ਸਰਕਾਰ ਨੇ ਮਹਾਂਕੁੰਭ ਵਿੱਚ ਭਗਦੜ ਦੇ ਮ੍ਰਿਤਕਾਂ ਦੀ ਗਿਣਤੀ ਲੁਕਾਈ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ’ਤੇ ਪ੍ਰਯਾਗਰਾਜ ਮਹਾਂਕੁੰਭ ਦੌਰਾਨ 29 ਜਨਵਰੀ ਨੂੰ ਮੱਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਅਸਲ ਗਿਣਤੀ ਬਾਰੇ ਝੂਠ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਵੀ ਗੰਭੀਰ ਸਵਾਲ ਉਠਾਏ। ਯਾਦਵ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਵਿੱਚ ਬੀਬੀਸੀ ਦੀ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਇਹ ਟਿੱਪਣੀ ਕੀਤੀ। ਇਸ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਗਦੜ ਵਿੱਚ 82 ਜਣਿਆਂ ਦੀ ਮੌਤ ਹੋਈ ਸੀ, ਜਦਕਿ ਸਰਕਾਰ ਨੇ 37 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ‘ਤੱਥ ਬਨਾਮ ਸੱਚ: 37 ਬਨਾਮ 82’ ਦੇ ਸਿਰਲੇਖ ਹੇਠ ਲਿਖੀ ਪੋਸਟ ਵਿੱਚ ਕਿਹਾ, ‘‘ਸਾਰਿਆਂ ਨੂੰ ਦੇਖਣਾ, ਸੁਣਨਾ, ਜਾਣਨਾ, ਸਮਝਣਾ ਅਤੇ ਸਾਂਝਾ ਕਰਨਾ ਚਾਹੀਦਾ ਹੈ। ਸੱਚਾਈ ਦੀ ਸਿਰਫ਼ ਜਾਂਚ ਹੀ ਨਹੀਂ, ਇਸ ਦਾ ਪ੍ਰਸਾਰ ਵੀ ਓਨਾ ਹੀ ਅਹਿਮ ਹੈ।’’ ਭਾਜਪਾ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਯਾਦਵ ਨੇ ਕਿਹਾ, ‘‘ਝੂਠੇ ਅੰਕੜੇ ਦੇਣ ਵਾਲੇ ਅਜਿਹੇ ਭਾਜਪਾ ਆਗੂਆਂ ’ਤੇ ਵਿਸ਼ਵਾਸ ਵੀ ਵਿਸ਼ਵਾਸ ਨਹੀਂ ਕਰੇਗਾ।’’ ਉਨ੍ਹਾਂ ਕਿਹਾ, ‘‘ਸਵਾਲ ਸਿਰਫ਼ ਅੰਕੜੇ ਛੁਪਾਉਣ ਦਾ ਨਹੀਂ, ਸਗੋਂ ਸਦਨ ਵਿੱਚ ਝੂਠ ਬੋਲਣ ਦਾ ਵੀ ਹੈ।’’ਯਾਦਵ ਨੇ ਭਗਦੜ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਨਕਦੀ ਵਜੋਂ ਦਿੱਤੇ ਮੁਆਵਜ਼ੇ ’ਤੇ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਪੈਸੇ ਨਕਦ ਕਿਉਂ ਦਿੱਤੇ ਗਏ ਅਤੇ ਇਹ ਨਕਦੀ ਕਿੱਥੋਂ ਆਈ? ਸਪਾ ਮੁਖੀ ਨੇ ਪੁੱਛਿਆ ਕਿ ਜਿਹੜੀ ਨਕਦ ਰਾਸ਼ੀ ਵੰਡੀ ਨਹੀਂ ਜਾ ਸਕੀ, ਉਹ ਪੈਸਾ ਕਿਸ ਦੇ ਹੱਥਾਂ ਵਿੱਚ ਵਾਪਸ ਚਲਾ ਗਿਆ? ਸਪਾ ਮੁਖੀ ਨੇ ਲਿਖਿਆ, ‘‘ਇਹ ਰਿਪੋਰਟ ਅੰਤ ਨਹੀਂ, ਸਗੋਂ ਮਹਾਂਕੁੰਭ ਵਿੱਚ ਹੋਈਆਂ ਮੌਤਾਂ ਅਤੇ ਉਨ੍ਹਾਂ ਨਾਲ ਜੁੜੇ ਪੈਸੇ ਬਾਰੇ ਮਹਾਨ ਸਚਾਈ ਦੀ ਖੋਜ ਦੀ ਸ਼ੁਰੂਆਤ ਹੈ।’’ -ਪੀਟੀਆਈ