ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ: ਭਗਵੰਤ ਮਾਨ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 10 ਮਈ
ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਤਣਾਅ ਦੀ ਸਥਿਤੀ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ‘ਆਪ’ ਸਰਕਾਰ ਵੱਲੋਂ ਤਿਆਰੀਆਂ ਅਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਤੋਂ ਸਰਹੱਦੀ ਖੇਤਰਾਂ ਵਿੱਚ ਹੰਗਾਮੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੀ ਲਾਗਤ ਵਾਲੇ ਅੱਗ ਬੁਝਾਊ ਯੰਤਰ ਤੇ ਉਪਕਰਨ ਲੋਕਾਂ ਨੂੰ ਸਮਰਪਿਤ ਕੀਤੇ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਛੋਟੇ ਅਤੇ ਦਰਮਿਆਨੇ ਫਾਇਰ ਟੈਂਡਰ ਅਤੇ ਹੋਰ ਜ਼ਰੂਰੀ ਮਸ਼ੀਨਰੀ ਸਣੇ ਅੱਗ ਬੁਝਾਊ ਯੰਤਰਾਂ ਨੂੰ ਅੱਜ ਹਰੀ ਝੰਡੀ ਦਿਖਾਈ ਗਈ। ਇਨ੍ਹਾਂ ਵਿੱਚ ਡਿਜ਼ਾਸਟਰ ਡਿਪਲਾਇਮੈਂਟ ਕਿੱਟ (ਡੀਡੀ ਕਿੱਟ), ਹਾਈਡਰੌਲਿਕ ਕੌਂਬੀ ਟੂਲ ਕੋਲੈਪਸ ਸਟਰੱਕਚਰ ਅਤੇ ਰੈਸਕਿਊ ਕਿੱਟ (ਸੀਐੱਸਐੱਸਆਰ ਕਿੱਟ), ਗੈੱਸ ਡਿਟੈਕਟਰ, ਫਾਇਰ ਐਂਟਰੀ ਸੂਟ, ਬੈਟਰੀ ਬੈਕਅੱਪ ਲਾਈਟਿੰਗ ਟਾਵਰ, ਬਹੁ-ਮੰਤਵੀ ਫਾਇਰ ਟੈਂਡਰ, ਕੁਇੱਕ ਰਿਸਪਾਂਸ ਵਹੀਕਲ ਅਤੇ ਹੋਰ ਉਪਕਰਨ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਕਰਨ ਪਠਾਨਕੋਟ, ਰਾਜਾਸਾਂਸੀ, ਫਿਰੋਜ਼ਪੁਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਦੇ ਚੱਲਦਿਆਂ ਸਰਹੱਦ ’ਤੇ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਵਿੱਚ ਮਦਦਗਾਰ ਹੋਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਰਕਾਰ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਸਰਹੱਦੀ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧਤਾ ਦੁਹਰਾਈ।
ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਕੁਲਵੰਤ ਸਿੰਘ, ਵਧੀਕ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਡੀਸੀ ਕੋਮਲ ਮਿੱਤਲ, ਐੱਸਐੱਸਪੀ ਦੀਪਕ ਪਾਰਿਕ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਡੀਆਈਜੀ ਹਰਚਰਨ ਸਿੰਘ ਭੁੱਲਰ, ਨਿਗਮ ਕਮਿਸ਼ਨਰ ਪਰਮਿੰਦਰਪਾਲ ਸਿੰਘ, ਡੀਐੱਸਪੀ ਹਰਸਿਮਰਨ ਸਿੰਘ ਬੱਲ ਮੌਜੂਦ ਸਨ।
ਮਿਜ਼ਾਈਲ ਜਾਂ ਡਰੋਨ ਹਮਲੇ ਵਾਲੀ ਥਾਂ ’ਤੇ ਜਲਦੀ ਨਾ ਜਾਣ ਦੀ ਅਪੀਲ
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮਿਜ਼ਾਈਲ ਜਾਂ ਡਰੋਨ ਹਮਲੇ ਵਾਲੀ ਥਾਂ ’ਤੇ ਜਲਦੀ ਨਾ ਜਾਣ ਅਤੇ ਅਣਪਛਾਤੇ ਮਲਬੇ ਨੂੰ ਛੂਹਣ ਤੋਂ ਗੁਰੇਜ਼ ਕਰਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ ਡਰੋਨ ਜਾਂ ਮਿਜ਼ਾਈਲ ਦਾ ਕੋਈ ਵੀ ਹਿੱਸਾ ਮਿਲਦਾ ਹੈ, ਉਸ ਥਾਂ ’ਤੇ ਛੇਤੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਨਕਾਰਾ ਹੋਣ ਤੋਂ ਪਹਿਲਾਂ ਨੁਕਸਾਨਦੇਹ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਮਿਜ਼ਾਈਲ ਜਾਂ ਬੈਲਿਸਟਿਕ ਸਮੱਗਰੀ ਦਿਖਦੀ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੀ ਜੰਗ ਵਿੱਚ ਫੌਜ ਨੂੰ ਹਰ ਸੰਭਵ ਮਦਦ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਦੋਹਰਾ ਚਿਹਰਾ ਨੰਗਾ ਹੋ ਗਿਆ ਹੈ, ਇੱਕ ਪਾਸੇ ਪਾਕਿਸਤਾਨ ਹਥਿਆਰਾਂ ਦੀ ਵਰਤੋਂ ਤੇਜ਼ ਕਰਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਦੂਜੇ ਪਾਸੇ ਸ਼ਾਂਤੀ ਦੀ ਗੱਲ ਕਰ ਰਿਹਾ ਹੈ।