For the best experience, open
https://m.punjabitribuneonline.com
on your mobile browser.
Advertisement

ਸਰ! ਮੈਂ ਕਿਸੇ ਨੂੰ ਰੋਟੀ ਨਈਂ ਫੜਾਉਣੀ

04:03 AM Apr 06, 2025 IST
ਸਰ  ਮੈਂ ਕਿਸੇ ਨੂੰ ਰੋਟੀ ਨਈਂ ਫੜਾਉਣੀ
Advertisement

ਚਰਨਜੀਤ ਸਮਾਲਸਰ

Advertisement

ਉਸ ਰਾਤ ਬਿਲਕੁਲ ਵੀ ਨੀਂਦ ਨਾ ਆਈ। ਸਿਰ ਭਾਰਾ ਭਾਰਾ ਰਿਹਾ ਤੇ ਮੈਂ ਸਕੂਲੋਂ ਛੁੱਟੀ ਕਰ ਲਈ ਪਰ ਮਨ ਦੀ ਬੇਚੈਨੀ ਦੂਰ ਨਾ ਹੋਈ। ਅਗਲੀ ਰਾਤ ਫਿਰ ਨੀਂਦ ਕਿਧਰੇ ਖੰਭ ਲਾ ਕੇ ਉੱਡ ਗਈ।
ਮੇਰੇ ਜ਼ਿਹਨ ਵਿੱਚ ਸਿਰਫ਼ ਇੱਕੋ ਗੱਲ ਵਾਰ-ਵਾਰ ਇੱਟ ਵਾਂਗ ਵੱਜੀ ਜਾਵੇ, ‘‘ਸਰ! ਮੈਂ ਕਿਸੇ ਨੂੰ ਰੋਟੀ ਨਈਂ ਫੜਾਉਣੀ। ਭਾਵੇਂ ਕੋਈ ਵੀ ਹੋਵੇ। ਬਾਕੀ ਤੁਸੀਂ ਤਾਂ ਅਫ਼ਸਰ ਓ, ਕੁਝ ਵੀ ਕਰਵਾ ਸਕਦੇ ਹੋ, ਪਰ ਏਹ ਰੋਟੀ ਵਾਲਾ ਕੰਮ ਸਾਥੋਂ ਨਈਂ ਹੋਣਾ... ਬੱਸ!’’
ਹੋਇਆ ਇੰਝ ਕਿ ਮੇਰਾ ਇੱਕ ਵਾਕਫ਼ ਅਧਿਆਪਕ ਮੇਰੇ ਸਕੂਲ ਆਇਆ ਤੇ ਮੈਂ ਪਾਣੀ ਪਿਆਉਣ ਤੋਂ ਬਾਅਦ ਚਾਹ ਪੁੱਛੀ ਤਾਂ ਕਹਿੰਦਾ, ‘‘ਸਰ! ਚਾਹ ਨਹੀਂ, ਮੈਂ ਰੋਟੀ ਖਾਊਂਗਾ।’’ ਮੈਂ ਕਾਲ ਬੈੱਲ ਵਜਾਈ ਤਾਂ ਮੇਰੇ ਦੋਵੇਂ ਕਰਮਚਾਰੀਆਂ ’ਚੋਂ ਦਫ਼ਤਰ ਕੋਈ ਨਾ ਆਇਆ, ਬੈੱਲ ਫਿਰ ਵਜਾਈ ਤਾਂ ਕੋਈ ਉੱਤਰ ਨਹੀਂ...। ਏਦਾਂ ਹੀ ਇੱਕ ਦੋ ਵਾਰ ਹੋਰ ਕੀਤਾ ਪਰ ਅਣਸੁਣਿਆ ਕਰ ਪਤਾ ਨਹੀਂ ਕਿੱਧਰ ਚਲੇ ਗਏ ਦੋਵੇਂ। ਦੋਵਾਂ ਨੂੰ ਨਿੱਜੀ ਫੋਨ ਕਰਨ ਤੋਂ ਬਾਅਦ ਇੱਕ ਕਰਮਚਾਰੀ ਆਇਆ ਤੇ ਮੈਂ ਮਹਿਮਾਨ ਨੂੰ ਰੋਟੀ ਖੁਆਉਣ ਦੀ ਸਨਿਮਰ ਬੇਨਤੀ ਕੀਤੀ। ਉਸ ਨੇ ਮੈਨੂੰ ਆਪਣੇ ਹਿਸਾਬ ਨਾਲ ਪਿਛਲੇ ਪਾਸੇ ਲਿਜਾ ਕੇ ਰੋਟੀ ਖੁਆਉਣ ਦਾ ਸੁਝਾਅ ਦਿੱਤਾ। ਪਤਾ ਨਹੀਂ ਕਿਉਂ ਮੈਨੂੰ ਉਸ ਦੀ ਆਵਾਜ਼ ਤੇ ਅੰਦਾਜ਼ ਬਦਲਿਆ ਬਦਲਿਆ ਲੱਗਿਆ।
ਜਦੋਂ ਮਹਿਮਾਨ ਰੋਟੀ ਖਾ ਕੇ ਚਲਿਆ ਗਿਆ ਤਾਂ ਮੈਂ ਦੋਵੇਂ ਕਰਮਚਾਰੀਆਂ ਨੂੰ ਦਫ਼ਤਰ ਬੁਲਾ ਕੇ ਕਾਲ ਬੈੱਲ ਕਈ ਵਾਰ ਵਜਾਉਣ ਤੋਂ ਬਾਅਦ ਵੀ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਬੜੇ ਰੁੱਖੇ ਤੇ ਸਖ਼ਤੀ ਭਰੇ ਲਹਿਜੇ ਵਿੱਚ ਜਵਾਬ ਦਿੱਤਾ, ‘‘ਸਰ! ਅਸੀਂ ਕਿਸੇ ਨੂੰ ਰੋਟੀ ਨਈਂ ਫੜਾਉਣੀ, ਹੋਰ ਸਾਨੂੰ ਜੋ ਮਰਜ਼ੀ ਕਹਿ ਦਿਓ, ਸਾਰੇ ਕੰਮ ਕਰਾਂਗੇ। ਤੁਸੀਂ ਸਾਡੇ ਅਫ਼ਸਰ ਓ। ਕੁਰਸੀ ’ਤੇ ਬੈਠੇ ਹੋ... ਪਰ...।’’ ਉਨ੍ਹਾਂ ਦੇ ਇਕਦਮ ਇਨਕਾਰੀ ਹੋਣ ’ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਮੈਨੂੰ ਏਦਾਂ ਦੇ ਉੱਤਰ ਦੀ ਉਨ੍ਹਾਂ ਤੋਂ ਉੱਕਾ ਹੀ ਆਸ ਨਹੀਂ ਸੀ। ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਸੱਚੇ ਸੌਦੇ ਰਾਹੀਂ ਚਲਾਈ ਲੰਗਰ ਪ੍ਰਥਾ ਦੇ ਸੰਕਲਪ, ਗੁਰੂਘਰਾਂ ਵਿੱਚ ਵੱਡੇ ਤੋਂ ਵੱਡੇ ਬੰਦਿਆਂ ਦੇ ਸੇਵਾ ਕਰਨ ਦੇ ਸੁਭਾਅ ਤੇ ਸਿਧਾਂਤ ਅਤੇ ਮਹਿਮਾਨ ਰੱਬ ਦਾ ਰੂਪ ਹੁੰਦੇ ਨੇ- ਬਾਰੇ ਵਿਸਥਾਰ ਨਾਲ ਦੱਸਦੇ ਹੋਏ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕੋ ਲੱਤ ’ਤੇ ਖੜ੍ਹੇ ਰਹੇ ਤੇ ਉਨ੍ਹਾਂ ਨੇ ਮੇਰੇ ਕਿਸੇ ਵੀ ਤਰਕ-ਵਿਤਰਕ ਨਾਲ ਸਹਿਮਤ ਹੋਣਾ ਲਾਜ਼ਮੀ ਨਾ ਸਮਝਿਆ।
ਮੈਂ ਦੁਖੀ ਤੇ ਬੇਚੈਨ ਹੋਇਆ ਦੋ ਰਾਤਾਂ ਤੋਂ ਸੌਂ ਨਾ ਸਕਿਆ। ਮਨ ਭਾਵੁਕ ਹੋ ਗਿਆ ਕਿ ਪ੍ਰੋ. ਪੂਰਨ ਸਿੰਘ ਦਾ ‘ਪੰਜਾਬ ਵਸਦਾ ਗੁਰਾਂ ਦੇ ਨਾਂ ’ਤੇ’ ਵਾਲਾ ਸੰਕਲਪ ਕਿਤੇ ਅਸੀਂ ਭੁੱਲਦੇ ਤਾਂ ਨਹੀਂ ਜਾ ਰਹੇ ਅਤੇ ਵਾਰ-ਵਾਰ ਦੋ ਗੱਲਾਂ ਮੇਰੀ ਆਤਮਾ ਨੂੰ ਬਰਛੀਆਂ ਵਾਂਗ ਵਿੰਨ੍ਹਦੀਆਂ ਰਹੀਆਂ, ‘‘ਸਰ! ਅਸੀਂ ਰੋਟੀ ਨਈਂ ਫੜਾਉਣੀ... ਤੇ ਤੁਸੀਂ ਅਫ਼ਸਰ ਓ...।’’
ਹੁਣ ਮੈਂ ਅੱਜ ਤੋਂ ਵੀਹ-ਬਾਈ ਸਾਲ ਪਿੱਛੇ ਅਤੀਤ ਵਿੱਚ ਚਲਿਆ ਜਾਂਦਾ ਹਾਂ। ਜਦੋਂ ਮੈਂ ਆਪਣੇ ਗੁਆਂਢੀ ਪਿੰਡ ਵੈਰੋਕੇ ਦੇ ਪ੍ਰਾਈਵੇਟ ਸਕੂਲ ਵਿੱਚ ਮਹਿਜ਼ ਤੇਰਾਂ ਸੌ ਰੁਪਏ ’ਤੇ ਨੌਕਰੀ ਕਰਦਾ ਸੀ। ਅਸੀਂ ਸਮਾਲਸਰ ਦੇ ਤਿੰਨ ਪ੍ਰਾਈਵੇਟ ਅਧਿਆਪਕ ਸਾਂ। ਘੱਟ ਤਨਖ਼ਾਹ ਨਾਲ ਘਰ ਦਾ ਤਾਂ ਛੱਡੋ, ਮੇਰਾ ਇਕੱਲੇ ਦਾ ਵੀ ਗੁਜ਼ਾਰਾ ਨਹੀਂ ਸੀ ਚਲਦਾ। ਸੋ ਅਸੀਂ ਤਿੰਨਾਂ ਨੇ ਮਿਲ ਕੇ ਸਮਾਲਸਰ ਪਿੰਡ ਵਿੱਚ ਹੀ ਚੱਲਦੇ ਇੱਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿੱਚ ਅਕੈਡਮੀ ਖੋਲ੍ਹ ਲਈ। ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਾਹਵਾ ਸੀ। ਮੇਰੇ ਨਾਲ ਦੇ ਦੋਵੇਂ ਸਾਥੀ ਮੇਰੇ ਅਧਿਆਪਕ-ਗੁਰੂ ਸਨ ਯਾਨੀ ਕਿ ਉਨ੍ਹਾਂ ਨੇ ਹੀ ਮੈਨੂੰ ਅਧਿਆਪਨ ਵਰਗੇ ਪਵਿੱਤਰ ਕਿੱਤੇ ਨਾਲ ਜੋੜਿਆ ਸੀ ਤੇ ਮੈਂ ਉਨ੍ਹਾਂ ਦੀ ਕਿਸੇ ਵੀ ਗੱਲ ਤੋਂ ਮੁਨਕਰ ਨਹੀਂ ਸਾਂ। ਉਨ੍ਹਾਂ ਨੇ ਮੈਨੂੰ ਕੁੱਲ ਆਮਦਨ ਦਾ 15 ਕੁ ਫ਼ੀਸਦੀ ਦੇਣਾ ਤੈਅ ਕਰ ਲਿਆ। ਜੋ ਰਕਮ ਰਾਊਂਡ ਫਿਗਰ ਤੋਂ ਵਧ ਘਟ ਜਾਂਦੀ ਉਹ ਵੀ ਮੈਨੂੰ ਦੇ ਦਿੰਦੇ ਜਿਵੇਂ ਸੌ ਰੁਪਏ ਤੋਂ ਘੱਟ। ਸ਼ਰਤ ਇਹ ਸੀ ਕਿ ਮੈਂ ਗੁਆਂਢੀ ਪਿੰਡ ਦੇ ਸਕੂਲੋਂ ਸਿੱਧਾ ਹੀ ਪਹਿਲਾਂ ਆ ਕੇ ਅਕੈਡਮੀ ਖੋਲ੍ਹਿਆ ਕਰਾਂਗਾ ਤੇ ਜੇ ਕੋਈ ਹੋਰ ਮਾੜਾ ਮੋਟਾ ਰੱਖ-ਰਖਾਅ ਹੋਇਆ, ਉਹ ਵੀ ਪੂਰਾ ਕਰਿਆ ਕਰਾਂਗਾ ਅਤੇ ਬੋਰਡ ਦੀਆਂ ਕਲਾਸਾਂ ਉਹ ਪੜ੍ਹਾਉਣਗੇ ਤੇ ਮੈਂ ਨਾਨ-ਬੋਰਡ ਕਲਾਸਾਂ ਪੜ੍ਹਾਇਆ ਕਰਾਂਗਾ। ਅਸੀਂ ਤਿੰਨੇ ਸਾਈਕਲਾਂ ’ਤੇ ਦੂਜੇ ਪਿੰਡ ਪੜ੍ਹਾਉਣ ਜਾਂਦੇ ਜਿਸ ਕਰ ਕੇ ਸਾਡਾ ਰਸਤੇ ਵਿੱਚ ਕਾਫ਼ੀ ਸਮਾਂ ਬਰਬਾਦ ਹੋ ਜਾਂਦਾ ਸੀ।
ਸਾਡਾ ਅਕੈਡਮੀ ਦਾ ਕੰਮ ਚੰਗਾ ਚੱਲ ਪਿਆ ਸੀ। ਵਿਦਿਆਰਥੀਆਂ ਦੀ ਗਿਣਤੀ ਵੀ ਕਾਫ਼ੀ ਵਧਣ ਲੱਗ ਪਈ ਸੀ। ਆਥਣ ਵੇਲੇ ਮੈਂ (ਸਕੂਲ ਤੋਂ ਬਾਅਦ) ਅਕੈਡਮੀ ਸਭ ਤੋਂ ਪਹਿਲਾਂ ਆ ਜਾਂਦਾ ਤੇ ਵੇਖਦਾ ਹਾਂ ਕਿ ਸਕੂਲ ਦੇ ਕਰਮਚਾਰੀਆਂ ਦੁਆਰਾ ਅਕੈਡਮੀ ਸ਼ੀਸ਼ੇ ਵਾਂਗ ਚਮਕਾਈ ਹੁੰਦੀ, ਚਾਹ ਵਾਲੇ ਭਾਂਡੇ, ਮੇਜ਼, ਕੁਰਸੀਆਂ, ਬੈਂਚ ਤੇ ਕਲਾਸਾਂ ਸਾਫ਼-ਸੁਥਰੀਆਂ ਹੁੰਦੀਆਂ। ਮੈਂ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਤੇ ਮੇਰੇ ਗੁਰੂਦੇਵ (ਕੁਝ ਸਮੇਂ ਬਾਅਦ ਆ ਕੇ) ਵੱਡੇ ਵਿਦਿਆਰਥੀਆਂ ਨੂੰ ਪੜ੍ਹਾਉਣ ਲੱਗ ਜਾਂਦੇ।
ਥੋੜ੍ਹਾ ਕੁ ਸਮਾਂ ਏਦਾਂ ਹੀ ਲੰਘਿਆ। ਇੱਕ ਦਿਨ ਮੈਂ ਵੇਖਿਆ ਕਿ ਬੈਂਚ ਉੱਘੜ-ਦੁੱਘੜੇ ਪਏ ਸਨ ਤੇ ਮੈਂ ਠੀਕ ਕਰ ਕੇ ਰੱਖ ਦਿੱਤੇ। ਇਸ ਤਰ੍ਹਾਂ ਹੌਲੀ ਹੌਲੀ ਉਨ੍ਹਾਂ ਨੇ ਸਫ਼ਾਈ ਕਰਨੀ ਛੱਡ ਦਿੱਤੀ ਤੇ ਚਾਹ ਵਾਲੇ ਬਰਤਨ, ਕਾਗਜ਼, ਜਮਾਤਾਂ ਵਿੱਚ ਖਿੱਲਰਿਆ ਹੁੰਦਾ ਬੱਚਿਆਂ ਦਾ ਖਾਣਾ ਤੇ ਇੱਥੋਂ ਤੱਕ ਕਿ ਬਾਥਰੂਮਾਂ ਦੀ ਸਫ਼ਾਈ ਵੀ ਬੰਦ ਕਰ ਦਿੱਤੀ। ਮੈਂ ਆਪਣੇ ਸਾਥੀਆਂ ਨੂੰ ਬਿਨਾਂ ਦੱਸੇ ਆਉਣ ਸਾਰ ਪਹਿਲਾਂ ਸਕੂਲ ਦੇ ਖਿਲਾਰੇ ਹੋਏ ਬਰਤਨ ਇਕੱਠੇ ਕਰਦਾ, ਕਮਰਿਆਂ ਤੇ ਵਰਾਂਡੇ ’ਚੋਂ ਕਾਗਜ਼ ਚੁੱਕਦਾ, ਝਾੜੂ ਲਾਉਂਦਾ, ਬੈਂਚ ਸਾਫ਼ ਕਰ ਕੇ ਤਰਤੀਬ ਵਿੱਚ ਕਰਦਾ, ਬਰਤਨ ਸਾਫ਼ ਕਰਦਾ ਤੇ ਚਾਹ ਵੀ ਬਣਾਉਂਦਾ ਤੇ ਸਭ ਨੂੰ ਵਰਤਾ ਕੇ ਫਿਰ ਬਰਤਨ ਸਾਫ਼ ਕਰਦਾ। ਇਹ ਕੰਮ ਕਰਦਿਆਂ ਕਈ ਵਾਰ ਮੇਰੇ ਵਿਦਿਆਰਥੀ ਵੀ ਅਕੈਡਮੀ ਵਿੱਚ ਆ ਜਾਂਦੇ ਤੇ ਮੈਂ ਉਨ੍ਹਾਂ ਦੇ ਸਾਹਮਣੇ ਵੀ ਆਪਣਾ ਕੰਮ ਫ਼ਰਜ਼ ਸਮਝ ਕੇ ਕਰਦਾ ਰਹਿੰਦਾ। ਇੱਕ ਗੱਲ ਹੋਰ ਮੇਰੇ ਸਾਥੀ ਸਿਰਫ਼ ਬੋਰਡ ਕਲਾਸਾਂ (ਜਿਵੇਂ ਅੱਠਵੀਂ, ਦਸਵੀਂ, ਬਾਰਵੀਂ ਤੇ ਬੀ.ਏ.ਆਦਿ) ਨੂੰ ਪੜ੍ਹਾਉਂਦੇ ਜਿਨ੍ਹਾਂ ਦੇ ਬੱਚੇ ਕਲਾਸ-ਵਾਈਜ਼ ਇਕੱਠੇ ਹੁੰਦੇ ਤੇ ਮੇਰੇ ਕੋਲ ਨਰਸਰੀ ਤੋਂ ਲੈ ਕੇ ਸਾਰੀਆਂ ਨਾਨ-ਬੋਰਡ ਕਲਾਸਾਂ ਹੁੰਦੀਆਂ ਜਿਨ੍ਹਾਂ ਦੇ ਬੱਚੇ ’ਕੱਲੇ-’ਕਹਿਰੇ ਤੇ ਟੁੱਟਵੇਂ ਹੁੰਦੇ ਜਿਸ ਕਰ ਕੇ ਬੱਚਿਆਂ ਨੂੰ ਹੋਮ ਵਰਕ ਵੀ ਇਕੱਲੇ-ਇਕੱਲੇ ਨੂੰ ਟੁੱਟਵਾਂ ਹੀ ਦੇਣਾ ਪੈਂਦਾ ਸੀ।ਇਸ ਤਰ੍ਹਾਂ ਅਸੀਂ ਡੂੰਘੀ ਗਈ ਰਾਤ ਤੱਕ ਪੜ੍ਹਾਉਂਦੇ ਰਹਿੰਦੇ।
ਮੈਨੂੰ ਵਿਦਿਆਰਥੀਆਂ ਕੋਲ ਜਾਂ ਸਾਹਮਣੇ ਕੰਮ ਕਰਦੇ ਨੂੰ ਵੀ ਕੋਈ ਖ਼ਾਸ ਦਿੱਕਤ ਨਾ ਆਉਂਦੀ ਤੇ ਨਾ ਹੀ ਸ਼ਰਮ ਮਹਿਸੂਸ ਹੁੰਦੀ ਕਿ ਜਿਹੜੇ ਬੱਚਿਆਂ ਨੂੰ ਮੈਂ ਕੰਮ ਕਰਨ ਤੋਂ ਬਾਅਦ ਪੜ੍ਹਾਉਣਾ ਹੈ ਉਹ ਮੇਰੇ ਸਾਹਮਣੇ ਬੈਠੇ ਹਨ। ਦਰਅਸਲ, ਮੈਂ ਬਚਪਨ ਤੋਂ ਹੀ ਦਰਦੀਲੀ ਤੇ ਡੂੰਘੀ ਖਾਈ ਵਿੱਚ ਮੂਧੇ ਮੂੰਹ ਡਿੱਗੇ ਹੋਏ ਨੇ ਸੁਰਤ ਸੰਭਾਲੀ ਸੀ ਤੇ ਜੁਆਨੀ ਵਿੱਚ ਵੀ ਮੈਨੂੰ ਅੰਬਰਾਂ ਦਾ ਚੰਨ ਰੋਮਾਂਟਿਕ ਜਾਂ ਦਿਲਚਸਪ ਨਾ ਲੱਗਦਾ ਸਗੋਂ ਕਵੀ ਅਵਤਾਰ ਪਾਸ਼ ਦੇ ਕਹਿਣ ਮੁਤਾਬਿਕ ਚੰਨ ਮਿਰਚਾਂ ਵਾਂਗ ਲੜਦਾ ਸੀ। ਲੋਕ ਕਵੀ ਸੰਤ ਰਾਮ ਉਦਾਸੀ ਦੇ ‘ਮਘਦੇ ਸੂਰਜ’ ਨੂੰ ਮੈਂ ਆਪਣੀ ਜ਼ਿੰਦਗੀ ਦਾ ਹਨੇਰਾ ਹੂੰਝਣ ਦਾ ਜ਼ਰੀਆ ਬਣਾ ਲਿਆ ਸੀ। ਇਸੇ ਕਰ ਕੇ ਮੈਂ ਮਨ ਵਿੱਚ ਇਹ ਗੱਲ ਪੱਕੀ ਧਾਰ ਲਈ ਸੀ ਕਿ ਮੇਰਾ ਇਹ ਕੰਮ ਮੇਰੀ ਮੰਜ਼ਿਲ ਨਹੀਂ, ਸਿਰਫ਼ ਰਸਤਾ ਹੈ। ਭਾਵੇਂ ਇਸ ਰਸਤੇ ’ਤੇ ਤੁਰਦਿਆਂ ਜਾਂ ਕੰਮ ਕਰਦਿਆਂ ਮੇਰੇ ਵਿਦਿਆਰਥੀ ਵੀ ਮੇਰੇ ਸਾਹਮਣੇ ਕਿਉਂ ਨਾ ਹੋਣ। ਸੋ ਏਹੋ ਜਿਹੇ ਹਾਲਾਤ ਦੇ ਡੂੰਘੇ ਸਮੁੰਦਰ ਵਿੱਚ ਰਿੜ੍ਹ ਕੇ ਜਾਂ ਠੋਕਰਾਂ ਖਾ ਕੇ ਮੈਂ ਸਮੇਂ ਤੋਂ ਪਹਿਲਾਂ ਹੀ ਇਹ ਧਾਰਨਾ ਬਣਾ ਲਈ ਸੀ ਕਿ ਕੰਮ ਮੇਰੇ ਲਈ ਓਨਾਂ ਚਿਰ ਪੂਜਾ ਨਹੀਂ ਹੈ ਜਿੰਨਾ ਚਿਰ ਮੈਨੂੰ ਮੇਰੀ ਪਸੰਦ ਦਾ ਕੰਮ ਨਹੀਂ ਮਿਲ ਜਾਂਦਾ। ਪਸੰਦ ਦੇ ਕੰਮ ਤੋਂ ਬਿਨਾਂ ਤਾਂ ਇਹ ਮੇਰੇ ਲਈ ਸਿਰਫ਼ ਗ਼ੁਲਾਮੀ ਹੀ ਹੈ। ਇਸ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਮੈਂ ਬਚਪਨ ਤੋਂ ਹੀ ਰਸਤੇ ਅਤੇ ਮੰਜ਼ਿਲ ਸਬੰਧੀ ਆਪਣਾ ਦ੍ਰਿਸ਼ਟੀਕੋਣ ਵੱਡਾ ਬਣਾ ਲਿਆ ਸੀ। ਕਿਤਾਬਾਂ ਅਤੇ ਕਿਰਤ ਨਾਲ ਜੁੜ ਕੇ ਅਧਿਆਪਕ ਬਣਨ ਦਾ ਸੁਪਨਾ ਨੈਣਾਂ ਵਿੱਚ ਵਸਾ ਲਿਆ ਸੀ।
ਭਾਵੇਂ ਕਿ ਸਖ਼ਤ ਮਿਹਨਤ ਅਤੇ ਲਗਾਤਾਰ ਕਿਰਤ ਕਰ ਕੇ ਮੈਂ ਆਪਣਾ ਮਨਪਸੰਦ ਸਥਾਨ ਪ੍ਰਾਪਤ ਕਰ ਲਿਆ ਹੈ ਪਰ ਮੈਂ ਸੋਚਦਾ ਹਾਂ ਕਿ ਅੱਜ ਜ਼ਿਆਦਾਤਰ ਬੰਦੇ ਵੱਡਾ ਸਥਾਨ, ਅਹੁਦਾ ਤੇ ਪੈਸਾ ਤਾਂ ਚਾਹੁੰਦੇ ਹਨ ਪਰ ਕਿਰਤ ਕਰਨ ਤੋਂ ਕੋਹਾਂ ਦੂਰ ਭੱਜਦੇ ਤੇ ਸ਼ਰਮ ਵੀ ਮਹਿਸੂਸ ਕਰਦੇ ਹਨ। ਫਿਰ ਸੁਪਨੇ ਕਿਵੇਂ ਪੂਰੇ ਹੋਣਗੇ? ਇਹ ਚਿੰਤਾ ਵਾਲੀ ਗੱਲ ਲੱਗਦੀ ਹੈ।
ਸੰਪਰਕ: 98144-00878

Advertisement
Advertisement

Advertisement
Author Image

Ravneet Kaur

View all posts

Advertisement