ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਪ੍ਰਦਰਸ਼ਨ ਦਾ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਜੂਨ
ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਮੈਡੀਕਲ, ਪੈਰਾ ਮੈਡੀਕਲ ਤੇ ਦਫ਼ਤਰੀ ਸਿਹਤ ਕਾਮਿਆਂ ਨੇ ਫੈਸਲਾ ਲਿਆ ਹੈ ਕਿ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਰਕਾਰ ਦੀ ਪੋਲ ਖੋਲ੍ਹ ਰੈਲੀ ਕੀਤੀ ਜਾਵੇਗੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਵਿਚ ਸਿਹਤ ਵਿਭਾਗ ਅਧੀਨ ਪਿਛਲੇ 18 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਲਗਪਗ 9200 ਮੈਡੀਕਲ, ਪੈਰਾ ਮੈਡੀਕਲ ਤੇ ਦਫ਼ਤਰੀ ਸਿਹਤ ਕਾਮੇ ਠੇਕਾ ਪ੍ਰਥਾ ਦੇ ਸ਼ਿਕਾਰ ਹਨ ਤੇ ਲਗਾਤਾਰ ਇਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਯੂਨੀਅਨ ਆਗੂਆਂ ਨੇ ਕਈ ਵਾਰ ਪੰਜਾਬ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਪਰ ਵਾਰ ਵਾਰ ਜ਼ੁਬਾਨੀ ਤੌਰ ’ਤੇ ਬਿਆਨ ਦਿੱਤੇ ਗਏ ਤੇ ਹਾਲੇ ਤੱਕ ਕੋਈ ਕਾਰਵਾਈ ਅਮਲ ਵਿੰਚ ਨਹੀਂ ਲਿਆਂਦੀ ਗਈ।
ਇਸ ਤਹਿਤ ਸਮੂਹ ਕਰਮਚਾਰੀਆਂ ਨੇ ਫੈਸਲਾ ਕੀਤਾ ਕਿ 15 ਜੂਨ ਨੂੰ ਲੁਧਿਆਣਾ ਵੈਸਟ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਪੋਲ ਖੋਲ੍ਹ ਰੈਲੀ ਕਰਕੇ ਪਰਚੇ ਵੰਡੇ ਜਾਣਗੇ। ਇਸ ਪ੍ਰਦਰਸ਼ਨ ਰਾਹੀਂ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਅਤੇ ਬਜ਼ਾਰਾਂ ਵਿਚ ਕਰੀਬ 10 ਹਜ਼ਾਰ ਪਰਚੇ ਵੰਡ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਡਾ. ਵਾਹਿਦ ਮਾਲੇਰਕੋਟਲਾ ਅਤੇ ਗੁਲਸ਼ਨ ਸ਼ਰਮਾ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵੱਲੋਂ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਸਰਵਿਸ ਬਾਏ ਲਾਅਜ਼ ਬਣਾ ਕੇ ਰੈਗੂਲਰ ਪੇਅ ਸਕੇਲ, ਪੇਅ ਕਮਿਸ਼ਨ, ਡੀਏ ਅਤੇ ਮੈਡੀਕਲ ਰੀਬਸਮੈਂਟ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਰਣਜੀਤ ਕੌਰ, ਦਿਨੇਸ਼ ਗਰਗ, ਜਸਬੀਰ ਸਿੰਘ ਅਤੇ ਦੀਪਿਕਾ ਸ਼ਰਮਾ ਨੇ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਜਲਦ ਤੋਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ੁੰਮੇਵਾਰੀ ਸਰਕਾਰ ਸਿਰ ਹੋਵੇਗੀ। ਇਸ ਮੌਕੇ ਡਾ. ਸ਼ਿਵਰਾਜ ਸਿੰਘ, ਕਿਰਨਜੀਤ ਕੌਰ, ਸੰਦੀਪ ਕੌਰ, ਅਮਰਜੀਤ ਸਿੰਘ, ਡਾ. ਪ੍ਰਭਜੋਤ, ਅਮਨਦੀਪ ਸਿੰਘ, ਡਾ. ਸੁਮਿਤ ਕਪਾਹੀ, ਡਾ. ਰਾਜ, ਹਰਜਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਜਤਿੰਦਰ ਸਿੰਘ, ਡਾ. ਵਿਪਨ ਤੇ ਹੋਰ ਹਾਜ਼ਰ ਸਨ।