ਸਵਾਲ...
ਕੁਲਵਿੰਦਰ ਸਿੰਘ ਮਲੋਟ
ਮੇਰੇ ਸਕੂਲ ਵਿੱਚ ਦੋ ਅਧਿਆਪਕਾਵਾਂ ਨੇ ਆਰਜ਼ੀ ਸੇਵਾ ਤੋਂ ਬਾਅਦ ਰੈਗੂਲਰ ਹੋਣਾ ਸੀ। ਖੁਸ਼ੀ ਨਾਲ ਉਨ੍ਹਾਂ ਨੂੰ ਇਸ ਕੰਮ ਲਈ ਸ਼ਰਤਾਂ ਪੂਰਾ ਕਰਨ ਦਾ ਫਿਕਰ ਵੀ ਸੀ। ਮੇਰੇ ਨਾਲ ਗੱਲ ਕਰਦਿਆਂ ਮੈਡੀਕਲ ਫਿਟਨੈਸ ਸਰਟੀਫਿਕੇਟ ਬਣਾਉਣ ਦਾ ਜ਼ਿਕਰ ਹੋਇਆ ਤਾਂ ਮੈਂ ਆਖ ਦਿੱਤਾ ਸੀ, “ਬਸ! ਪੰਜ-ਪੰਜ ਸੌ ਰੁਪਏ ਸਾਰੇ ਦੇ ਦਿਓ ਇੱਕਠੇ ਕਰ ਕੇ, ਸਰਟੀਫਿਕੇਟ ਬਣ ਜਾਵੇਗਾ।” ਇੱਕ ਅਧਿਆਪਕਾ ਜੋ ਮੇਰੇ ਸੁਭਾਅ ਤੋਂ ਜਾਣੂ ਸੀ, ਮੇਰੇ ਵੱਲ ਦੁਬਾਰਾ ਦੇਖਦੇ ਕਹਿਣ ਲੱਗੀ, “ਇਹ ਤੁਸੀਂ ਕਹਿ ਰਹੇ ਹੋ!!” “ਹਾਂ, ਇਹ ਮੈਂ ਹੀ ਕਹਿ ਰਿਹਾਂ। ਕਲਮ ਦਾ ਲਿਖਿਆ ਆਪਣੇ ਕੰਮ ਵਿੱਚ ਰੁਕਾਵਟ ਵੀ ਪਾ ਸਕਦਾ ਤੇ ਦੇਰੀ ਵੀ ਕਰਵਾ ਸਕਦਾ।”
ਉਸ ਨਾਲ ਗੱਲ ਕਰਦਿਆਂ ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਸਾਕਾਰ ਹੋ ਰਿਹਾ ਸੀ ਜਦੋਂ ਜੇਬੀਟੀ ਵਾਲੀ ਨਿਯੁਕਤੀ ਲਈ ਸਾਨੂੰ ਮੈਡੀਕਲ ਫਿਟਨੈਸ ਸਰਟੀਫਿਕੇਟ ਬਣਾਉਣ ਦੀ ਲੋੜ ਪਈ ਸੀ। ਬਣਦੀ ਫੀਸ ਬੈਂਕ ਵਿੱਚ ਜਮ੍ਹਾਂ ਕਰਵਾਉਣ ਤੋਂ ਬਾਅਦ ਖੂਨ ਪਿਸ਼ਾਬ ਦੇ ਟੈਸਟ ਚਾਲੂ ਜਿਹੇ ਢੰਗ ਨਾਲ ਕਰਵਾਉਣ ਤੋਂ ਬਾਅਦ ਸਾਨੂੰ ਕੋਟਕਪੂਰੇ ਐਕਸਰੇ ਕਰਵਾਉਣ ਲਈ ਭੇਜ ਦਿੱਤਾ ਗਿਆ। ਜਦੋਂ ਵਾਪਸ ਪਹੁੰਚੇ ਤਾਂ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਚੁੱਕਾ ਸੀ। ਇੱਕ ਘੰਟੇ ਤੱਕ ਹੋਰ ਕੰਮ ਨਾ ਹੁੰਦਾ ਦੇਖ ਮੈਂ ਆਪਣੇ ਦੋ ਸਾਥੀਆਂ ਸਮੇਤ ਕਚਿਹਰੀਆਂ ਵਿੱਚ ਹਲਫੀਆ ਬਿਆਨ ਬਣਾਉਣ ਚਲਾ ਗਿਆ। ਵਾਪਸ ਆਏ ਤਾਂ ਮੈਡੀਕਲ ਫਿਟਨੈਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਗੇਟ ’ਤੇ ਖੜ੍ਹਾ ਕਰਮਚਾਰੀ ਆਪਣੀ ‘ਸੇਵਾ’ ਲੈ ਕੇ ਨਜ਼ਰਾਂ ਚੈੱਕ ਕਰਵਾਉਣ ਦੀ ਸੇਵਾ ਕਰ ਰਿਹਾ ਸੀ ਤੇ ਫਿਰ ਡਾਕਟਰ ਕੋਲ ਬੈਠਣ ਦਾ ਇਸ਼ਾਰਾ ਕਰ ਰਿਹਾ ਸੀ। ਮੈਂ ਵੀ ਗੇਟ ਕੋਲ ਆਪਣੀ ਵਾਰੀ ਉਡੀਕਦਿਆਂ ਧਿਆਨ ਪੂਰਵਕ ਸਾਹਮਣੇ ਲਿਖੇ ਵੱਡੇ ਛੋਟੇ ਅੱਖਰ ਪੜ੍ਹ ਲਏ ਸਨ। ਡਾਕਟਰ ਕੋਲ ਰੰਗਾਂ ਦੀ ਸ਼ਨਾਖ਼ਤ ਵਾਲੀ ਕਾਪੀ ਤੋਂ ਵੀ ਸਾਰਾ ਕੁਝ ਪੜ੍ਹ ਦਿੱਤਾ ਸੀ। ਸਾਰੀਆਂ ਪ੍ਰਕਿਰਿਆਵਾਂ ਤੋਂ ਬਾਅਦ ਸਰਟੀਫਿਕੇਟ ਲੈਣ ਵਾਲਾ ਅਮਲ ਸ਼ੁਰੂ ਹੋ ਗਿਆ। ਸਰਟੀਫਿਕੇਟ ਦੇਣ ਤੋਂ ਪਹਿਲਾਂ ਹਰਨੀਆਂ ਦੀ ਬਿਮਾਰੀ ਚੈੱਕ ਹੋ ਰਹੀ ਸੀ। ਪਰਦਿਆਂ ਦੀਆਂ ਝੀਤਾਂ ਵਿੱਚੋਂ ‘ਖੂਨ ਦਬਾਓ’ ਚੈੱਕ ਹੁੰਦਾ ਵੀ ਦਿਸ ਰਿਹਾ ਸੀ। ਸਰਟੀਫਿਕੇਟ ਲੈ ਕੇ ਅਧਿਆਪਕ ਚਾਈਂ-ਚਾਈਂ ਜਾ ਰਹੇ ਸਨ। ਛੇ ਵਜੋਂ ਤੋਂ ਬਾਅਦ ਤੱਕ ਡਾਕਟਰ ਸਾਹਿਬ ਦਾ ਬੈਠਣਾ ਚੰਗਾ ਲੱਗ ਰਿਹਾ ਸੀ। ਪੰਜ ਵਜੇ ਦਾ ਦਫਤਰੀ ਸਮਾਂ ਖਤਮ ਹੋਣ ਤੋਂ ਬਾਅਦ ਅਗਲੇ ਦਿਨ ਦਾ ਸਾਡਾ ਚੱਕਰ ਵੀ ਉਹ ਲਵਾ ਸਕਦੇ ਸਨ!
ਇੱਕ ਅਧਿਆਪਕ ਜੋ ਮੇਰੇ ਨਾਲ ਕਚਿਹਰੀਆਂ ’ਚ ਹਲਫੀਆ ਬਿਆਨ ਬਣਾਉਣ ਦੇ ਚੱਕਰ ’ਚ ਜਾਣ ਕਾਰਨ ਬਾਕੀਆਂ ਵਾਂਗ ਕਲਰਕ ਨਾਲ ‘ਸਮਝੌਤਾ’ ਨਹੀਂ ਕਰ ਸਕਿਆ ਸੀ, ਜਦੋਂ ਬਾਹਰ ਆਇਆ ਤਾਂ ਉਹਦੇ ਹੱਥ ’ਚ ਸਰਟੀਫਿਕੇਟ ਨਹੀਂ ਸੀ, ਹਾਈ ਬਲੱਡ ਪ੍ਰੈਸ਼ਰ ਕਾਰਨ ਉਹ ‘ਫਿੱਟ’ ਨਹੀਂ ਸੀ। ਉਸ ਨਾਲ ਅਜਿਹਾ ਵਰਤਾਓ ਹੋਣ ਕਾਰਨ ਮੈਂ ਗੁੱਸੇ ਦਾ ਇਜ਼ਹਾਰ ਕਾਮਰੇਡੀ ਭਾਸ਼ਾ ’ਚ ਕੀਤਾ। ਜਦੋਂ ਮੇਰੀ ਵਾਰੀ ਆਈ ਤਾਂ ਮੇਰੇ ਨਾਲ ਵੀ ਉਹੋ ਵਿਹਾਰ ਕੀਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਰਾਹ ਦਿਖਾ ਦਿੱਤਾ ਗਿਆ।
ਅਗਲੇ ਦਿਨ ਆਪਣੇ ਦੋਸਤ ਬਸੰਤ ਕੁਮਾਰ ਦੇ ਰਿਸ਼ਤੇਦਾਰ ਜੀਤਾ ਸਿੰਘ ਨੂੰ ਜਾ ਮਿਲਿਆ। ਉਹ ਮੈਡੀਕਲ ਕਾਲਜ ਵਿੱਚ ਪ੍ਰਿੰਸੀਪਲ ਦੇ ਸਟੈਨੋ ਵਜੋਂ ਕੰਮ ਕਰਦੇ ਸਨ। ਹਸਪਤਾਲ ਦੀ ਪਰਚੀ ਲੈ ਕੇ ਖੂਨ ਤੇ ਪਿਸ਼ਾਬ ਟੈਸਟ ਕਰਨ ਲਈ ਦਿੱਤੇ। ਬਾਕੀ ਮਰੀਜ਼ਾਂ ਵਾਂਗ ਕੋਈ ਦੋ ਤਿੰਨ ਘੰਟੇ ਬਾਅਦ ਰਿਪੋਰਟਾਂ ਮਿਲੀਆਂ ਜਿਹੜੀਆਂ ਪਹਿਲਾਂ ਵੈਸੇ ਹੀ ਮਿਲ ਗਈਆਂ ਸਨ। ਫਿਰ ਐਕਸਰੇ ਹੋਇਆ ਜਿਸ ਲਈ ਕੋਟਕਪੂਰੇ ਧੱਕੇ ਖਾ ਚੁੱਕੇ ਸੀ। ਸਾਰਾ ਦਿਨ ਪਰਚੀਆਂ ਹੱਥ ’ਚ ਫੜ ਕੇ ਇੱਧਰ ਓਧਰ ਜਾਂਦਿਆਂ ਕਿਸੇ ਪਰਚੀ ਦੇ ਡਿੱਗ ਪੈਣ ਦਾ ਖਦਸ਼ਾ ਵੀ ਸੀ। ਉੱਚੇ ਲੰਮੇ ਕੱਦ ਦਾ ਜੀਤਾ ਸਿੰਘ ਲੰਮੀਆਂ-ਲੰਮੀਆਂ ਪੁਲਾਂਘਾਂ ਪੁੱਟਦਾ ਮੈਨੂੰ ਦੂਰ-ਦੂਰ ਬਣੀਆਂ ਲੈਬ’ਜ਼ ਵਿੱਚ ਕਦੇ ਕਿਹੜੇ ਪਾਸੇ ਤੇ ਕਦੇ ਕਿਹੜੇ ਪਾਸੇ ਲੈ ਜਾਂਦਾ। ਸਾਰੇ ਡਾਕਟਰਾਂ ਦਾ ਜਾਣੂ ਹੋਣ ਅਤੇ ਸਲੀਕੇ ਨਾਲ ਗੱਲ ਕਰਨ ਦੇ ਸੁਭਾਅ ਸਦਕਾ ਕੰਮ ਵਿੱਚ ਬੇਲੋੜੀ ਦੇਰ ਨਹੀਂ ਸੀ ਹੋ ਰਹੀ। ਮੇਰੇ ਕਦਮਾਂ ਦੇ ਨਾਲ-ਨਾਲ ਮੇਰੀਆਂ ਸੋਚਾਂ ਵੀ ਦੌੜਦੀਆਂ, ‘ਭਲਾ ਐਨੇ ਟੈਸਟਾਂ ਦੀ ਕੀ ਲੋੜ ਹੈ, ਮੈਂ ਕਿਹੜਾ ਫੌਜ ਵਿੱਚ ਭਰਤੀ ਹੋਣਾ... ਨਾਲੇ ਮੈਡੀਕਲ ਅਫਸਰ ਦੇ ਵੀ ਤਾਂ ਐਨਕਾਂ ਲੱਗੀਆਂ। ਨੌਕਰੀ ’ਚ ਆਉਣ ਤੋਂ ਬਾਅਦ ਵੀ ਤਾਂ ਬਲੱਡ ਪ੍ਰੈਸ਼ਰ ਵੱਧ ਘੱਟ ਹੋ ਸਕਦਾ। ਫਿਰ ਇਹ ਕਿਹੜਾ ਛੂਤ ਦੀ ਬਿਮਾਰੀ ਹੈ ਜਿਹੜੀ ਮੇਰੇ ਕੋਲੋਂ ਬੱਚਿਆਂ ਨੂੰ ਹੋ ਜਾਣੀ ਸੀ। ਜਿਹੜੇ ਸਰਟੀਫਿਕੇਟ ਲੈ ਗਏ, ਉਨ੍ਹਾਂ ਦਾ ਕਿਹੜਾ ਸਾਰਾ ਕੁਝ ਸਹੀ ਚੈੱਕ ਕੀਤਾ... ਕਿੰਨਾ ਕੁਝ ਹੈ ਜਿਸ ਨੂੰ ਪੜ੍ਹੇ ਲਿਖੇ ਲੋਕ ਵੀ ਲਕੀਰ ਦੇ ਫਕੀਰ ਬਣੇ ਸਵੀਕਾਰਦੇ ਆਉਂਦੇ ਹਨ। ਕੀ ਸਮੇਂ ਨਾਲ ਤਬਦੀਲੀ ਨਹੀਂ ਕਰਨੀ ਚਾਹੀਦੀ?’ ਇਹ ਸਵਾਲ ਮਨ ਵਿੱਚ ਵਾਰ-ਵਾਰ ਆ ਰਿਹਾ ਸੀ।
ਖ਼ੈਰ! ਦੋ ਹਫਤਿਆਂ ਜਿੰਨੀ ਭਕਾਈ ਦੋ ਦਿਨਾਂ ’ਚ ਕਰ ਕੇ ਤੀਜੇ ਦਿਨ ਟੈਸਟਾਂ ਦੇ ਆਧਾਰ ਉੱਤੇ ਵਿਸ਼ੇਸ਼ ਡਾਕਟਰ ਤੋਂ ਰਿਪੋਰਟ ਲਿਖਾ ਕੇ ਚੌੜੀ ਛਾਤੀ ਨਾਲ ਮੈਡੀਕਲ ਅਫਸਰ ਦੇ ਆ ਪੇਸ਼ ਹੋਇਆ। ਅੰਦਰ ਵੜਦਿਆਂ ਹੀ ਮੇਰੇ ਵੱਲ ਦੇਖਦਿਆਂ ਉਸ ਸਵਾਲ ਕੀਤਾ, “ਐਨੀ ਛੇਤੀ ਕਿਵੇਂ ਕਰਵਾ ਲਿਆ ਕੰਮ?” ਮੇਰੇ ਬੋਲਣ ਤੋਂ ਪਹਿਲਾਂ ਹੀ ਉਸ ਦੇ ਸਾਹਮਣੇ ਬੈਠਾ ਕਲਰਕ ਬੋਲ ਪਿਆ, “ਜੀ, ਇਹ ਜੀਤਾ ਸਿੰਘ ਦਾ ਜਾਣਕਾਰ ਹੈ।”
ਸੰਪਰਕ: 98760-64576