For the best experience, open
https://m.punjabitribuneonline.com
on your mobile browser.
Advertisement

ਸਰਾਭੇ ਦੀ ਨਿੱਕੀ ਉਮਰੇ ਵੱਡੀ ਸ਼ਹਾਦਤ

04:12 AM May 25, 2025 IST
ਸਰਾਭੇ ਦੀ ਨਿੱਕੀ ਉਮਰੇ ਵੱਡੀ ਸ਼ਹਾਦਤ
Advertisement

ਗੁਰਦੇਵ ਸਿੰਘ ਸਿੱਧੂ

Advertisement

ਗ਼ਦਰ ਪਾਰਟੀ ਨੇ ਪਹਿਲੀ ਆਲਮੀ ਜੰਗ ਵਿੱਚ ਉਲਝੇੇ ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਦੇ ਜੂਲੇ ਵਿੱਚੋਂ ਹਿੰਦੋਸਤਾਨ ਨੂੰ ਹਥਿਆਰਬੰਦ ਅੰਦੋਲਨ ਦੁਆਰਾ ਆਜ਼ਾਦ ਕਰਵਾ ਲੈਣ ਲਈ ਜੰਗ ਨੂੰ ਢੁੱਕਵਾਂ ਮੌਕਾ ਸਮਝਿਆ। ਇਸ ਨੇ ਵਿਦੇਸ਼ਾਂ ਵਿਚਲੇ ਆਪਣੇ ਵਰਕਰਾਂ ਨੂੰ ਦੇਸ ਪਹੁੰਚਣ ਦਾ ਸੱਦਾ ਦਿੱਤਾ। ਚੌਵੀ ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਜਨਮਿਆ ਕਰਤਾਰ ਸਿੰਘ ਇਸ ਸੱਦੇ ਉੱਤੇ ਫੁੱਲ ਚੜ੍ਹਾਉਂਦਿਆਂ 20 ਸਤੰਬਰ ਦੇ ਨੇੜ ਪੰਜਾਬ ਪਹੁੰਚਿਆ ਅਤੇ 21 ਫਰਵਰੀ 1915 ਨੂੰ ਗ਼ਦਰ ਦੀ ਯੋਜਨਾ ਅਸਫ਼ਲ ਹੋਣ ਪਿੱਛੋਂ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨ ਵਾਸਤੇ ਸਾਜ਼ਗਾਰ ਹਾਲਾਤ ਪੈਦਾ ਹੋਣ ਤੱਕ ਸਰਹੱਦ ਵੱਲ ਗਿਆ ਗ੍ਰਿਫ਼ਤਾਰ ਹੋ ਗਿਆ। ਇਉਂ, ਉਸ ਨੂੰ ਸਿਰਫ਼ ਪੰਜ ਮਹੀਨੇ ਦੇਸ ਵਿੱਚ ਰਹਿਣ ਦਾ ਅਵਸਰ ਮਿਲਿਆ ਪਰ ਇਸ ਥੋੜ੍ਹੇ ਸਮੇਂ ਵਿੱਚ ਉਸ ਨੇ ਗਦਰ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਾਸਤੇ ਜਿਹੜੇ ਜਥੇਬੰਦਕ ਅਤੇ ਅਮਲੀ ਕਾਰਜ ਸੰਪੰਨ ਕੀਤੇ, ਉਹ ਹੈਰਾਨ ਕਰਨ ਵਾਲੇ ਹਨ।
ਕਰਤਾਰ ਸਿੰਘ ਸਰਾਭਾ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਪਿੱਛੋਂ ਜੁਲਾਈ 1912 ਵਿੱਚ ਅਮਰੀਕਾ ਪਹੁੰਚਿਆ ਅਤੇ ਇਸ ਸਾਲ ਦੇ ਅੰਤ ਤੱਕ ਬਰਕਲੇ ਯੂਨੀਵਰਸਿਟੀ ਦਾ ਵਿਦਿਆਰਥੀ ਬਣ ਕੇ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲੱਗਾ। ਕੁਝ ਹੱਡੀਂ ਹੰਢਾਏ ਅਨੁਭਵ ਅਤੇ ਕੁਝ ਲਾਲਾ ਹਰਦਿਆਲ ਦੀ ਸੰਗਤ ਵਿੱਚੋਂ ਦੇਸ਼ ਭਗਤੀ ਦੀ ਲਗਨ ਲੱਗੀ। ਛੇਤੀ ਹੀ ਉਹ ਪੜ੍ਹਾਈ ਛੱਡ ਕੇ ਗ਼ਦਰ ਪਾਰਟੀ ਦਾ ਕੁੱਲਵਕਤੀ ਵਰਕਰ ਬਣ ਗਿਆ। ਗ਼ਦਰ ਪਾਰਟੀ ਦੀ ਸਥਾਪਨਾ ਦੇ ਦਿਨ ਤੋਂ ਪਾਰਟੀ ਵਿੱਚ ਜਥੇਬੰਦਕ ਪੱਧਰ ਉੱਤੇ ਅਤੇ ‘ਗ਼ਦਰ’ ਅਖ਼ਬਾਰ ਦੀ ਛਪਵਾਈ ਅਤੇ ਵੰਡਾਈ ਵਿੱਚ ਆਪਣੇ ਯੋਗਦਾਨ ਸਦਕਾ ਨਿੱਕੀ ਉਮਰ ਦੇ ਬਾਵਜੂਦ ਉਹ ਪਾਰਟੀ ਦੇ ਉੱਪਰਲੇ ਆਗੂਆਂ ਵਿੱਚ ਗਿਣਿਆ ਜਾਣ ਲੱਗਾ। ਹਿੰਦੋਸਤਾਨ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਦੇ ਡਾਇਰੈਕਟਰ ਨੇ ‘ਹਿੰਦੋਸਤਾਨ ਦੀ ਵਰਤਮਾਨ ਰਾਜਸੀ ਹਾਲਤ’ ਬਾਰੇ 14 ਮਈ 1914 ਨੂੰ ਹਿੰਦੋਸਤਾਨ ਸਰਕਾਰ ਵੱਲ ਭੇਜੀ ਰਿਪੋਰਟ ਵਿੱਚ ਕਰਤਾਰ ਸਿੰਘ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿੱਚ ਕੀਤਾ, “ਕਰਤਾਰ ਸਿੰਘ ਇਨਕਲਾਬੀ ਭਾਵਨਾ ਨਾਲ ਓਤ ਪੋਤ ਦੱਸਿਆ ਜਾਂਦਾ ਹੈ ਅਤੇ ਅਮਰੀਕਾ ਵਿੱਚ ਉਨ੍ਹਾਂ ਬਦਕਿਸਮਤ ਹਿੰਦੋਸਤਾਨੀ ਵਿਦਿਆਰਥੀਆਂ ਵਿੱਚੋਂ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਹਰਦਿਆਲ ਅਤੇ ਉਸ ਦੇ ਪੈਰੋਕਾਰਾਂ ਵੱਲੋਂ (ਇਨਕਲਾਬੀ) ਲਾਗ ਲਾਈ ਜਾ ਚੁੱਕੀ ਹੈ।” ਪਾਰਟੀ ਨੀਤੀ ਪ੍ਰਤੀ ਪ੍ਰਤੀਬੱਧਤਾ ਇੱਕੋ ਇੱਕ ਕਾਰਨ ਸੀ ਕਿ ਜਦੋਂ ਅਜੇ ਅਮਰੀਕਾ ਵਿਚਲੇ ਗ਼ਦਰੀ ਦੇਸ ਆਉਣ ਦੀ ਵਿਉਂਤਬੰਦੀ ਕਰ ਰਹੇ ਸਨ, ਸਰਾਭਾ ਦੂਜਿਆਂ ਨਾਲੋਂ ਲਗਭਗ ਇੱਕ ਮਹੀਨਾ ਪਹਿਲਾਂ ਪੰਜਾਬ ਲਈ ਚੱਲ ਪਿਆ। ਉਹ ਜਾਣਦਾ ਸੀ ਕਿ ਸਾਮਰਾਜੀ ਸਰਕਾਰ ਗ਼ਦਰੀਆਂ ਨੂੰ ਦੇਸ ਪਹੁੰਚਣ ਸਾਰ ਕਾਬੂ ਕਰਨ ਵਾਸਤੇ ਪੈੜੇ ਕਸ ਰਹੀ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਉਹ ਪੰਜਾਬੀਆਂ ਦੇ ਦੇਸ ਵਿੱਚ ਦਾਖ਼ਲੇ ਲਈ ਢੁੱਕਵੀਂ ਬੰਦਰਗਾਹ ਕਲਕੱਤੇ ਆਉਣ ਦੀ ਥਾਂ ਕੋਲੰਬੋ ਦੀ ਬੰਦਰਗਾਹ ਉੱਤੇ ਉਤਰਿਆ ਅਤੇ ਫਿਰ ਰੇਲ ਦਾ ਸਫ਼ਰ ਕਰਦਿਆਂ 20 ਸਤੰਬਰ ਨੂੰ ਪੰਜਾਬ ਪਹੁੰਚਿਆ। ਉਹ ਆਪਣੇ ਪਿੰਡ ਗਿਆ ਜ਼ਰੂਰ ਪਰ ਉੱਥੇ ਇੱਕ ਦੋ ਦਿਨ ਤੋਂ ਵੱਧ ਨਹੀਂ ਠਹਿਰਿਆ। ਘਰ ਜਾਣ ਦਾ ਮਨੋਰਥ ਆਪਣੇ ਬਾਬਾ ਜੀ ਸ. ਬਦਨ ਸਿੰਘ, ਜਿਨ੍ਹਾਂ ਨੇ ਉਸ ਦੇ ਪਾਲਣ ਪੋਸ਼ਣ ਅਤੇ ਅਮਰੀਕਾ ਪੜ੍ਹਨ ਵਾਸਤੇ ਭੇਜਣ ਦਾ ਪ੍ਰਬੰਧ ਕੀਤਾ ਸੀ, ਨੂੰ ਆਪਣੀ ਦੇਸ ਵਾਪਸੀ ਦਾ ਮੰਤਵ ਦੱਸਣਾ ਸੀ।
ਅਮਰੀਕਾ, ਕੈਨੇਡਾ ਅਤੇ ਪੂਰਬੀ ਟਾਪੂਆਂ ਤੋਂ ਆਉਣ ਵਾਲੇ ਹੋਰ ਗ਼ਦਰੀ ਅਜੇ ਰਸਤੇ ਵਿੱਚ ਹੀ ਸਨ। ਕਰਤਾਰ ਸਿੰਘ ਉਨ੍ਹਾਂ ਦੀ ਉਡੀਕ ਵਿੱਚ ਵਿਹਲਾ ਨਹੀਂ ਬੈਠਾ। ਗ਼ਦਰ ਪਾਰਟੀ ਵੱਲੋਂ ਹਿੰਦੋਸਤਾਨ ਵਿੱਚੋਂ ਅਖ਼ਬਾਰ ਪ੍ਰਕਾਸ਼ਿਤ ਕਰਨ ਵਾਸਤੇ ਢੁੱਕਵਾਂ ਸਥਾਨ ਲੱਭਣ ਲਈ ਅਮਰੀਕਾ ਤੋਂ ਭੇਜਿਆ ਕਰਤਾਰ ਸਿੰਘ ਦੁੱਕੀ ਪੰਜਾਬ ਵਿੱਚ ਸੀ। ਉਸ ਦਾ ਪਿੰਡ ਲਤਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਸਰਾਭੇ ਦੇ ਨੇੜ ਹੀ ਸੀ। ਇਸ ਲਈ ਕਰਤਾਰ ਸਿੰਘ ਨੇ ਸਭ ਤੋਂ ਪਹਿਲਾਂ ਉਸ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਫਿਰ ਉਸ ਨੇ 1907 ਦੀ ਕਿਸਾਨ ਲਹਿਰ ਵਿੱਚ ਸਰਗਰਮ ਰਹੇ ਦੇਸ਼ਭਗਤਾਂ ਮਹਿਤਾ ਅਨੰਦ ਕਿਸ਼ੋਰ, ਰਾਮ ਸਰਨ ਦਾਸ, ਲਾਲਾ ਕਿਦਾਰ ਨਾਥ ਸਹਿਗਲ ਆਦਿ ਨੂੰ ਮਿਲ ਕੇ ਗ਼ਦਰ ਪਾਰਟੀ ਦੀ ਯੋਜਨਾ ਬਾਰੇ ਦੱਸ ਕੇ ਉਨ੍ਹਾਂ ਤੋਂ ਸਹਿਯੋਗ ਮੰਗਣ ਦਾ ਕਾਰਜ ਅਰੰਭਿਆ ਜਿਸ ਵਿੱਚ ਉਸ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ। ਸ. ਕਿਸ਼ਨ ਸਿੰਘ ਨੇ ਉਸ ਨੂੰ ਸਹਾਇਤਾ ਵਜੋਂ ਇੱਕ ਹਜ਼ਾਰ ਰੁਪਏ ਵੀ ਦਿੱਤੇ। ਕਰਤਾਰ ਸਿੰਘ ਨੂੰ ਜਾਣਕਾਰੀ ਮਿਲ ਗਈ ਸੀ ਕਿ ਜਗਤ ਸਿੰਘ, ਪਿਆਰਾ ਸਿੰਘ, ਹਰਨਾਮ ਸਿੰਘ, ਨੰਦ ਸਿੰਘ, ਸੋਹਨ ਸਿੰਘ (ਇਹ ਬਾਬਾ ਭਕਨਾ ਨਹੀਂ) ਅਤੇ ਜਵੰਦ ਸਿੰਘ ਜੋ ਉਸ ਦੇ ਅੱਗੜ ਪਿੱਛੜ ਅਮਰੀਕਾ ਤੋਂ ਚੱਲੇ ਸਨ ਜਾਂ ਉਸ ਨੂੰ ਰਸਤੇ ਦੀਆਂ ਬੰਦਰਗਾਹਾਂ ਉੱਤੇ ਮਿਲੇ ਸਨ, ਕਲਕੱਤੇ ਵੱਲ ਦੀ ਪੰਜਾਬ ਪਹੁੰਚ ਚੁੱਕੇ ਹਨ। ਸੋ ਉਸ ਨੇ ਇਨ੍ਹਾਂ ਨਾਲ ਸੰਪਰਕ ਬਣਾਇਆ ਅਤੇ ਆਗੂਆਂ ਦੇ ਆ ਜਾਣ ਪਿੱਛੋਂ ਧਾਰਨ ਕੀਤੀ ਜਾਣ ਵਾਲੀ ਭਾਵੀ ਰਣਨੀਤੀ ਦੀ ਚਰਚਾ ਕਰਨ ਵਾਸਤੇ ਸਤੰਬਰ ਦੇ ਅੰਤ ਵਿੱਚ ਖੰਨੇ ਮੀਟਿੰਗ ਕੀਤੀ। ਅਕਤੂਬਰ ਦਾ ਮਹੀਨਾ ਵੀ ਕਰਤਾਰ ਸਿੰਘ ਨੇ ਨਵੇਂ ਸੰਪਰਕ ਬਣਾਉਣ ਵਿੱਚ ਲਾਇਆ। ਉਹ ਯੋਜਨਾਬੱਧ ਕੰਮ ਸ਼ੁਰੂ ਕਰਨ ਲਈ ਆਗੂਆਂ ਦੀ ਉਡੀਕ ਕਰ ਰਿਹਾ ਸੀ ਪਰ ਸਾਰੀ ਖੇਡ ਉਸ ਦੀ ਆਸ ਨਾਲੋਂ ਪੁੱਠੀ ਪੈ ਗਈ। ਗ਼ਦਰੀਆਂ ਨੇ ਸਮੁੰਦਰੀ ਜਹਾਜ਼ ਦੇ ਸਫ਼ਰ ਦੌਰਾਨ ਸਰਕਾਰ ਵਿਰੁੱਧ ਹਥਿਆਰਬੰਦ ਅੰਦੋਲਨ ਚਲਾਉਣ ਵਾਸਤੇ ਅੱਠ ਜਥੇ ਬਣਾਏ ਅਤੇ ਹਰ ਜਥੇ ਦੀ ਅਗਵਾਈ ਇੱਕ ਸੀਨੀਅਰ ਆਗੂ ਦੇ ਹੱਥ ਦਿੱਤੀ। ਇਨ੍ਹਾਂ ਦੇ ਕਲਕੱਤੇ ਪੁੱਜਣ ਤੋਂ ਪਹਿਲਾਂ ਸਰਕਾਰ ਨੇ ਵਿਦੇਸ਼ ਤੋਂ ਪਰਤ ਰਹੇ ਵਿਅਕਤੀਆਂ ਦੀ ਪੁੱਛ ਪੜਤਾਲ ਅਤੇ ਫੜੋ-ਫੜਾਈ ਕਰਨ ਵਾਸਤੇ ਕਾਨੂੰਨ ਲਾਗੂ ਕਰ ਦਿੱਤਾ ਸੀ। ਨਤੀਜਾ ਇਹ ਨਿਕਲਿਆ ਕਿ ਕਲਕੱਤੇ ਬੰਦਰਗਾਹ ਉੱਤੇ ਜਹਾਜ਼ ਤੋਂ ਉੱਤਰੇ ਸੱਤ ਆਗੂਆਂ ਵਿੱਚੋਂ ਪੰਜ - ਕੇਸਰ ਸਿੰਘ ਠੱਠਗੜ੍ਹ, ਰੂੜ ਸਿੰਘ ਚੂਹੜਚੱਕ, ਰਾਮ ਸਿੰਘ ਸ਼ੰਕਰ, ਸ਼ੇਰ ਸਿੰਘ ਵੇਈਂ ਪੋਈਂ ਅਤੇ ਜਵਾਲਾ ਸਿੰਘ ਠੱਠੀਆਂ ਨੂੰ ਪੁਲੀਸ ਨੇ ਗ੍ਰਿਫ਼ਤ ਵਿੱਚ ਲੈ ਲਿਆ, ਇਸ ਹੋਣੀ ਤੋਂ ਬਚੇ ਤਾਂ ਕੇਵਲ ਜਗਤ ਰਾਮ ਅਤੇ ਨਵਾਬ ਖਾਂ। ਇਨ੍ਹਾਂ ਤੋਂ ਪਹਿਲਾਂ ਕਲਕੱਤਾ ਪੁਲੀਸ 24 ਅਕਤੂਬਰ ਨੂੰ ਸੋਹਨ ਸਿੰਘ ਭਕਨਾ ਨੂੰ ਹਿਰਾਸਤ ਵਿੱਚ ਲੈ ਚੁੱਕੀ ਸੀ। ਅੱਠਵਾਂ ਆਗੂ ਨਿਧਾਨ ਸਿੰਘ ਚੁੱਘਾ ਆਪਣੇ ਸਾਥੀਆਂ ਸਮੇਤ ਕੋਲੰਬੋ ਰਾਹੀਂ ਆਉਣ ਕਾਰਨ ਪੁਲੀਸ ਦੇ ਹੱਥ ਆਉਣੋਂ ਬਚ ਗਿਆ। ਇਸ ਹਾਲਤ ਵਿੱਚ ਆਗੂ ਵਿਹੂਣੀ ਹੋ ਗਈ ਪਾਰਟੀ ਨੂੰ ਨਵੇਂ ਸਿਰੇ ਪੈਰਾਂ ਸਿਰ ਖੜ੍ਹਾ ਕਰਨਾ ਕਰਤਾਰ ਸਿੰਘ ਵਾਸਤੇ ਵੱਡੀ ਵੰਗਾਰ ਸੀ ਜਿਸ ਨੂੰ ਉਸ ਨੇ ਪ੍ਰਵਾਨ ਕਰ ਲਿਆ।
ਸਰਾਭੇ ਨੂੰ ਜਾਣਕਾਰੀ ਮਿਲ ਗਈ ਸੀ ਕਿ ਕਲਕੱਤੇ ਵਿੱਚ ਗ੍ਰਿਫ਼ਤਾਰ ਕੀਤੇ ਗ਼ਦਰੀਆਂ ਨੂੰ ਪੁੱਛ ਪੜਤਾਲ ਕਰਨ ਵਾਸਤੇ ਲੁਧਿਆਣੇ ਲਿਆਂਦਾ ਜਾਵੇਗਾ। ਇਸ ਲਈ ਉਹ ਸੂਹ ਰੱਖਣ ਲੱਗ ਪਿਆ ਸੀ। ਸਬੱਬ ਨਾਲ ਇੱਕ ਦਿਨ ਪੁਲੀਸ ਬਾਬਾ ਭਕਨਾ ਨੂੰ ਕੋਤਵਾਲੀ ਤੋਂ ਰੇਲਵੇ ਸਟੇਸ਼ਨ ਵੱਲ ਲਿਜਾ ਰਹੀ ਸੀ ਤਾਂ ਉਸ ਨੇ ਮੌਕਾ ਪਾ ਕੇ ਬਾਬਾ ਜੀ ਤੋਂ ਭਵਿੱਖ ਦੀ ਕਾਰਜ ਯੋਜਨਾ ਬਾਰੇ ਅਗਵਾਈ ਲਈ।
ਕਰਤਾਰ ਸਿੰਘ ਸਰਾਭਾ ਨੂੰ ਭਾਈ ਰਣਧੀਰ ਸਿੰਘ ਦੇ ਮਨ ਵਿੱਚ ਅੰਗਰੇਜ਼ ਸਰਕਾਰ ਦੀਆਂ ਪੰਥ ਵਿਰੋਧੀ ਕਾਰਵਾਈਆਂ ਕਾਰਨ ਉਪਜੀ ਨਫ਼ਰਤ ਬਾਰੇ ਜਾਣਕਾਰੀ ਮਿਲੀ ਤਾਂ ਉਹ ਨਵੰਬਰ ਦੇ ਸ਼ੁਰੂ ਵਿੱਚ ਭਾਈ ਨਿਧਾਨ ਸਿੰਘ ਚੁੱਘਾ ਅਤੇ ਕੁਝ ਹੋਰ ਸਾਥੀਆਂ ਨਾਲ ਭਾਈ ਸਾਹਿਬ ਨੂੰ ਜਾ ਕੇ ਮਿਲਿਆ। ਜਦ ਗ਼ਦਰੀ ਆਗੂਆਂ ਨੇ ਉਨ੍ਹਾਂ ਤੋਂ ਆਪਣੇ ਕਾਜ਼ ਲਈ ਸਹਾਇਤਾ ਮੰਗੀ ਤਾਂ ਉਹ ਨਾ ਕੇਵਲ ਆਪ ਝਟਪਟ ਅਜਿਹਾ ਕਰਨ ਲਈ ਤਿਆਰ ਹੋ ਗਏ ਸਗੋਂ ਉਨ੍ਹਾਂ ਨੇ ਆਪਣੇ ਜਥੇ ਵਿੱਚੋਂ ਭਰੋਸੇਯੋਗ ਮਾਲਵਾ ਖਾਲਸਾ ਹਾਈ ਸਕੂਲ, ਲੁਧਿਆਣਾ ਦੇ ਵਿਦਿਆਰਥੀ ਅਤੇ ਸਕੂਲ ਹੋਸਟਲ ਵਿੱਚ ਰਹਿਣ ਵਾਲੇ ਸੱਜਣ ਸਿੰਘ, ਨਾਹਰ ਸਿੰਘ ਅਤੇ ਪੂਰਨ ਸਿੰਘ ਨੂੰ ਵੀ ਗ਼ਦਰੀਆਂ ਨਾਲ ਜੋੜ ਦਿੱਤਾ। ਇਸ ਨਾਲ ਕਰਤਾਰ ਸਿੰਘ ਨੂੰ ਨਾ ਕੇਵਲ ਕੰਮ ਕਰਨ ਵਾਲੇ ਨੌਜਵਾਨ ਸਾਥੀ ਹੀ ਮਿਲੇ ਸਗੋਂ ਵੇਲੇ ਕੁਵੇਲੇ ਲੁਧਿਆਣੇ ਵਿੱਚ ਰੁਕਣ ਵਾਸਤੇ ਠਾਹਰ ਵੀ ਮਿਲ ਗਈ। ਇਨ੍ਹਾਂ ਦੇ ਸਹਿਯੋਗ ਨਾਲ ਇਸਲਾਮੀਆ ਸਕੂਲ ਵਿੱਚ ਵੀ ਗ਼ਦਰੀ ਸੋਚ ਦੇ ਹਾਮੀ ਵਿਦਿਆਰਥੀ ਮਿਲ ਗਏ। ਇਨ੍ਹਾਂ ਨੇ ‘ਗ਼ਦਰ’ ਵਿੱਚ ਛਪੀ ਇੱਕ ਲੰਮੀ ਕਵਿਤਾ ਦੀਆਂ ਕੁਝ ਪੰਕਤੀਆਂ, ਜਿਨ੍ਹਾਂ ਵਿੱਚ ਦੇਸ਼ਵਾਸੀਆਂ ਨੂੰ ਅੰਗਰੇਜ਼ੀ ਰਾਜ ਕਾਰਨ ਹੋਈ ਉਨ੍ਹਾਂ ਦੀ ਤਰਸਯੋਗ ਹਾਲਤ ਯਾਦ ਕਰਾ ਕੇ ਗ਼ਦਰ ਦੁਆਰਾ ਅੰਗਰੇਜ਼ੀ ਰਾਜ ਦਾ ਖੁਰਾ ਖੋਜ ਮਿਟਾ ਦੇਣ ਦਾ ਸੱਦਾ ਦਿੱਤਾ ਗਿਆ ਸੀ, ਪੋਸਟਰ ਰੂਪ ਵਿੱਚ ਲਿਖ ਕੇ ਸਕੂਲ ਦੇ ਮੁੱਖ ਦਰਵਾਜ਼ੇ ਉੱਤੇ ਚਿਪਕਾਈਆਂ ਅਤੇ ਪਾਰਟੀ ਪ੍ਰਤੀ ਸਮਰਪਣ ਦਾ ਸਬੂਤ ਦਿੱਤਾ।
ਬਾਬਾ ਸੋਹਨ ਸਿੰਘ ਭਕਨਾ ਤੋਂ ਮਿਲੇ ਦਿਸ਼ਾ ਨਿਰਦੇਸ਼ ਅਨੁਸਾਰ ਕਰਤਾਰ ਸਿੰਘ ਨੇ ਵਿਦੇਸ਼ਾਂ ਤੋਂ ਆਏ ਗ਼ਦਰੀਆਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦੀਆਂ ਗੁਪਤ ਇਕੱਤ੍ਰਤਾਵਾਂ ਕਰਨੀਆਂ ਸ਼ੁਰੂ ਕੀਤੀਆਂ। ਪੁਰਬ ਜਾਂ ਉਤਸਵ ਮੌਕੇ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਬਹੁਤੀ ਹੋਣ ਕਾਰਨ ਪੁਲੀਸ ਦੁਆਰਾ ਸ਼ਨਾਖਤ ਕੀਤੇ ਜਾਣ ਦਾ ਡਰ ਘੱਟ ਹੁੰਦਾ ਹੈ। ਇਸ ਲਈ ਦੀਵਾਲੀ ਮੌਕੇ ਅੰਮ੍ਰਿਤਸਰ ਵਿੱਚ ਨਾਨਕ ਸਿੰਘ ਦੀ ਧਰਮਸ਼ਾਲਾ ਵਿੱਚ ਮੀਟਿੰਗ ਕੀਤੀ ਅਤੇ 2 ਨਵੰਬਰ 1914 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਨਕਾਣਾ ਸਾਹਿਬ ਵਿੱਚ। ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਦੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਾਸਤੇ ਦੋ ਦਿਸ਼ਾਵੀ ਕਾਰਜ ਕਰਨ ਦੀ ਲੋੜ ਸੀ। ਪਹਿਲਾ ਸੀ ਸਥਾਨਕ ਸੈਨਿਕਾਂ ਨੂੰ ਗ਼ਦਰ ਦੀ ਯੋਜਨਾ ਵਿੱਚ ਭਾਈਵਾਲ ਬਣਾਉਣਾ ਅਤੇ ਦੂਜਾ ਸੀ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਹਥਿਆਰ ਇਕੱਠੇ ਕਰਨਾ।ਕਰਤਾਰ ਸਿੰਘ ਆਪਣੇ ਸਹਿਯੋਗੀਆਂ ਵਿਸ਼ੇਸ਼ ਕਰਕੇ ਵਿਸ਼ਨੂੰ ਗਣੇਸ਼ ਪਿੰਗਲੇ, ਜੋ ਅਮਰੀਕਾ ਤੋਂ ਹੀ ਉਸ ਦੇ ਨਾਲ ਆਇਆ ਸੀ, ਨਾਲ ਰਲ ਕੇ ਇਨ੍ਹਾਂ ਦੋਵਾਂ ਮੁਹਾਜ਼ਾਂ ਉੱਤੇ ਸਰਗਰਮ ਸੀ। ਨਵੰਬਰ ਦੇ ਪਹਿਲੇ ਪੰਦਰਵਾੜੇ ਕਰਤਾਰ ਸਿੰਘ ਅਤੇ ਪਿੰਗਲੇ ਬੰਗਾਲੀ ਇਨਕਲਾਬੀਆਂ ਤੋਂ ਹਥਿਆਰ ਲੈਣ ਵਾਸਤੇ ਕਲਕੱਤੇ ਗਏ ਪਰ ਜਾਣ ਪਛਾਣ ਨਾ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ। ਉਨ੍ਹਾਂ ਲਾਹੌਰ ਦੀ ਮੀਆਂ ਮੀਰ ਛਾਉਣੀ ਅਤੇ ਫਿਰੋਜ਼ਪੁਰ ਛਾਉਣੀ ਵਿੱਚ ਸੈਨਿਕਾਂ ਨੂੰ ਆਪਣੇ ਪੱਖੀ ਬਣਾਇਆ। ਸਰਕਾਰ ਸੈਨਿਕਾਂ ਨੂੰ ਜੰਗ ਦੇ ਮੋਰਚਿਆਂ ਉੱਤੇ ਭੇਜਣ ਦੀ ਵਿਉਂਤ ਬਣਾ ਰਹੀ ਸੀ, ਗ਼ਦਰੀ ਉਨ੍ਹਾਂ ਨੂੰ ਉੱਥੇ ਜਾ ਕੇ ਮੌਤ ਸਹੇੜਨ ਦੀ ਬਜਾਇ ਗਦਰੀ ਇਨਕਲਾਬ ਲਈ ਜੂਝਣ ਦੀ ਪ੍ਰੇਰਨਾ ਦਿੰਦੇ ਸਨ। ਇਹ ਗੱਲ ਸੈਨਿਕਾਂ ਦੇ ਮਨ ਲੱਗ ਗਈ। ਫ਼ੈਸਲਾ ਹੋਇਆ ਕਿ 26 ਨਵੰਬਰ ਨੂੰ ਮੀਆਂ ਮੀਰ ਛਾਉਣੀ ਦੇ ਸੈਨਿਕ ਵਿਦਰੋਹ ਕਰਨਗੇ ਅਤੇ ਇਸ ਦੀ ਸੂਚਨਾ ਮਿਲਣ ਉੱਤੇ ਫਿਰੋਜ਼ਪੁਰ ਛਾਉਣੀ ਵਿੱਚ ਵੀ ਵਿਦਰੋਹ ਕਰ ਦਿੱਤਾ ਜਾਵੇਗਾ। ਫਿਰੋਜ਼ਪੁਰ ਕੀਤੀ ਜਾਣ ਵਾਲੀ ਕਾਰਵਾਈ ਦੀ ਅਗਵਾਈ ਕਰਤਾਰ ਸਿੰਘ ਨੇ ਆਪਣੇ ਹੱਥ ਰੱਖੀ। 17 ਨਵੰਬਰ ਨੂੰ ਲੌਢੂਵਾਲ, 19 ਨਵੰਬਰ ਨੂੰ ਮੋਗੇ ਅਤੇ 23 ਨਵੰਬਰ ਨੂੰ ਬੱਦੋਵਾਲ ਵਿੱਚ ਮੀਟਿੰਗ ਕਰਕੇ ਯੋਜਨਾਬੰਦੀ ਕੀਤੀ ਗਈ। ਗ਼ਦਰੀਆਂ ਦਾ ਜਥਾ ਭਾਈ ਰਣਧੀਰ ਸਿੰਘ ਦੀ ਅਗਵਾਈ ਵਿੱਚ ਸ਼ਬਦ ਗਾਇਨ ਕਰਦਾ ਬੱਦੋਵਾਲ ਤੋਂ ਰੇਲ ਸਵਾਰ ਹੋ ਕੇ ਸ਼ਾਮ ਤੱਕ ਫਿਰੋਜ਼ਪੁਰ ਪਹੁੰਚ ਗਿਆ ਜਿੱਥੇ ਕਰਤਾਰ ਸਿੰਘ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਕਿਸੇ ਕਾਰਨ ਮੀਆਂ ਮੀਰ ਛਾਉਣੀ ਵਿੱਚ ਕੋਈ ਕਾਰਵਾਈ ਨਾ ਹੋਈ ਅਤੇ ਇਸ ਦੀ ਸੂਚਨਾ ਫਿਰੋਜ਼ਪੁਰ ਪੁੱਜਣ ਉੱਤੇ ਉੱਥੇ ਇਕੱਠੇ ਹੋਏ ਗ਼ਦਰੀ ਵੀ ਖਿੰਡ-ਪੁੰਡ ਗਏ।
ਇਸ ਅਸਫ਼ਲਤਾ ਨੇ ਗ਼ਦਰੀਆਂ ਦਾ ਦਿਲ ਤੋੜ ਦਿੱਤਾ। ਇਸ ਨਿਰਾਸ਼ਾਮਈ ਸੋਚ ਨੂੰ ਮੁੜ ਆਸ ਵਿੱਚ ਬਦਲਣਾ ਕਰਤਾਰ ਸਿੰਘ ਵਾਸਤੇ ਵੱਡੀ ਚੁਣੌਤੀ ਸੀ, ਜਿਸ ਨੂੰ ਉਸ ਨੇ ਆਤਮ-ਵਿਸ਼ਵਾਸ ਅਤੇ ਹਿੰਮਤ ਨਾਲ ਪ੍ਰਵਾਨ ਕੀਤਾ। ਰਾਮ ਸਰਨ ਦਾਸ ਕਪੂਰਥਲਾ ਦੀ ਜਾਣ-ਪਛਾਣ ਆਸਰੇ ਉਹ ਰਾਸ ਬਿਹਾਰੀ ਬੋਸ ਨਾਲ ਸੰਪਰਕ ਬਣਾਉਣ ਵਿੱਚ ਸਫ਼ਲ ਹੋਏ। ਇਸ ਮੰਤਵ ਵਾਸਤੇ ਕਰਤਾਰ ਸਿੰਘ ਨੂੰ ਇੱਕ ਹੋਰ ਫੇਰਾ ਕਲਕੱਤੇ ਅਤੇ ਬਨਾਰਸ ਪਾਉਣਾ ਪਿਆ। ਬੋਸ ਨੇ ਆਪ ਪੰਜਾਬ ਆਉਣ ਤੋਂ ਪਹਿਲਾਂ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਸਚਿੰਦਰ ਨਾਥ ਸਾਨਿਆਲ ਨੂੰ ਭੇਜਿਆ। ਸਾਨਿਆਲ ਨਾਲ ਹੋਈ ਮੀਟਿੰਗ ਵਿੱਚ ਹੋਰ ਆਗੂ ਵੀ ਹਾਜ਼ਰ ਸਨ ਪਰ ਚਰਚਾ ਮੁੱਖ ਤੌਰ ਉੱਤੇ ਕਰਤਾਰ ਸਿੰਘ ਨੇ ਹੀ ਕੀਤੀ। ਰਾਸ ਬਿਹਾਰੀ ਬੋਸ ਦੇ ਆਉਣ ਸਮੇਂ ਉਸ ਦੀ ਰਿਹਾਇਸ਼ ਅਤੇ ਏਧਰ ਓਧਰ ਲੈ ਜਾਣ ਦੀ ਜ਼ਿੰਮੇਵਾਰੀ ਵੀ ਕਰਤਾਰ ਸਿੰਘ ਦੇ ਸਿਰ ਸੀ।
ਜਨਵਰੀ 1915 ਦੇ ਬਹੁਤੇ ਦਿਨ ਕਰਤਾਰ ਸਿੰਘ ਨੇ ਪਿੰਗਲੇ ਦੇ ਸਾਥ ਵਿੱਚ ਬਨਾਰਸ, ਆਗਰਾ, ਕਾਨਪੁੁਰ, ਅਲਾਹਾਬਾਦ, ਫੈਜ਼ਾਬਾਦ, ਮੇਰਠ ਆਦਿ ਛਾਉਣੀਆਂ ਵਿੱਚ ਪੰਜਾਬੀ ਸੈਨਿਕਾਂ ਨਾਲ ਤਾਲ-ਮੇਲ ਬਿਠਾਉਣ ਵਿੱਚ ਲਾਏ। ਉਨ੍ਹਾਂ ਦੀ ਯੋਜਨਾ ਸੀ ਕਿ ਜਦ ਪੰਜਾਬ ਦੀਆਂ ਛਾਉਣੀਆਂ ਵਿੱਚ ਸੈਨਿਕ ਬਗ਼ਾਵਤ ਕਰਨ ਤਾਂ ਬਾਕੀ ਛਾਉਣੀਆਂ ਵਿੱਚ ਵੀ ਸੈਨਿਕ ਅਜਿਹਾ ਹੀ ਕਰਨ।
ਗ਼ਦਰ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਲੋੜੀਂਦੇ ਧਨ ਦੀ ਪ੍ਰਾਪਤੀ ਵਾਸਤੇ ਗ਼ਦਰੀਆਂ ਨੂੰ ਮਜਬੂਰੀਵੱਸ ਕੁਝ ਡਾਕੇ ਮਾਰਨੇ ਪਏ। 23 ਜਨਵਰੀ ਨੂੰ ਸਾਹਨੇਵਾਲ, 27 ਜਨਵਰੀ ਨੂੰ ਮਨਸੂਰਾਂ, 29 ਜਨਵਰੀ ਨੂੰ ਝੁਨੇਰ (ਮਾਲੇਰਕੋਟਲਾ), 2 ਫਰਵਰੀ ਨੂੰ ਚੱਬਾ (ਅੰਮ੍ਰਿਤਸਰ) ਅਤੇ 3 ਫਰਵਰੀ ਨੂੰ ਰੱਬੋਂ (ਲਧਿਆਣਾ) ਵਿੱਚ ਡਾਕੇ ਮਾਰੇ ਗਏ। ਬਾਬਾ ਸੋਹਨ ਸਿੰਘ ਭਕਨਾ ਦੇ ਦੱਸਣ ਅਨੁਸਾਰ ਸਾਰੇ ਡਾਕਿਆਂ ਵਿੱਚ ਕਰਤਾਰ ਸਿੰਘ ਆਪ ਸ਼ਾਮਲ ਹੋਇਆ।
ਜਦ ਬਗ਼ਾਵਤ ਵਾਸਤੇ ਲੋੜੀਂਦੀ ਤਿਆਰੀ ਹੋ ਗਈ ਤਾਂ ਇਸ ਮਨੋਰਥ ਵਾਸਤੇ ਮਿਥਿਆ 21 ਫਰਵਰੀ ਦਾ ਦਿਨ ਬਦਲ ਕੇ 19 ਫਰਵਰੀ ਕੀਤਾ ਗਿਆ ਪਰ ਮੁਖ਼ਬਰ ਨੇ ਇਹ ਭੇਤ ਵੀ ਜ਼ਾਹਰ ਕਰ ਦਿੱਤਾ। ਫਲਸਰੂਪ ਗ੍ਰਿਫ਼ਤਾਰੀਆਂ ਦਾ ਦੌਰ ਚੱਲਿਆ ਜਿਸ ਵਿੱਚੋਂ ਸਰਾਭੇ ਨੇ ਪਹਿਲਾਂ ਬੋਸ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਫਿਰ ਖ਼ੁਦ ਭਲੇ ਸਮੇਂ ਦੀ ਆਸ ਵਿੱਚ ਸਾਥੀਆਂ ਨਾਲ ਸਰਹੱਦ ਵੱਲ ਤੁਰ ਪਿਆ ਜਿਧਰ ਉਸ ਦੀ ਗ੍ਰਿਫ਼ਤਾਰੀ ਹੋ ਗਈ। ਪੰਜ ਮਹੀਨਿਆਂ ਦੇ ਇਸ ਅਰਸੇ ਦੌਰਾਨ ਗ਼ਦਰ ਪਾਰਟੀ ਦੀ ਕੋਈ ਅਜਿਹੀ ਮਹੱਤਵਪੂਰਨ ਘਟਨਾ ਨਹੀਂ ਜਿਸ ਵਿੱਚ ਕਰਤਾਰ ਸਿੰਘ ਸਰਾਭਾ ਨੇ ਸਰਗਰਮ ਭੂਮਿਕਾ ਨਾ ਨਿਭਾਈ ਹੋਵੇ। ਐਵੇਂ ਨਹੀਂ ਸੀ ਸ. ਭਗਤ ਸਿੰਘ ਇਸ ਨੌਜਵਾਨ ਸ਼ਹੀਦ ਦੀ ਫੋਟੋ ਹਮੇਸ਼ਾ ਸੀਨੇ ਨਾਲ ਲਾ ਕੇ ਰੱਖਦਾ।
ਸੰਪਰਕ: 94170-49417

Advertisement
Advertisement

Advertisement
Author Image

Ravneet Kaur

View all posts

Advertisement