ਸਰਕਾਰ ਤੇ ਵਪਾਰੀਆਂ ਦਰਮਿਆਨ ਸ਼ੰਕੇ ਦੂਰ ਕਰਾਂਗੇ: ਜੁਨੇਜਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਫਰਵਰੀ
ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸ਼ੀਤਲ ਜੁਨੇਜਾ ਵੱਲੋਂ ਅੱਜ ਅੰਮ੍ਰਿਤਸਰ ਸਥਿਤ ਗੁਰੂ ਬਾਜ਼ਾਰ ਦੇ ਸਰਾਫ਼ਾ ਵਪਾਰੀਆਂ ਅਤੇ ਸ਼ਾਸਤਰੀ ਮਾਰਕੀਟ ਦੇ ਕੱਪੜਾ ਵਪਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਰਕਾਰ ਅਤੇ ਵਪਾਰੀਆਂ ਦਰਮਿਆਨ ਪਏ ਪਾੜੇ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਆਰਥਿਕਤਾ ਵਪਾਰੀਆਂ ’ਤੇ ਨਿਰਭਰ ਕਰਦੀ ਹੈ। ਜਿਸ ਸੂਬੇ ਦੇ ਵਪਾਰੀ ਖੁਸ਼ਹਾਲ ਹੋਣਗੇ ਉਹ ਸੂਬਾ ਵੀ ਆਰਥਿਕ ਤੌਰ ’ਤੇ ਖੁਸ਼ਹਾਲ ਹੋਵੇਗਾ।
ਸ੍ਰੀ ਜੁਨੇਜਾ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਆਪਣੀ ਜੀਐੱਸਟੀ ਜ਼ਰੂਰ ਭਰਨ ਤਾਂ ਜੋ ਸਰਕਾਰ ਇਹ ਪੈਸਾ ਵਿਕਾਸ ਦੇ ਕਾਰਜਾਂ ’ਤੇ ਖਰਚ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਨਾਲ ਵੀ ਵਧੀਕੀ ਨਹੀਂ ਹੋਣ ਦੇਵੇਗੀ ਅਤੇ ਜੇਕਰ ਕਿਸੇ ਵਪਾਰੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਿਸ਼ਨ ਮੈਂਬਰ ਨੇ ਕਿਹਾ ਕਿ ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਮੀਟਿੰਗ ਵਪਾਰੀਆਂ ਵਿਚ ਵਪਾਰੀਆਂ ਨੂੰ ਜੀਐਸਟੀ ਰਜਿਸਟਰੇਸ਼ਨ ਕਰਾਉਣ ਸਬੰਧੀ ਜਾਗਰੂਕ ਕਰਨਾ ਸੀ।
ਇਸ ਮੌਕੇ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਸ਼ਰਮਾ, ਵਾਈਸ ਪ੍ਰਧਾਨ ਸੰਜੀਵ, ਜਨਰਲ ਸੈਕਟਰੀ ਨਵਦੀਪ ਹਾਂਡਾ, ਜ਼ਿਲ੍ਹਾ ਸਵਰਨਕਾਰ ਸੰਘ ਦੇ ਪ੍ਰਧਾਨ ਰਵੀਕਾਂਤ, ਸ਼ਾਸਤਰੀ ਮਾਰਕੀਟ ਕੱਪੜਾ ਵਪਾਰੀ ਜਥੇਬੰਦੀ ਦੇ ਜਨਰਲ ਸੈਕਟਰੀ ਦੀਪਕ ਰਾਏ ਮਹਿਤਾ, ਵਿੱਤ ਸਕੱਤਰ ਦਵਿੰਦਰ ਅਰੋੜਾ, ਸਕੱਤਰ ਰਾਜਕੁਮਾਰ, ਵਿਪਨ ਵਧਵਾ, ਦੀਕਸ਼ਿਤ ਧਵਨ, ਕੁਲਵੰਤ ਵਡਾਲੀ, ਪਵਨਜੀਤ ਸਿੰਘ ਗੋਲਡੀ, ਨਰਿੰਦਰ ਦੱਤਾ, ਸਚਿਨ ਭਾਟੀਆ ਆਦਿ ਵਪਾਰੀ ਮੌਜੂਦ ਸਨ।