ਸਰਸਾ ਨੰਗਲ ਦੇ ਜੰਞ ਘਰ ਦੀ ਉਸਾਰੀ ’ਤੇ ਵਿਵਾਦ
ਜਗਮੋਹਨ ਸਿੰਘ
ਘਨੌਲੀ, 2 ਫਰਵਰੀ
ਇਥੋਂ ਨੇੜਲੇ ਪਿੰਡ ਸਰਸਾ ਨੰਗਲ ਦੇ ਜੰਞ ਘਰ ਦੀ ਇਮਾਰਤ ਉਸਾਰੀ ਦਾ ਕੰਮ ਵਿਵਾਦਾਂ ਵਿੱਚ ਘਿਰ ਗਿਆ ਹੈ। ਪਿੰਡ ਦੇ ਸਾਬਕਾ ਪੰਚ ਮੰਗਲ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੌਮੀ ਮਾਰਗ ਦੇ ਕਿਨਾਰੇ ਪ੍ਰਾਇਮਰੀ ਸਕੂਲ ਬਣਿਆ ਹੋਇਆ ਸੀ, ਜਿਸ ਦੀ ਇਮਾਰਤ ਕੌਮੀ ਮਾਰਗ ਵਿੱਚ ਆ ਜਾਣ ਕਰਕੇ ਕੌਮੀ ਮਾਰਗ ਅਥਾਰਟੀ ਨੇ ਸਕੂਲ ਦੀ ਇਮਾਰਤ ਢਾਹ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਹੁਣ ਗ੍ਰਾਮ ਪੰਚਾਇਤ ਸਰਸਾ ਨੰਗਲ ਵਿਖੇ ਸਿੱਖਿਆ ਵਿਭਾਗ ਤੋਂ ਮਨਜ਼ੂਰੀ ਲਏ ਬਿਨਾਂ ਇੱਥੇ ਜੰਞ ਘਰ ਦੀ ਉਸਾਰੀ ਕਰਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਚਾਇਤ ਨੇ ਜੰਞ ਘਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਿਸ਼ਾਨਦੇਹੀ ਵੀ ਨਹੀਂ ਕਾਰਵਾਈ, ਜਿਸ ਕਰਕੇ ਕੌਮੀ ਮਾਰਗ ਅਥਾਰਟੀ ਵੱਲੋਂ ਇਹ ਇਮਾਰਤ ਕਿਸੇ ਪਲ ਵੀ ਢਾਹੀ ਜਾ ਸਕਦੀ ਹੈ।
ਮੰਗਲ ਸਿੰਘ ਨੇ ਦੱਸਿਆ ਕਿ ਮੌਜੂਦਾ ਜੰਞ ਘਰ ਨੇੜੇ ਬਰਾਤੀਆਂ ਦੀਆਂ ਗੱਡੀਆਂ ਖੜਾਉਣ ਲਈ ਬਿਲਕੁਲ ਵੀ ਜਗ੍ਹਾ ਨਹੀਂ ਹੈ ਤੇ ਕੌਮੀ ਵਿੱਚ ਵਹੀਕਲ ਖੜ੍ਹੇ ਕਰਨ ਨਾਲ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਜੰਞ ਘਰ ਪਿੰਡ ਵਿੱਚ ਸੜਕ ਦੇ ਦੂਜੇ ਬੰਨੇ ਖਾਲੀ ਪਈ ਜ਼ਮੀਨ ਵਿੱਚ ਬਣਾਇਆ ਜਾਵੇ।
ਸਰਪੰਚ ਨੇ ਦੋਸ਼ ਨਕਾਰੇ
ਇਸ ਸਬੰਧੀ ਸਰਪੰਚ ਕਮਲਜੀਤ ਕੌਰ ਨੇ ਕਿਹਾ ਜੰਞ ਘਰ ਦੀ ਉਸਾਰੀ ਅਨੁਸੂਚਿਤ ਜਾਤੀ ਭਾਈਚਾਰੇ ਦੀ ਜ਼ਰੂਰਤ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਕਾਰਵਾਈ ਜਾ ਰਹੀ ਹੈ ਤੇ ਸਾਬਕਾ ਪੰਚ ਦੇ ਸਾਰੇ ਦੋਸ਼ ਬੇਬੁਨਿਆਦ ਹਨ।