ਸਰਕਾਰ ਦੀ ‘ਚੀਨੀ ਗਾਰੰਟੀ’ ਦੀ ਕੋਈ ਮਿਆਦ ਨਹੀਂ: ਖੜਗੇ
ਨਵੀਂ ਦਿੱਲੀ, 3 ਜੁਲਾਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੀਨੀ ਇੰਜਨੀਅਰਾਂ ਵੱਲੋਂ ਭਾਰਤ ਵਿਚਲਾ ਉਤਪਾਦਨ ਪਲਾਂਟ ਛੱਡਣ ਅਤੇ ਚੀਨ ਵੱਲੋਂ ਦੁਰਲੱਭ ਧਰਤੀ ਵਾਲੇ ਚੁੰਬਕਾਂ ਦੀ ਬਰਾਮਦ ’ਤੇ ਪਾਬੰਦੀ ਲਗਾਏ ਜਾਣ ਦੀਆਂ ਖ਼ਬਰਾਂ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ‘ਚੀਨੀ ਗਾਰੰਟੀ’ ਦੀ ਕੋਈ ਮਿਆਦ ਨਹੀਂ ਹੈ।
ਖੜਗੇ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਨਰਿੰਦਰ ਮੋਦੀ ਜੀ, ਖ਼ਬਰਾਂ ਮੁਤਾਬਕ, ਚੀਨ ਨੇ ਭਾਰਤ ਦੇ ਉਤਪਾਦਨ ਖੇਤਰ ਤੋਂ ਆਪਣੇ ਅਧਿਕਾਰੀ ਵਾਪਸ ਸੱਦ ਲਏ ਹਨ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸੱਚ ਨਹੀਂ ਕਿ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਉੱਤੇ ਪੂਰੀ ਤਰ੍ਹਾਂ ਨਾਕਾਮ ਮੋਦੀ ਸਰਕਾਰ ਨੇ ਡੋਕਲਾਮ ਅਤੇ ਗਲਵਾਨ ਭੁੱਲ ਕੇ ਚੀਨੀ ਕੰਪਨੀਆਂ ਲਈ ‘ਰੈੱਡ ਕਾਰਪੈੱਟ’ ਵਿਛਾਇਆ ਸੀ ਅਤੇ ਚੀਨੀ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨਾ ਆਸਾਨ ਕਰ ਦਿੱਤਾ ਸੀ ਤਾਂ ਜੋ ਪੀਐੱਲਆਈ ਯੋਜਨਾ ਵਿੱਚ ਫਾਇਦਾ ਮਿਲੇ? ਉਹ ਜ਼ਾਹਿਰ ਤੌਰ ’ਤੇ ਦੱਖਣੀ ਭਾਰਤ ਵਿੱਚ ਚੀਨੀ ਇੰਜਨੀਅਰਾਂ ਵੱਲੋਂ ਫੋਕਸਕੌਨ ਦਾ ਆਈਫੋਨ ਪਲਾਂਟ ਛੱਡੇ ਜਾਣ ਦੀਆਂ ਖ਼ਬਰਾਂ ਦਾ ਜ਼ਿਕਰ ਕਰ ਰਹੇ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਚੀਨ ਨੇ ਭਾਰਤ ਨੂੰ ਦੁਰਲੱਭ ਧਰਤੀ ਵਾਲੇ ਚੁੰਬਕ ਅਤੇ ਖਣਿਜਾਂ ਦੀ ਬਰਾਮਦ ’ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ ਜੋ ਕਿ ਆਟੋਮੋਬਾਈਲ, ਈਵੀ, ਰੱਖਿਆ ਅਤੇ ਉੱਚ ਸੁਰੱਖਿਆ ਕਰੰਸੀ ਪ੍ਰਿੰਟਿੰਗ ਲਈ ਬੇਹੱਦ ਜ਼ਰੂਰੀ ਹਨ। ਖੜਗੇ ਨੇ ਸਵਾਲ ਕੀਤਾ, ‘‘ਕੀ ਇਸ ਨਾਲ ਸਾਡੇ ਕਰੋੜਾਂ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਵੇਗਾ, ਜੋ ਪਹਿਲਾਂ ਹੀ ਯੂਰੀਆ ਤੇ ਡੀਏਪੀ ਖਾਦ ਦੇ ਸੰਕਟ ਨਾਲ ਜੂਝ ਰਹੇ ਹਨ?’’ -ਪੀਟੀਆਈ