ਖੇਤਰੀ ਪ੍ਰਤੀਨਿਧਅੰਮ੍ਰਿਤਸਰ, 9 ਜੂਨਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਸੰਯੁਕਤ ਕਮਿਸ਼ਨਰ ਡਾ. ਜੈ ਇੰਦਰ ਸਿੰਘ ਵੱਲੋਂ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਸਥਿਤ ਸਰਕਾਰੀ ਥਾਂ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਥਾਂ ’ਤੇ ਪਹਿਲਾਂ ਵੀ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਬਾਬਾ ਜੀ ਵੱਲੋਂ ਸਰਕਾਰੀ ਥਾਂ ’ਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਸ਼ਿਕਾਇਤਾਂ ਆਈਆਂ ਸਨ ਅਤੇ ਅੱਜ ਇਸੇ ਥਾਂ ਦਾ ਜਦੋਂ ਸੰਯੁਕਤ ਕਮਿਸ਼ਨਰ ਦੀ ਟੀਮ ਵੱਲੋਂ ਮੌਕਾ ਵੇਖਿਆ ਗਿਆ ਤਾਂ ਪਤਾ ਲੱਗਾ ਕਿ ਚਿਤਾਵਨੀ ਦੇਣ ਦੇ ਬਾਵਜੂਦ ਬਾਬਾ ਭੂਰੀ ਵਾਲਿਆਂ ਵਲੋਂ ਉਸਾਰੀ ਦਾ ਕੰਮ ਚਾਲੂ ਰੱਖਿਆ ਗਿਆ ਹੈ ਅਤੇ ਸਰਕਾਰੀ ਥਾਂ ’ਤੇ ਕਬਜ਼ਾ ਕਰਨ ਲਈ ਕੰਧ ਵੀ ਕਰ ਦਿੱਤੀ ਗਈ ਹੈ।ਮੌਕੇ ’ਤੇ ਪਾਣੀ ਦਾ ਬੋਰ ਵੀ ਕੀਤਾ ਜਾ ਰਿਹਾ ਸੀ ਅਤੇ ਬਾਬਾ ਭੂਰੀ ਵਾਲਿਆਂ ਦੀ ਬੋਲੈਰੋ ਗੱਡੀ ਵੀ ਖੜੀ ਪਾਈ ਗਈ। ਸੰਯੁਕਤ ਕਮਿਸ਼ਨਰ ਦੀ ਟੀਮ ਵਿੱਚ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਅਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਵੀ ਨਾਲ ਸਨ। ਸੰਯੁਕਤ ਕਮਿਸ਼ਨਰ ਵੱਲੋਂ ਅਸਟੇਟ ਅਫ਼ਸਰ ਨੂੰ ਬਾਬਾ ਭੂਰੀ ਵਾਲਿਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਆਰੰਭ ਕੇ ਨਾਜਾਇਜ਼ ਬਣੀ ਦੀਵਾਰ ਨੂੰ ਢਾਹੁਣ ਦੇ ਹੁਕਮ ਦਿੱਤੇ ਅਤੇ ਨਾਲ ਹੀ ਮੌਕੇ ’ਤੇ ਉਸਾਰੀ ਕਰਤਾਵਾਂ ਨੂੰ ਕੰਮ ਬੰਦ ਕਰਨ ਲਈ ਕਿਹਾ ਗਿਆ।ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਬਾਬਾ ਭੂਰੀ ਵਾਲੇ ਇੱਕ ਧਾਰਮਿਕ ਸੰਸਥਾ ਹੈ ਪਰ ਅਜਿਹੀ ਸੰਸਥਾ ਵੱਲੋਂ ਸਰਕਾਰੀ ਥਾਂ ’ਤੇ ਨਾਜਾਇਜ਼ ਕਬਜ਼ਾ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਆਈ ਸ਼ਿਕਾਇਤ ਦੇ ਆਧਾਰ ’ਤੇ ਉਨ੍ਹਾਂ ਸਰਕਾਰੀ ਥਾਂ ਵਾਲੇ ਪਾਸੇ ਇਸ ਸੰਸਥਾ ਵੱਲੋਂ ਬਣਾਈਆਂ ਗਈਆਂ ਨਜ਼ਾਇਜ ਪੌੜੀਆਂ ਨੂੰ ਢਾਹੁਣ ਲਈ ਕਿਹਾ ਗਿਆ ਸੀ ਅਤੇ ਅੱਗੇ ਤੋਂ ਉਸਾਰੀ ਨਾ ਕਰਨ ਲਈ ਵੀ ਚਿਤਾਵਨੀ ਦਿੱਤੀ ਗਈ ਸੀ ਪਰ ਇਸ ਸੰਸਥਾ ਵੱਲੋਂ ਸਰਕਾਰੀ ਹੁਕਮਾਂ ਦੀ ਕੋਈ ਪਰਵਾਹ ਨਾ ਕਰਦਿਆਂ ਸਗੋਂ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਨ ਖਾਤਰ ਕੰਧ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਨਾਜਾਇਜ਼ ਤੌਰ ’ਤੇ ਸਰਕਾਰੀ ਥਾਂ ’ਤੇ ਪਾਣੀ ਦਾ ਬੋਰ ਕੀਤਾ ਜਾ ਰਿਹਾ ਹੈ, ਜਿਸ ਨੂੰ ਤੁਰੰਤ ਰੁਕਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸਟੇਟ ਅਫਸਰ ਨੂੰ ਬਾਬਾ ਭੂਰੀ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਇਸ ਨਾਜਾਇਜ਼ ਉਸਾਰੀ ਨੂੰ ਢਾਹੁਣ ਦੇ ਹੁਕਮ ਦੇ ਦਿੱਤੇ ਗਏ ਹਨ।