ਸਲਮਾਨ ਖ਼ਾਨ ਵੱਲੋਂ ਸੂਰਜ ਪੰਚੋਲੀ ਦੀ ਸ਼ਲਾਘਾ
ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਫਿਲਮ ‘ਕੇਸਰੀ ਵੀਰ’ ਦਾ ਪੋਸਟਰ ਸਾਂਝਾ ਕਰਦਿਆਂ ਅਦਾਕਾਰ ਸੂਰਜ ਪੰਚੋਲੀ ਨਾਲ ਆਪਣੇ ਮਜ਼ਬੂਤ ਰਿਸ਼ਤੇ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਸਲਮਾਨ ਖ਼ਾਨ ਆਪਣੇ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਦੀ ਸ਼ਲਾਘਾ ਤੇ ਉਨ੍ਹਾਂ ਦੀ ਮਦਦ ਲਈ ਕਦੇ ਪਿੱਛੇ ਨਹੀਂ ਹਟਦਾ। ਉਹ ਅਕਸਰ ਕਲਾਕਾਰਾਂ ਦੇ ਵਧੀਆ ਕੰਮ ਲਈ ਸੋਸ਼ਲ ਮੀਡੀਆ ’ਤੇ ਪੋਸਟ ਵੀ ਪਾਉਂਦਾ ਹੈ। ਇਨ੍ਹਾਂ ਹੀ ਕਲਾਕਾਰਾਂ ਵਿੱਚੋਂ ਸੂਰਜ ਪੰਚੋਲੀ ਵੀ ਹੈ। ਉਸ ਨੇ ਆਪਣੇ ਫਿਲਮ ਸਫ਼ਰ ਦੀ ਸ਼ੁਰੂਆਤ ਸਲਮਾਨ ਖ਼ਾਨ ਦੇ ਬੈਨਰ ਹੇਠ ਬਣੀ ਫਿਲਮ ‘ਹੀਰੋ’ ਤੋਂ ਕੀਤੀ ਸੀ। ਇਸ ਸਬੰਧੀ ਇੰਸਟਾਗ੍ਰਾਮ ’ਤੇ ਅਦਾਕਾਰ ਨੇ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਸ ਦੀਆਂ ਅਤੇ ਸੂਰਜ ਦੀਆਂ ਇਕੱਠਿਆਂ ਦੀਆਂ ਫੋਟੋਆਂ ਦਿਖਾਈ ਦੇ ਰਹੀਆਂ ਹਨ। ਇਸ ਦੇ ਪਿੱਛੇ ਅਦਾਕਾਰ ਨੇ ਖ਼ੁਦ ਦਾ ਹੀ ਗਾਇਆ ਹੋਇਆ ਗੀਤ ‘ਮੈਂ ਹੂੰ ਤੇਰਾ ਹੀਰੋ’ ਲਗਾਇਆ ਹੋਇਆ ਹੈ। ਇਹ ਪੋਸਟ ਸਾਂਝੀ ਕਰਦਿਆਂ ਅਦਾਕਾਰ ਨੇ ਸੂਰਜ ਨੂੰ ਫਿਲਮਾਂ ਵਿੱਚ ਵਾਪਸੀ ਲਈ ਵਧਾਈਆਂ ਦਿੱਤੀਆਂ ਹਨ। ਅਦਾਕਾਰ ਦੀ ਫਿਲਮ ਕੇਸਰੀ ਵੀਰ ਅੱਜ ਰਿਲੀਜ਼ ਹੋਈ ਹੈ। ਇਸ ਪੋਸਟ ਨਾਲ ਸਲਮਾਨ ਨੇ ਲਿਖਿਆ ਹੈ, ‘‘ਅਭੀ ਰਾਤ ਹੈ, ਸੁਬਾਹ ਸੂਰਜ ਚਮਕੇਗਾ। ਜਾਣਕਾਰੀ ਅਨੁਸਾਰ ਇਸ ਫਿਲਮ ਵਿੱਚ ਉਨ੍ਹਾਂ ਅਣਗੌਲੇ ਯੋਧਿਆਂ ਦੀ ਕਹਾਣੀ ਦਿਖਾਈ ਗਈ ਹੈ ਜਿਨ੍ਹਾਂ ਨੇ 14ਵੀਂ ਸਦੀ ਵਿੱਚ ਸੋਮਨਾਥ ਮੰਦਰ ਦੀ ਰਖਵਾਲੀ ਲਈ ਜਾਨ ਕੁਰਬਾਨ ਕੀਤੀ ਸੀ। ਪ੍ਰਿੰਸ ਧੀਮਾਨ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਸੁਨੀਲ ਸ਼ੈੱਟੀ ਤੇ ਵਿਵੇਕ ਓਬਰਾਏ ਵੀ ਨਜ਼ਰ ਆਉਣਗੇ। -ਏਐੱਨਆਈ