For the best experience, open
https://m.punjabitribuneonline.com
on your mobile browser.
Advertisement

ਸਲਾਮ

04:38 AM Jun 24, 2025 IST
ਸਲਾਮ
Advertisement

ਜਸ਼ਨਪ੍ਰੀਤ

Advertisement

ਬਾਰ੍ਹਵੀਂ ਕਲਾਸ ਦੇ ਪੇਪਰ ਦੇ ਰਿਹਾ ਸਾਂ, ਇੱਕ ਦਿਨ ਅਚਾਨਕ ਪੇਪਰ ਦਿੰਦਿਆਂ ਢਿੱਡ ਵਿੱਚ ਇੰਨੀ ਜ਼ੋਰ ਦੀ ਦਰਦ ਛਿੜੀ, ਜਿਸ ਨੂੰ ਸਹਿਣਾ ਬੜਾ ਔਖਾ ਹੋਇਆ। ਬੜੀ ਮੁਸ਼ਕਿਲ ਨਾਲ ਪੇਪਰ ਅੱਧ-ਪਚੱਧਾ ਹੱਲ ਕੀਤਾ। ਸ਼ਾਮ ਨੂੰ ਘਰ ਆਇਆ ਤਾਂ ਮਾਂ ਮੇਰਾ ਹਾਲ ਦੇਖ ਕੇ ਡਾਕਟਰ ਕੋਲ ਲੈ ਗਈ। ਡਾਕਟਰ ਨੇ ਅਲਟਰਾਸਾਊਂਡ ਕਰਾਉਣ ਦੀ ਸਲਾਹ ਦਿੱਤੀ। ਅਲਟਰਾਸਾਊਂਡ ਦੇਖ ਕੇ ਡਾਕਟਰ ਨੇ ਮਾਂ ਨੂੰ ਕਿਹਾ ਕਿ ਕੋਈ ਚੀਜ਼ ਨਜ਼ਰ ਤਾਂ ਆ ਰਹੀ ਹੈ ਪਰ ਸਪੱਸ਼ਟ ਨਹੀਂ, ਕਲਰ ਸਕੈਨਿੰਗ ਕਰਨੀ ਪਵੇਗੀ।
ਅਗਲੇ ਦਿਨ ਮਾਂ ਨੇ ਕੁਝ ਪੈਸਿਆਂ ਦਾ ਜੁਗਾੜ ਕੀਤਾ ਤੇ ਕਲਰ ਸਕੈਨਿੰਗ ਕਰਵਾਈ। ਪੈਸਿਆਂ ਪੱਖੋਂ ਸਾਡਾ ਹੱਥ ਤੰਗ ਹੀ ਨਹੀਂ ਸੀ, ਬਲਕਿ ਬਹੁਤ ਤੰਗ ਸੀ। ਦੋ ਸਾਲ ਪਹਿਲਾਂ ਪਿਤਾ ਦੀ ਮੌਤ ਹੋ ਚੁੱਕੀ ਸੀ। ਭਰਾ ਫੈਕਟਰੀ ਵਿੱਚ ਕੰਮ ਕਰਦਾ ਸੀ।... ਕਲਰ ਸਕੈਨਿੰਗ ਦੇਖਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਬੱਚੇ ਨੂੰ ਛੇਤੀ ਤੋਂ ਛੇਤੀ ਚੰਡੀਗੜ੍ਹ ਲੈ ਜਾਓ, ਇਹਦੇ ਪੇਟ ’ਚ ਗੰਢ ਹੈ। ਡਾਕਟਰ ਨੇ ਮਾਂ ਨੂੰ ਇਹ ਨਹੀਂ ਸੀ ਦੱਸਿਆ ਕਿ ਇਹ ਗੰਢ ਕੈਂਸਰ ਵਾਲੀ ਹੈ। ਜਦੋਂ ਡਾਕਟਰ ਮਾਂ ਨੂੰ ਇਹ ਗੱਲ ਕਹਿ ਰਿਹਾ ਸੀ, ਉਨ੍ਹਾਂ ਨੂੰ ਘਬਰਾਹਟ ਛਿੜ ਗਈ। ਉਨ੍ਹਾਂ ਦੀ ਘਬਰਾਹਟ ਦੇਖ ਕੇ ਮੇਰਾ ਵੀ ਦਿਲ ਬਹਿ ਗਿਆ। ਡਾਕਟਰ ਨੇ ਮਾਂ ਨੂੰ ਕਿਹਾ, “ਇਹ ਵੇਲਾ ਘਬਰਾਉਣ ਦਾ ਨਹੀਂ, ਸਾਂਭਣ ਦਾ ਹੈ।”
ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਦੀਆਂ ਸਲਾਹਾਂ ਤੋਂ ਬਾਅਦ ਮੈਨੂੰ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਪੈਟ (PET) ਸਕੈਨ ਜਲਦੀ ਤੋਂ ਜਲਦੀ ਕਰਵਾਉਣ ਦੀ ਸਲਾਹ ਦਿੱਤੀ। ਪੈਟ ਸਕੈਨ ਕਰਾਉਣ ਤੋਂ ਬਾਅਦ ਪਤਾ ਲੱਗਿਆ ਕਿ ਮੇਰੀ ਗੰਢ ਦਾ ਸਾਈਜ਼ ਕਾਫੀ ਵਧਿਆ ਹੋਇਆ ਹੈ। ਕੈਂਸਰ ਦੀ ਇਹ ਗੰਢ ਗੁਰਦੇ ਦੇ ਬਿਲਕੁਲ ਨਾਲ ਸੀ। ਡਾਕਟਰਾਂ ਦੀ ਟੀਮ ਨੇ ਮੇਰੇ ਭਰਾ ਤੇ ਮਾਂ ਨੂੰ ਕਿਹਾ ਕਿ ਅਪ੍ਰੇਸ਼ਨ ਜਲਦੀ ਤੋਂ ਜਲਦੀ ਕਰਵਾਉਣਾ ਚਾਹੀਦਾ ਹੈ। ਅਜੇ ਤੱਕ ਗੁਰਦੇ ’ਤੇ ਕੈਂਸਰ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ... ਹੋ ਸਕਦਾ ਹੈ, ਕਿਡਨੀ ਵੀ ਕੱਢਣੀ ਪਵੇ।
ਡਾਕਟਰਾਂ ਨੇ ਅਪ੍ਰੇਸ਼ਨ ਦਾ ਖਰਚਾ ਢਾਈ ਲੱਖ ਰੁਪਏ ਦੱਸਿਆ। ਸਾਡੇ ਕੋਲ ਆਯੂਸ਼ਮਾਨ ਕਾਰਡ ਸੀ ਪਰ ਡਾਕਟਰਾਂ ਨੇ ਕਿਹਾ ਕਿ ਇਹ ਕਾਰਡ ਅਪ੍ਰੇਸ਼ਨ ਲਈ ਚੱਲਣਾ ਨਹੀਂ, ਕੀਮੋ ਅਤੇ ਰੇਡੀਏਸ਼ਨ ਆਯੂਸ਼ਮਾਨ ਕਾਰਡ ’ਤੇ ਹੋ ਜਾਵੇਗੀ। ਢਾਈ ਲੱਖ ਰੁਪਏ ਦੀ ਗੱਲ ਸੁਣ ਕੇ ਮਾਂ ਅਤੇ ਭਰਾ ਦੇ ਤਾਂ ਹੋਸ਼ ਉੱਡ ਗਏ। ਸਾਰੇ ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਤੋਂ ਮਸਾਂ 50 ਹਜ਼ਾਰ ਇਕੱਠੇ ਹੋਣੇ ਸਨ। ਉਸ ਵੇਲੇ ਮੇਰੀ ਉਮਰ 17 ਸਾਲ ਸੀ, ਮੈਨੂੰ ਡਰ ਤਾਂ ਨਹੀਂ ਸੀ ਲੱਗ ਰਿਹਾ ਪਰ ਮਾਂ ਦੀ ਘਬਰਾਹਟ ਅੰਦਰੋ-ਅੰਦਰ ਖਾ ਰਹੀ ਸੀ। ਉਨ੍ਹਾਂ ਦਾ ਟੁੱਟਦਾ ਹੌਸਲਾ ਦੇਖਿਆ ਨਹੀਂ ਸੀ ਜਾ ਰਿਹਾ। ਘਬਰਾਹਟ ਵਿੱਚ ਉਹ ਵਾਰ-ਵਾਰ ਡਾਕਟਰਾਂ ਕੋਲ ਜਾ ਰਹੀ ਸੀ, ਖਰਚਾ ਘੱਟ ਕਰਨ ਲਈ ਕਹਿ ਰਹੀ ਸੀ, ਪਰ ਹੋ ਕੁਝ ਵੀ ਨਹੀਂ ਸੀ ਰਿਹਾ। ਮਾਂ ਭਰਾ ਨੂੰ ਮੇਰੇ ਕੋਲ ਛੱਡ ਕੇ ਘਰ ਮੁੜ ਗਈ। ਇਸ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਮਾਂ ਨੇ ਘਰ ਵੇਚਣ ਲਈ ਲਾ ਦਿੱਤਾ ਸੀ।
ਇਸੇ ਦੌਰਾਨ ਇੱਕ ਐੱਨਜੀਓ ਵਾਲੇ ਹਸਪਤਾਲ ਵਿੱਚ ਮੇਰਾ ਪਤਾ ਲੈਣ ਆਏ। ਉਨ੍ਹਾਂ 5000 ਰੁਪਏ ਦੀ ਮਦਦ ਵੀ ਕੀਤੀ, ਨਾਲ ਹੀ ਉਨ੍ਹਾਂ ਮੇਰੇ ਕਿਸੇ ਅਧਿਆਪਕ ਦਾ ਨੰਬਰ ਮੰਗਿਆ। ਮੈਂ ਆਪਣੇ ਪੰਜਾਬੀ ਅਧਿਆਪਕ ਦਾ ਨੰਬਰ ਉਨ੍ਹਾਂ ਨੂੰ ਦੇ ਦਿੱਤਾ। ਅਗਲੇ ਹੀ ਦਿਨ ਉਹ ਮੇਰੇ ਕੋਲ ਹਸਪਤਾਲ ਆ ਪਹੁੰਚੇ। ਉਨ੍ਹਾਂ ਦੱਸਿਆ ਕਿ ਕਿਸੇ ਦਾ ਫੋਨ ਆਇਆ ਸੀ ਕਿ ਤੁਹਾਡਾ ਬੱਚਾ ਕੈਂਸਰ ਨਾਲ ਜੂਝ ਰਿਹਾ ਹੈ। ਉਨ੍ਹਾਂ ਮੇਰੇ ਨਾਲ ਬੜੀਆਂ ਗੱਲਾਂ ਕੀਤੀਆਂ, ਜ਼ਿੰਦਗੀ ਦੀਆਂ ਹਕੀਕਤਾਂ ਸੁਣਾਈਆਂ। ਮੈਨੂੰ ਕਾਫੀ ਹੌਸਲਾ ਮਿਲਿਆ। ਮਾਂ ਜਦੋਂ ਅਗਲੇ ਦਿਨ ਘਰੋਂ ਵਾਪਸ ਆਈ ਤਾਂ ਉਹ ਇਨ੍ਹਾਂ ਕੋਲ ਆ ਕੇ ਰੋਣ ਲੱਗ ਪਈ। ਪੈਸੇ ਦਾ ਕੋਈ ਜੁਗਾੜ ਨਹੀਂ ਸੀ ਹੋ ਰਿਹਾ। ਅਧਿਆਪਕ ਨੇ ਮਾਂ ਤੇ ਭਰਾ ਨੂੰ ਹੌਸਲਾ ਦਿੱਤਾ।
ਅੱਜ ਜਦੋਂ ਉਹ ਵਕਤ ਯਾਦ ਕਰਦਾ ਹਾਂ, ਅੱਖਾਂ ਭਰ ਆਉਂਦੀਆਂ। ਜਿਸ ਦਿਨ ਮੇਰਾ ਅਪ੍ਰੇਸ਼ਨ ਹੋਣਾ ਸੀ, ਉਸ ਦਿਨ ਵੀ ਇਹ ਅਧਿਆਪਕ ਮੇਰੇ ਨਾਲ ਸਨ। ਮੈਨੂੰ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਕਿ ਉਨ੍ਹਾਂ ਢਾਈ ਲੱਖ ਰੁਪਏ ਡਾਕਟਰਾਂ ਨੂੰ ਕਿੱਥੋਂ ਲਿਆ ਕੇ ਦਿੱਤੇ। ਅਪ੍ਰੇਸ਼ਨ ਤੋਂ ਬਾਅਦ ਵੀ ਜਦੋਂ ਉਹ ਦੋ-ਦੋ ਦਿਨਾਂ ਬਾਅਦ ਮੇਰਾ ਪਤਾ ਲੈਣ ਹਸਪਤਾਲ ਆਉਂਦੇ ਤਾਂ ਮੇਰੀ ਮਾਂ ਉਨ੍ਹਾਂ ਅੱਗੇ ਰੋਣ ਲੱਗ ਜਾਂਦੀ, “ਤੁਸੀਂ ਮੇਰੇ ਪੁੱਤਰ ਨੂੰ ਬਚਾ ਲਿਆ।”
ਅਪ੍ਰੇਸ਼ਨ ਤੋਂ ਬਾਅਦ ਹਫ਼ਤਾ ਹਸਪਤਾਲ ਵਿੱਚ ਹੀ ਰਹਿਣਾ ਪਿਆ। ਹਸਪਤਾਲ ਦੀਆਂ ਕੰਧਾਂ ਜਿਵੇਂ ਖਾਣ ਨੂੰ ਆਇਆ ਕਰਨ, ਜੀਅ ਬਿਲਕੁਲ ਨਹੀਂ ਸੀ ਲੱਗ ਰਿਹਾ। ਸਰ ਨਾਲ ਗੱਲ ਕੀਤੀ ਕਿ ਛੁੱਟੀ ਦਿਵਾ ਦਿਓ। ਉਨ੍ਹਾਂ ਡਾਕਟਰਾਂ ਨੂੰ ਬੇਨਤੀ ਕੀਤੀ ਪਰ ਡਾਕਟਰ ਕਹਿੰਦੇ- ਅਜੇ ਛੁੱਟੀ ਦੇਣ ਜੋਖਿ਼ਮ ਵਾਲਾ ਕੰਮ ਹੈ। ਆਖਿ਼ਰ ਮੇਰੀ ਬੇਚੈਨੀ ਅਤੇ ਵਿਹਾਰ ਅੱਗੇ ਡਾਕਟਰਾਂ ਨੂੰ ਝੁਕਣਾ ਪਿਆ ਤੇ ਮੈਨੂੰ ਛੁੱਟੀ ਮਿਲ ਗਈ।
ਛੁੱਟੀ ਸਮੇਂ ਡਾਕਟਰਾਂ ਨੇ ਕਿਹਾ ਕਿ ਕੀਮੋ ਅਤੇ ਰੇਡੀਏਸ਼ਨ ਸਮੇਂ ਸਿਰ ਬਹੁਤ ਜ਼ਰੂਰੀ ਹਨ। ਜਿਸ ਦਿਨ ਰੇਡੀਏਸ਼ਨ ਹੋਣੀ ਹੁੰਦੀ, ਮੇਰੇ ਇਹ ਅਧਿਆਪਕ ਮੇਰੇ ਲਈ ਕਿਰਾਏ ’ਤੇ ਗੱਡੀ ਭੇਜ ਦਿਆ ਕਰਦੇ। ਅਜੇ ਦੋ ਕੁ ਰੇਡੀਏਸ਼ਨ ਹੋਈਆਂ ਸਨ ਕਿ ਡਾਕਟਰਾਂ ਨੇ ਕਿਹਾ ਕਿ ਗੱਡੀ ’ਚ ਆਉਣਾ ਤੁਹਾਡੇ ਲਈ ਠੀਕ ਨਹੀਂ। ਗੱਡੀ ਵਿੱਚ ਝਟਕੇ ਲੱਗਣ ਨਾਲ ਅਪ੍ਰੇਸ਼ਨ ਵਾਲੀ ਜਗ੍ਹਾ ਅਸਰ ਪੈਣ ਦਾ ਡਰ ਸੀ। ਫਿਰ ਮੇਰੇ ਇਸ ਅਧਿਆਪਕ ਨੇ ਹੀ ਸਾਨੂੰ ਹਸਪਤਾਲ ਦੇ ਬਿਲਕੁਲ ਨੇੜੇ ਕਮਰਾ ਕਿਰਾਏ ਉੱਪਰ ਲੈ ਦਿੱਤਾ। ਇਹੀ ਨਹੀਂ, ਹਰ ਹਫ਼ਤੇ ਮੇਰੇ ਕੋਲ ਗੇੜਾ ਮਾਰਦੇ, ਮੇਰੇ ਖਾਣ-ਪੀਣ ਦਾ ਖਾਸ ਧਿਆਨ ਰੱਖਦੇ।
ਠੀਕ ਹੋਣ ਤੋਂ ਬਾਅਦ ਮੈਂ ਇੱਕ ਦਿਨ ਸਕੂਲ ਉਨ੍ਹਾਂ ਨੂੰ ਮਿਲਣ ਗਿਆ। ਮੇਰੀ ਚੜ੍ਹਦੀ ਕਲਾ ਦੇਖ ਕੇ ਬਹੁਤ ਪ੍ਰਸੰਨ ਹੋਏ। ਮੈਂ ਆਪਣੀ ਤਕਲੀਫ ਦੇ ਦਿਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਗੱਲਾਂ-ਗੱਲਾਂ ਵਿੱਚ ਮੈਂ ਪੁੱਛਿਆ, “ਸਰ ਤੁਸੀਂ ਇੰਨੇ ਪੈਸਿਆਂ ਦਾ ਪ੍ਰਬੰਧ ਕਿਵੇਂ ਕੀਤਾ ਸੀ?” ਕਹਿਣ ਲੱਗੇ, “ਦੁਨੀਆ ਚੰਗੇ ਬੰਦਿਆਂ ਨਾਲ ਭਰੀ ਪਈ ਐ। ਮੈਂ ਤੇਰੇ ਨਾਂ ’ਤੇ ਪੋਸਟ ਲਿਖੀ ਤੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਕਿਸੇ ਨੇ ਹਜ਼ਾਰ, ਕਿਸੇ ਨੇ ਦੋ ਹਜ਼ਾਰ, ਕਿਸੇ ਨੇ ਪੰਜ ਹਜਾਰ... ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਿ ਢਾਈ ਲੱਖ ਰੁਪਏ ਕਿਵੇਂ ਇਕੱਠੇ ਹੋ ਗਏ।”
ਮੇਰਾ ਸਿਰ ਆਪਣੇ ਗੁਰੂ ਅੱਗੇ ਝੁਕ ਗਿਆ। ਸਲਾਮ!
ਸੰਪਰਕ: 62398-29774

Advertisement
Advertisement

Advertisement
Author Image

Jasvir Samar

View all posts

Advertisement