ਸਵਾਮੀ ਅੰਤਰ ਨੀਰਵ ਦੀ ਪੁਸਤਕ ‘ਨਹੀਂ’ ਉੱਤੇ ਸੰਵਾਦ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਮਹੀਨਾਵਰ ਸਾਹਿਤਕ ਮਿਲਣੀ ‘ਸਾਹਿਤ ਸੰਵਾਦ’ ਲੜੀ ਦੌਰਾਨ ਸਵਾਮੀ ਅੰਤਰ ਨੀਰਵ ਦੇ ਕਾਵਿ-ਸੰਗ੍ਰਹਿ ‘ਨਹੀਂ’ ਬਾਰੇ ਚਰਚਾ ਹੋਈ। ਪ੍ਰੋਗਰਾਮ ਦਾ ਨਵਾਂ ਪੜਾਅ ਇਹ ਰਿਹਾ ਕਿ ਇਸ ਵਾਰ ਦਿੱਲੀ ਤੋਂ ਬਾਹਰੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗਾਂ ਦੇ ਖੋਜਾਰਥੀਆਂ ਨੂੰ ਇਸ ਦਾ ਹਿੱਸਾ ਬਣਾਇਆ ਗਿਆ। ਇਸ ਲੜੀ ਤਹਿਤ ਇਸ ਵਾਰ ਮੇਜ਼ਬਾਨ ਵਿਭਾਗ ਦੇ ਖੋਜਾਰਥੀ ਸੰਦੀਪ ਸ਼ਰਮਾ ਦੇ ਨਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਖੋਜਾਰਥਣ ਜਸ਼ਨਦੀਪ ਕੌਰ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੋਆਰਡੀਨੇਟਰ ਡਾ. ਬਲਜਿੰਦਰ ਨਸਰਾਲੀ ਨੇ ਸਵਾਮੀ ਅੰਤਰ ਨੀਰਵ ਅਤੇ ਉਸ ਦੀ ਕਿਤਾਬ ‘ਨਹੀਂ’ ਨਾਲ ਸਰੋਤਿਆਂ ਦੀ ਜਾਣ-ਪਛਾਣ ਕਰਵਾਈ। ਇਸ ਉਪਰੰਤ ਵਿਭਾਗ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੂੰ ਇਕ ਐਸਾ ਮੰਚ ਬਣਾਇਆ ਜਾਵੇਗਾ, ਜਿੱਥੇ ਸਭ ਯੂਨੀਵਰਸਿਟੀਆਂ ਦੇ ਖੋਜਾਰਥੀ ਮਿਲ ਕੇ ਸੰਵਾਦ ਰਚਾਇਆ ਕਰਨਗੇ। ਇਸ ਸਮਾਗਮ ਵਿੱਚ ਪਹਿਲਾ ਖੋਜ-ਪੱਤਰ ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਸੰਦੀਪ ਕੁਮਾਰ ਨੇ ਪੇਸ਼ ਕੀਤਾ। ਉਨ੍ਹਾਂ ਸਵਾਮੀ ਅੰਤਰ ਨੀਰਵ ਦੀਆਂ ਕਵਿਤਾਵਾਂ ਦੇ ਹਵਾਲੇ ਨਾਲ ਉਸ ਦੀ ਕਾਵਿ ਸਿਰਜਣ ਪ੍ਰਕਿਰਿਆ ਬਾਰੇ ਕਈ ਮਹੱਤਵਪੂਰਨ ਨੁਕਤੇ ਉਠਾਏ। ਪੰਜਾਬ ਯੂਨੀਵਰਸਿਟੀ ਦੀ ਖੋਜਾਰਥਣ ਜਸ਼ਨਪ੍ਰੀਤ ਕੌਰ ਨੇ ਆਪਣੇ ਖੋਜ-ਪੱਤਰ ਵਿੱਚ ਕਿਹਾ ਕਿ ਸਵਾਮੀ ਅੰਤਰ ਨੀਰਵ ਦੀ ਕਵਿਤਾ ਦੇ ਤਿੰਨ ਮੁਖ ਥੀਮ ਹਨ: ਸਥਾਨਕਤਾ, ਕੁਦਰਤ ਅਤੇ ਵੱਖ-ਵੱਖ ਪਾਤਰ। ਉਸ ਨੇ ਕਵਿਤਾ ਦੀ ਭਾਸ਼ਾ ਨੂੰ ਉਪਭਾਸ਼ਾਈ ਨੁਕਤੇ ਤੋਂ ਉਭਾਰਨ ਦੇ ਨਾਲ-ਨਾਲ ਕਵਿਤਾਵਾਂ ਦੇ ਹਵਾਲੇ ਨਾਲ ਪ੍ਰਮੁੱਖ ਕਾਵਿ-ਜੁਗਤਾਂ ਬਾਰੇ ਗੱਲ ਕੀਤੀ। ਰਸਵਿੰਦਰ ਕੌਰ ਨੇ ਸਵਾਮੀ ਅੰਤਰ ਨੀਰਵ ਦੀ ‘ਮਿੱਟੀ’ ਕਵਿਤਾ ਦੇ ਹਵਾਲੇ ਨਾਲ ਪੀੜ੍ਹੀ-ਪਾੜੇ ਦੀ ਸਮੱਸਿਆ ਅਤੇ ਉਜਾੜੇ ਨਾਲ ਸਬੰਧਿਤ ਕਵਿਤਾਵਾਂ ਬਾਰੇ ਟਿੱਪਣੀ ਕੀਤੀ। ਵਰਿੰਦਰ ਨਾਥ ਨੇ ਸੰਤਾਲੀ ਵੇਲੇ ਉਜਾੜੇ ਬਾਰੇ ਗੱਲ ਕਰਦਿਆਂ ਸਵਾਮੀ ਦੀ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਨਛੱਤਰ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਰਜਨੀ ਬਾਲਾ ਹਾਜ਼ਰ ਸਨ।