਿਸ਼ਦ ਵੱਲੋਂ ਜ਼ਿਲ੍ਹਾ ਪੱਧਰ ‘ਤੇ ਨਿਰੰਤਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਹਰੇਕ ਘਰ ਦੇ ਕੂੜੇ ਨੂੰ ਬਾਇਓ-ਵੇਸਟ ਵਿੱਚ ਵੱਖ ਵੱਖ ਕੀਤਾ ਜਾ ਸਕੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਨਿਰੰਤਰ ਜਾਗਰੂਕਤਾ ਮੁਹਿੰਮ ਚਲਾਏ ਜਾਣ ਕਰਕੇ ਦਿਨ ਪ੍ਰਤੀ ਦਿਨ ਬਹੁਤ ਘੱਟ ਥਾਵਾਂ ’ਤੇ ਕੂੜਾ ਦਿਖਾਈ ਦਿੰਦਾ ਹੈ।
ਸ੍ਰੀ ਗੁਪਤਾ ਨੇ ਸੁਝਾਅ ਦਿੱਤਾ ਕਿ ਸਵੇਰੇ ਬਾਜ਼ਾਰਾਂ ਵਿੱਚ ਦੁਕਾਨਾਂ ਤੋਂ ਕੂੜਾ ਇਕੱਠਾ ਕਰਨ ਲਈ ਇੱਕ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ, ਇਸ ਨਾਲ ਪੂਰੇ ਹਰਿਆਣਾ ਵਿੱਚ ਸਫਾਈ ਪ੍ਰਣਾਲੀ ਵਿੱਚ ਸੁਧਾਰ ਹੋਵੇਗਾ ਅਤੇ ਇਸ ਦੇ ਨਾਲ ਹੀ ਨਦੀਆਂ ਵਿੱਚ ਰਸਾਇਣਾਂ ਵਾਲੀਆਂ ਮੂਰਤੀਆਂ ਅਤੇ ਪੂਜਾ ਸਮੱਗਰੀ ਦੇ ਵਹਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਣੀ ਚਾਹੀਦੀ ਹੈ। ਇਸ ਨਾਲ ਹਰਿਆਣਾ ਦੇ ਸਾਰੇ ਘਾਟ ਸਾਫ਼ ਅਤੇ ਸੁੰਦਰ ਹੋ ਜਾਣਗੇ। ਸਫਾਈ ਮੁਹਿੰਮ ਚਲਾ ਕੇ ਅਤੇ ਜਨਤਕ ਥਾਵਾਂ ‘ਤੇ ਪੇਂਟਿੰਗ ਕਰਵਾ ਕੇ ਸਫਾਈ ਨੂੰ ਇੱਕ ਜਨ ਲਹਿਰ ਬਣਾਉਆ ਚਾਹੀਦਾ ਹੈ ਜਿਸ ਦੇ ਨਾਲ ਸਵੱਛ ਭਾਰਤ, ਸਿਹਤਮੰਦ ਭਾਰਤ ਅਤੇ ਖੁਸ਼ਹਾਲ ਭਾਰਤ ਦੀ ਸਿਰਜਣਾ ਹੋਵੇਗੀ ।