ਸਰਕਾਰਾਂ ਨੇ ਰਵਿਦਾਸ ਭਾਈਚਾਰੇ ਨੂੰ ਢੁਕਵੀਂ ਨੁਮਾਇੰਦਗੀ ਨਹੀਂ ਦਿੱਤੀ: ਸ਼ੇਖਰ
ਜਗਜੀਤ ਸਿੰਘ
ਮੁਕੇਰੀਆਂ, 1 ਫਰਵਰੀ
ਭੀਮ ਆਰਮੀ ਦੇ ਮੁਖੀ, ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਕੌਮੀ ਪ੍ਰਧਾਨ ਤੇ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ ਰਵਿਦਾਸ ਭਾਈਚਾਰੇ ਦੀ ਸਮਾਜ ਵਿੱਚ ਹਿੱਸੇਦਾਰੀ ਅਨੁਸਾਰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ। ਉਹ ਅੱਜ ਇੱਥੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ’ਚ ਸ਼ਮੂਲੀਅਤ ਕਰਨ ਪੁੱਜੇ ਸਨ। ਨਗਰ ਕੀਰਤਨ ’ਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਵੀ ਸ਼ਿਰਕਤ ਕੀਤੀ।
ਚੰਦਰ ਸੇਖਰ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਹਮੇਸ਼ਾਂ ਭਾਈਚਾਰੇ ਨੂੰ ਕੇਵਲ ਵੋਟ ਬੈਂਕ ਲਈ ਹੀ ਵਰਤਿਆ ਹੈ ਪਰ ਦੇਸ਼ ਅੰਦਰ ਭਾਈਚਾਰੇ ਦੀ ਹਿੱਸੇਦਾਰੀ ਅਨੁਸਾਰ ਨੁਮਾਇੰਦਗੀ ਨਹੀਂ ਦਿੱਤੀ। ਮਹਾਂਕੁੰਭ ਉੱਤੇ ਸਰਕਾਰ ਵੱਲੋਂ ਹਿੰਦੂਆਂ ਦੀਆਂ ਭਾਵਨਾਵਾਂ ਦੀ ਕਰਦ ਕਰਦਿਆਂ 7500 ਕਰੋੜ ਖ਼ਰਚੇ ਜਾ ਰਹੇ ਹਨ ਅਤੇ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸੇ ਤਰਜ਼ ਉੱਤੇ ਗੁਰੂ ਰਵਿਦਾਸ ਦੇ ਦੋ ਸਾਲ ਬਾਅਦ ਆ ਰਹੇ 650ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਤੇ ਸੂਬਾ ਸਰਕਾਰਾਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸਮਾਗਮਾਂ ਦਾ ਪ੍ਰਬੰਧ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮਸਲਾ ਸੰਸਦ ਵਿੱਚ ਵੀ ਉਠਾਉਣਗੇ ਅਤੇ ਬੇਗਮਪੁਰਾ ਐਕਸਪ੍ਰੈੱਸ ਵਿੱਚ ਸਫਾਈ ਪ੍ਰਬੰਧ ਸੁਚੱਜੇ ਤਰੀਕੇ ਨਾਲ ਕਰਨ ਦੀ ਮੰਗ ਵੀ ਕਰਨਗੇ। ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਡਾ. ਬੀਆਰ ਅੰਬੇਡਕਰ ਵੱਲੋਂ ਦਿੱਤੀ ਤਾਕਤ ਨਾਲ ਉਹ ਆਪਣੀ ਸਮਰੱਥਾ ਵਧਾਉਣ। ਇਸ ਮੌਕੇ ਸਭਾ ਦੇ ਖਜਾਨਚੀ ਵਿਜੇ ਜੱਸਲ, ਰਮਨ ਸੰਧੂ ਜਨਰਲ ਸਕੱਤਰ, ਕੌਂਸਲਰ ਪੂਨਮ ਰੱਤੂ, ਪਵਨ ਕੁਮਾਰ, ਬੂਆ ਦੱਤਾ, ਗੁਰਮੁਖ ਸਿੰਘ, ਹੇਮਰਾਜ ਆਦਿ ਵੀ ਹਾਜ਼ਰ ਸਨ।
ਅੰਬੇਡਕਰ ਦਾ ਬੁੱਤ ਤੋੜਨ ਦਾ ਮਾਮਲਾ ਸਰਕਾਰ ਦੀ ਲਾਪਰਵਾਹੀ ਕਰਾਰ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਭੀਮ ਆਰਮੀ ਦੇ ਸਹਿ ਸੰਸਥਾਪਕ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ‘ਰਾਵਣ’ ਨੇ ਅੰਮ੍ਰਿਤਸਰ ਵਿੱਚ ਡਾ. ਬੀ ਆਰ ਅੰਬੇਡਕਰ ਦੇ ਬੁੱਤ ਨੂੰ ਤੋੜੇ ਜਾਣ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਸੂਬਾ ਸਰਕਾਰ ਦੀ ਲਾਪਰਵਾਹੀ ਕਰਾਰ ਦਿੱਤਾ। ਉਨ੍ਹਾਂ ਸੂਬੇ ਵਿੱਚ ਅਜਿਹੀਆਂ ਸਾਰੀਆਂ ਯਾਦਗਾਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਹੈਰੀਟੇਜ ਸਟਰੀਟ ਵਿੱਚ ਡਾ. ਬੀ ਆਰ ਅੰਬੇਡਕਰ ਵਾਲੇ ਬੁੱਤ ਦੇ ਸਥਾਨ ਦਾ ਦੌਰਾ ਕੀਤਾ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨਾ ਅਤੇ ਉਥੇ ਸੰਵਿਧਾਨ ਨੂੰ ਅੱਗ ਲਾਉਣ ਦਾ ਯਤਨ ਕਰਨ ਵਾਲੇ ਖਿਲਾਫ਼ ਕੌਮੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੰਸਦ ਵਿੱਚ ਵੀ ਉਠਾਇਆ ਜਾਵੇਗਾ।