ਸਰਕਾਰ ਨੇ ਮਹਾਂਕੁੰਭ ਭਗਦੜ ’ਚ ਮੌਤਾਂ ਦੇ ਅੰਕੜੇ ਲੁਕਾਏ: ਅਖਿਲੇਸ਼
ਨਵੀਂ ਦਿੱਲੀ, 4 ਫਰਵਰੀ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੇਂਦਰ ਤੇ ਯੂਪੀ ਸਰਕਾਰ ’ਤੇ ਪ੍ਰਯਾਗਰਾਜ ਮਹਾਂਕੁੰਭ ਵਿਚ ਮਚੀ ਭਗਦੜ ਦੌਰਾਨ ਹੋਈਆਂ ਮੌਤਾਂ ਦੇ ਅੰਕੜੇ ਲੁਕਾਉਣ ਦਾ ਦੋਸ਼ ਲਗਾਉਂਦਿਆਂ ਅੱਜ ਮੰਗ ਕੀਤੀ ਕਿ ਮਹਾਂਕੁੰਭ ਦੇ ਪ੍ਰਬੰਧਾਂ ਬਾਰੇ ਸਪੱਸ਼ਟੀਕਰਨ ਲਈ ਸਰਬ ਪਾਰਟੀ ਬੈਠਕ ਸੱਦੀ ਜਾਵੇ।
ਯਾਦਵ ਨੇ ਕਿਹਾ ਕਿ ਸਰਕਾਰ ਮ੍ਰਿਤਕਾਂ ਦੀ ਗਿਣਤੀ ਲੁਕਾ ਰਹੀ ਤੇ ਲਾਸ਼ਾਂ ਜੇਸੀਬੀ ਮਸ਼ੀਨਾਂ ਨਾਲ ਟਰੈਕਟਰਾਂ ਵਿਚ ਭਰ ਕੇ ਗਾਇਬ ਕਰ ਦਿੱਤੀਆਂ ਗਈਆਂ।
ਯਾਦਵ ਨੇ ਅੱਜ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਬਜਟ ਦੇ ਅੰਕੜੇ ਦੇ ਰਹੀ ਹੈ, ਮਹਾਂਕੁੰਭ ਵਿਚ ਮਰਨ ਵਾਲਿਆਂ ਦੇ ਅੰਕੜੇ ਵੀ ਉਸੇ ਤਰ੍ਹਾਂ ਜਾਰੀ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ, ਭੋਜਨ, ਆਵਾਜਾਈ ਆਦਿ ਦਾ ਅੰਕੜਾ ਸੰਸਦ ਵਿਚ ਪੇਸ਼ ਕੀਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੇ ਯੂਪੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਭਗਦੜ ਵਿਚ ਮਰਨ ਵਾਲਿਆਂ ਦੀ ਗਿਣਤੀ ਲੁਕਾਉਣ ਦਾ ਦੋਸ਼ ਲਾਇਆ ਤੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। -ਪੀਟੀਆਈ
ਰਾਊਤ ਵੱਲੋਂ ਮਹਾਂਕੁੰਭ ’ਚ ਦੋ ਹਜ਼ਾਰ ਮੌਤਾਂ ਹੋਣ ਦਾ ਦਾਅਵਾ
ਨਵੀਂ ਦਿੱਲੀ: ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਰਾਜ ਸਭਾ ’ਚ ਇਹ ਦਾਅਵਾ ਕਰਕੇ ਹੰਗਾਮਾ ਖੜ੍ਹਾ ਕਰ ਦਿੱਤਾ ਕਿ 29 ਜਨਵਰੀ ਨੂੰ ਮਹਾਂਕੁੰਭ ’ਚ ਭਗਦੜ ਦੌਰਾਨ ‘ਦੋ ਹਜ਼ਾਰ ਲੋਕ ਮਾਰੇ ਗਏ’ ਜਿਸ ਮਗਰੋਂ ਉਪ ਚੇਅਰਮੈਨ ਹਰਿਵੰਸ਼ ਨੇ ਉਨ੍ਹਾਂ ਨੂੰ ਅੰਕੜੇ ਪ੍ਰਮਾਣਿਤ ਕਰਨ ਲਈ ਕਿਹਾ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਰਾਊਤ ਨੇ ਭਗਦੜ ’ਚ 30 ਜਣਿਆਂ ਦੀ ਮੌਤ ਦੇ ਅਧਿਕਾਰਤ ਅੰਕੜੇ ’ਤੇ ਸਵਾਲ ਚੁੱਕੇ।
ਨੇਤਾ ਤੇ ਪੈਸੇ ਵਾਲੇ ਮਹਾਂਕੁੰਭ ਵਿੱਚ ਮੋਕਸ਼ ਹਾਸਲ ਕਰਨ: ਪੱਪੂ ਯਾਦਵ
ਨਵੀਂ ਦਿੱਲੀ: ਆਜ਼ਾਦ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਇੱਕ ਕਥਾਵਾਚਕ ਦੇ ਬਿਆਨ ਦਾ ਹਵਾਲਾ ਦਿੰਦਿਆਂ ਲੋਕ ਸਭਾ ’ਚ ਵਿਵਾਦਤ ਟਿੱਪਣੀ ਕੀਤੀ ਕਿ ਅਜਿਹੇ ਬਾਬਿਆਂ ਤੇ ਮਹਾਂਕੁੰਭ ’ਚ ਜਾਣ ਵਾਲੇ ਨੇਤਾਵਾਂ ਤੇ ਪੈਸੇ ਵਾਲੇ ਲੋਕਾਂ ਨੂੰ ਇਸ਼ਨਾਨ ਕਰਕੇ ਮਰ ਜਾਣਾ ਚਾਹੀਦਾ ਹੈ ਤੇ ਮੋਕਸ਼ ਹਾਸਲ ਕਰਨਾ ਚਾਹੀਦਾ ਹੈ।
ਮਹਾਂਕੁੰਭ ’ਚ ਵੱਡਾ ਹਾਦਸਾ ਚਾਹੁੰਦੇ ਸਨ ਖੜਗੇ ਤੇ ਅਖਿਲੇਸ਼: ਯੋਗੀ
ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਲੋਕ (ਅਖਿਲੇਸ਼ ਤੇ ਖੜਗੇ) ਤੇ ਕੁਝ ਸਨਾਤਨ ਵਿਰੋਧੀ ਤੱਤ ਚਾਹੁੰਦੇ ਸਨ ਕਿ ਮਹਾਂਕੁੰਭ ’ਚ ਹੋਰ ਵੱਡਾ ਹਾਦਸਾ ਹੋਵੇ। ਮੁੱਖ ਮੰਤਰੀ ਨੇ ਕਿਹਾ, ‘ਜਿੱਥੇ ਇੱਕ ਪਾਸੇ ਪੂਰਾ ਦੇਸ਼ ਤੇ ਦੁਨੀਆ ਸਨਾਤਨ ਧਰਮ ਦੇ ਇਸ ਸਭ ਤੋਂ ਵੱਡੇ ਸਮਾਗਮ ਦਾ ਗਵਾਹ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਸਨਾਤਨ ਧਰਮ ਖ਼ਿਲਾਫ਼ ਸੁਪਾਰੀ ਲੈ ਕੇ ਸਾਜ਼ਿਸ਼ ਰਚਣ ਵਾਲੇ ਤੱਤਾਂ ਵੱਲੋਂ ਲਗਾਤਾਰ ਸ਼ਰਾਰਤ ’ਤੇ ਸ਼ਰਾਰਤ ਕਰਕੇ ਰੋਜ਼ਾਨਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।’ -ਪੀਟੀਆਈ