ਸਰਵ ਕਰਮਚਾਰੀ ਸੰਘ ਨੇ ਰੋਸ ਪ੍ਰਦਰਸ਼ਨ ਕੀਤਾ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 10 ਸਤੰਬਰ
ਸਰਵ ਕਰਮਚਾਰੀ ਸੰਘ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਕਰਮਚਾਰੀ ਸੰਘ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਸਥਾਨਕ ਦੇਵੀ ਲਾਲ ਪਾਰਕ ਵਿੱਚ ਇਕੱਠੇ ਹੋਏ ਜਿਥੋਂ ਉਹ ਰੋਸ ਪ੍ਰਦਰਸ਼ਨ ਕਰਦਿਆਂ ਮਿੰਨੀ ਸਕੱਤਰੇਤ ਵਿੱਚ ਪੁੱਜੇ ਤੇ ਆਪਣਾ ਮੰਗ ਪੱਤਰ ਸੌਂਪਿਆ। ਬੁਲਾਰਿਆਂ ਕਿਹਾ ਕਿ ਹਰਿਆਣਾ ਸਰਕਾਰ ਕਰਮਚਾਰੀਆਂ ਨੂੰ ਨਾ ਸਿਰਫ ਅਣਗੌਲਿਆ ਕਰ ਰਹੀ ਹੈ ਬਲਕਿ ਕਰਮਚਾਰੀ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਨਿਗੂਣਾ ਵੇਤਨ ਦਿੱਤਾ ਜਾ ਰਿਹਾ। ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਘਟੋ ਘੱਟ 18000 ਮਾਸਿਕ ਵੇਤਨ ਹਰ ਕੱਚੇ ਕਰਮਚਾਰੀ ਨੂੰ ਦਿੱਤਾ ਜਾਵੇ। ਬਰਾਬਰ ਕੰਮ ਬਰਾਬਰ ਵੇਤਨ ਲਾਗੂ ਕੀਤਾ ਜਾਵੇ। ਉਤਰ ਪ੍ਰਦੇਸ਼ ਦੀ ਤਰਜ ’ਤੇ ਪੇਂਡੂ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਮਚਾਰੀ ਦਾ ਦਰਜਾ ਦਿੱਤਾ ਜਾਏ। 400 ਦੀ ਆਬਾਦੀ ’ਤੇ ਇਕ ਕਰਮਚਾਰੀ ਲਾਇਆ ਜਾਏ। ਇਸ ਮੌਕੇ ’ਤੇ ਹਰਿਆਣਾ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ, ਅਵਿਨਾਸ਼ ਕੰਬੋਜ ਆਦਿ ਸਮੇਤ ਅਨੇਕ ਕਰਮਚਾਰੀ ਆਗੂਆਂ ਨੇ ਸੰਬੋਧਨ ਕੀਤਾ।