ਸਰਕਾਰ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਕੀਤਾ: ਗੱਜਣਮਾਜਰਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 13 ਅਪਰੈਲ
ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਹਲਕੇ ਅਧੀਨ ਆਉਂਦੇ ਚਾਰ ਸਕੂਲਾਂ ਵਿੱਚ 39 ਲੱਖ 74 ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ਾਨਪੁਰ ਵਿੱਚ 23 ਲੱਖ 24 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤੇ ਵਿਕਾਸ ਕਾਰਜਾਂ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਜਿਸ ’ਚੋਂ 13 ਲੱਖ ਰੁਪਏ ਦੀ ਗਰਾਂਟ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਦੇ ਚੌਤਰਫ਼ੇ ਵਿਕਾਸ ਕਾਰਜਾਂ ’ਤੇ ਖ਼ਰਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਮੰਡੀਆਂ ਵਿੱਚ 16 ਲੱਖ 50 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਕਮਰਿਆਂ ਦਾ ਨਵੀਨੀਕਰਨ ਕੀਤਾ ਗਿਆ।
ਧੂਰੀ (ਪਵਨ ਕੁਮਾਰ ਵਰਮਾ): ਪੀਐੱਮ ਸ੍ਰੀ ਸਰਕਾਰੀ ਹਾਈ ਸਕੂਲ ਬਰੜ੍ਹਵਾਲ ਵਿੱਚ ਚਾਰਦੀਵਾਰੀ, ਸ਼ੈੱਡ ਅਤੇ ਟਰੈਕ ਦਾ ਉਦਘਾਟਨ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਅਤੇ ਦਲਵੀਰ ਸਿੰਘ ਢਿੱਲੋਂ ਨੇ ਕੀਤਾ। ਸਮਾਗਮ ਵਿੱਚ ਮੁੱਖ ਮੰਤਰੀ ਦਫ਼ਤਰ ਤੋਂ ਰਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸਰਪੰਚ ਕਰਮਜੀਤ ਸਿੰਘ ਤੇ ਨਵਜੋਤ ਕੌਰ, ਅਰਸ਼ਦੀਪ ਪੂਨੀਆ, ਬਲਜਿੰਦਰ ਸਿੰਘ ਬਲਵਾਨ, ਜੁਪਿੰਦਰ ਰਾਜੋਮਾਜਰਾ, ਗਗਨਦੀਪ ਜਵੰਧਾ, ਸੁਖਪਾਲ ਸਿੰਘ ਪਾਲਾ ਬਲਾਕ ਪ੍ਰਧਾਨ, ਰਛਪਾਲ ਸਿੰਘ ਭੁੱਲਰਹੇੜੀ ਸਮੂਹ ਪੰਚਾਇਤ ਹਾਜ਼ਰ ਸਨ।