ਸਰਪੰਚ ਖ਼ੁਦਕੁਸ਼ੀ: ਇਨਸਾਫ਼ ਲਈ ਥਾਣੇ ਅੱਗੇ ਡਟੇ ਲੋਕ
ਸੰਜੀਵ ਹਾਂਡਾ/ਜਸਵੰਤ ਸਿੰਘ ਥਿੰਦ
ਫ਼ਿਰੋਜ਼ਪੁਰ/ਮਮਦੋਟ, 9 ਜੂਨ
ਤਰਿੱਡਾ ਪਿੰਡ ਦੇ ਨੌਜਵਾਨ ਸਰਪੰਚ ਜਸ਼ਨਪ੍ਰੀਤ ਬਾਵਾ (25) ਖ਼ੁਦਕੁਸ਼ੀ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਅੱਜ ਸੈਂਕੜੇ ਲੋਕਾਂ ਨੇ ਥਾਣਾ ਲੱਖੋ ਕੇ ਬਹਿਰਾਮ ਅੱਗੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਇਸ ਮਾਮਲੇ ਵਿੱਚ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਨਜ਼ਦੀਕੀ ਖ਼ਿਲਾਫ਼ ਫੌਰੀ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜਸ਼ਨਪ੍ਰੀਤ ਨੇ 31 ਮਈ ਨੂੰ ਆਪਣੇ ਘਰ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਸਰਪੰਚ ਜਸ਼ਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ‘ਯੁੱਧ ਕਾਤਲਾਂ ਵਿਰੁੱਧ’ ਦਾ ਵੱਡਾ ਹੋਰਡਿੰਗ ਵੀ ਲੱਗਿਆ ਹੋਇਆ ਸੀ। ਇਸ ਵਿੱਚ ਕਈ ਸਮਾਜਿਕ, ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਹਾਲ ਹੀ ਵਿੱਚ ‘ਇਨਸਾਫ਼ ਸੰਘਰਸ਼ ਕਮੇਟੀ’ ਦਾ ਵੀ ਗਠਨ ਕੀਤਾ ਗਿਆ ਸੀ। ਇਸ ਸਬੰਧੀ ਵਿਧਾਇਕ ਫੌਜਾ ਸਿੰਘ ਸਰਾਰੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਉਨ੍ਹਾਂ ਖ਼ਿਲਾਫ਼ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਸ਼ਨ ਬਾਵਾ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ।
ਐੱਸਐੱਸਪੀ ਨੇ ਜਾਂਚ ਲਈ ਹਫ਼ਤੇ ਦਾ ਸਮਾਂ ਮੰਗਿਆ
ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮਿਲਣ ਨਾ ਆਉਣ ਕਾਰਨ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਐੱਸਪੀ (ਡੀ) ਮਨਜੀਤ ਸਿੰਘ ਨੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਗਈ ਹੈ। ਸੰਤੁਸ਼ਟ ਨਾ ਹੋਣ ’ਤੇ ਆਗੂਆਂ ਨੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਐੱਸਐੱਸਪੀ ਨੇ ਜਸ਼ਨਪ੍ਰੀਤ ਦੇ ਪਿਤਾ ਤਰਸੇਮ ਬਾਵਾ ਦੇ ਤਾਜ਼ਾ ਬਿਆਨ ਲੈਣ ਅਤੇ ਮੁਲਜ਼ਮਾਂ ਖ਼ਿਲਾਫ਼ ਸਬੂਤ ਸਬੰਧੀ ਹਫ਼ਤੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਪਰਿਵਾਰ ਨਾਲ ਬਿਨਾਂ ਕਿਸੇ ਦਬਾਅ ਹੇਠ ਇਨਸਾਫ਼ ਕੀਤਾ ਜਾਵੇਗਾ।