For the best experience, open
https://m.punjabitribuneonline.com
on your mobile browser.
Advertisement

ਸਮੇਂ ਨੇ ਇੱਕ ਨਾ ਮੰਨੀ...

04:24 AM Apr 14, 2025 IST
ਸਮੇਂ ਨੇ ਇੱਕ ਨਾ ਮੰਨੀ
Advertisement

ਡਾ. ਅਵਤਾਰ ਸਿੰਘ ਪਤੰਗ

Advertisement

ਸਿਆਣੇ ਲੋਕ ਅਕਸਰ ਕਹਿੰਦੇ ਹਨ ਕਿ ਜਿਹੜਾ ਸਮਾਂ ਲੰਘ ਗਿਆ, ਉਹੀ ਚੰਗਾ। ਪਿੰਡ ਰਹਿੰਦਿਆਂ ਜਿਹੜਾ ਸਮਾਂ ਮੈਂ ਹੰਢਾਇਆ, ਉਹ ਕਿੰਨਾ ਕੁ ਚੰਗਾ ਸੀ ਜਾਂ ਮਾੜਾ, ਇਸ ਦਾ ਅੰਦਾਜ਼ਾ ਪਾਠਕ ਖ਼ੁਦ ਲਾ ਲੈਣਗੇ।...
1971 ਵਿੱਚ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗ ਗਈ। ਸਰਕਾਰ ਨੇ ‘ਬਲੈਕ ਆਊਟ’ ਦੇ ਹੁਕਮ ਕਰ ਦਿੱਤੇ। ਜੇ ਕਿਸੇ ਘਰ ਵਿੱਚੋਂ ਲੁਆਲੇ (ਚਾਨਣ) ਦੀ ਕੋਈ ਕਾਤਰ ਵੀ ਬਾਹਰ ਨਿਕਲ ਜਾਂਦੀ ਤਾਂ ਪਿੰਡ ਦਾ ਚੌਕੀਦਾਰ ਉੱਚੀ ਆਵਾਜ਼ ਮਾਰ ਕੇ ਘਰ ਵਾਲਿਆਂ ਨੂੰ ਚਿਤਾਵਨੀ ਦਿੰਦਾ, ਨਾਲੇ ਲਾਹ-ਪਾਹ ਕਰਦਾ। ਸਾਡੇ ਘਰ ਦੇ ਨਾਲ ਹੀ ਤਾਈ ਸੰਤ ਕੌਰ ਦਾ ਘਰ ਸੀ। ਰਾਤ ਵੇਲੇ ਉਹ ਹਰ ਰੋਜ਼ ਵਿਹੜੇ ਵਿੱਚ ਬਣੇ ਮਿੱਟੀ ਦੇ ਚੁੱਲ੍ਹੇ ’ਤੇ ਰੋਟੀ-ਟੁੱਕ ਲਈ ਅੱਗ ਬਾਲ ਲੈਂਦੀ। ਇੱਕ ਦਿਨ ਅਸੀਂ ਇਕੱਠੇ ਹੋ ਕੇ ਤਾਈ ਨੂੰ ਸਮਝਾਉਣ ਚਲੇ ਗਏ, “ਦੇਖ ਤਾਈ, ਗੁੱਸਾ ਨਾ ਕਰੀਂ... ਤੈਨੂੰ ਪਤੈ, ਲੜਾਈ ਲੱਗੀ ਹੋਈ ਐ। ਜਿੱਥੇ ਜ਼ਰਾ ਜਿੰਨੀ ਵੀ ਲੋਅ ਦਿਸਦੀ ਐ, ਪਾਕਿਸਤਾਨੀ ਜਹਾਜ਼ ਉਥੇ ਈ ਆ ਬੰਬ ਮਾਰਦੈ।... ਥੋਡੇ ਕਰ ਕੇ ਕਿਤੇ ਥੇਹ ਨਾ ਬਣ ਜਾਵੇ ਸਾਰਾ ਪਿੰਡ।” ਅਜੇ ਸਾਡੀ ਗੱਲ ਪੂਰੀ ਨਹੀਂ ਸੀ ਹੋਈ ਕਿ ਤਾਈ ਸੰਤ ਕੌਰ ਛਿੜ ਪਈ, “ਮੈਂ ਲਾਹੌਰ ਜੰਮੀ, ਉਥੇ ਈ ਉਡਾਰੂ ਹੋਈ... ਚੌਧਰੀ ਮੀਹਾਂ ਸਿੰਘ ਮੇਰਾ ਬਾਪ ਲਾਹੌਰ ਦਾ ਕਹਿੰਦਾ-ਕਹੌਂਦਾ ਜ਼ਿਮੀਂਦਾਰ ਸੀ। ਲਾਹੌਰ ਦੇ ਵੈਸ ਰੇ (ਵਾਇਸਰਾਏ) ਨਾਲ ਪਿਆਲੇ ਦੀ ਸਾਂਝ ਸੀ ਮੇਰੇ ਬਾਪ ਦੀ। ਕਿਲੇ ਵਰਗੀ ਹਮੇਲੀ ਛੱਡ ਕੇ ਇੱਧਰ ਆਏ ਸੀ ਅਸੀਂ ਲਾਹੌਰੋਂ। ਨਾ ਹੁਣ ਆਪਣੀ ਧੀ ਦੇ ਘਰ ’ਤੇ ਬੰਬ ਮਾਰਨ ਲੱਗਿਆਂ ਸ਼ਰਮ ਨ੍ਹੀਂ ਆਊ ਲਾਹੌਰ ਆਲਿਆਂ ਨੂੰ। ਥੋਡਾ ਗਰਕ ਜੇ ਬੇੜਾ। ਮੇਰੇ ਘਰ ਦੋ ਵੇਲੇ ਚੁੱਲ੍ਹਾ ਬਲਦਾ ਜਰਿਆ ਨ੍ਹੀਂ ਜਾਂਦਾ ਸ਼ਰੀਕਾਂ ਕੋਲੋਂ। ਰੋਟੀ ਪੱਕਦੀ ਦਾ ਸੱਲ ਐ ਥੋਨੂੰ।” ਤਾਈ ਸੰਤ ਕੌਰ ਨੂੰ ਸਮਝਾਉਣ ਆਏ ਅਸੀਂ ਬਰੰਗ ਖ਼ਤ ਵਾਂਗ ਮੁੜ ਆਏ। ਕੁਝ ਦਿਨਾਂ ਬਾਅਦ ਪਾਕਿਸਤਾਨ ਨਾਲ ਤਾਂ ਲੜਾਈ ਖ਼ਤਮ ਹੋ ਗਈ ਪਰ ਤਾਈ ਨਾਲ ਸਾਡੀ ਲੜਾਈ ਕਈ ਸਾਲ ਚਲਦੀ ਰਹੀ।
ਸਾਡੇ ਪਿੰਡ ਮਿਡਲ ਸਕੂਲ ਸੀ। ਵਿਦਿਆਰਥੀ ਅੱਖਾਂ ਮਲ਼ਦੇ ਸਕੂਲ ਆ ਵੜਦੇ। ਨਹਾਉਣਾ-ਧੋਣਾ ਅਤੇ ਬੁਰਸ਼ ਕਰਨਾ ਉਦੋਂ ਕਿਸੇ ਹੋਰ ਮੁਲਕ ਦੀਆਂ ਗੱਲਾਂ ਸਨ। ਛੁੱਟੀ ਆਇਆ ਪਿੰਡ ਦਾ ਫੌਜੀ ਖੂਹ ’ਤੇ ਨਹਾਉਣ ਲੱਗਿਆਂ ਟੁੱਥ ਪੇਸਟ ਕਰਦਾ ਹੁੰਦਾ ਸੀ। ਲੋਕ ਹੈਰਾਨੀ ਜਿਹੀ ਨਾਲ ਪੁੱਛਦੇ, “ਵੇ ਫੌਜੀਆਂ, ਹਾਅ ਕਿਆ ਵਿੱਠ ਜਿਹੀ ਪਾ ਲੈਨਾ ਮੂੰਹ ’ਚ... ਸਵੇਰੇ ਸਵੇਰੇ?”
ਸਕੂਲ ’ਚ ਸਾਰੇ ਅਧਿਆਪਕ ਦੂਰ-ਦੁਰਾਡੇ ਪਿੰਡਾਂ ਤੋਂ ਆਉਂਦੇ ਸਨ। ਅਧਿਆਪਕਾਂ ਦੇ ਨਾਸ਼ਤੇ ਅਤੇ ਖਾਣੇ ਦਾ ਪ੍ਰਬੰਧ ਕਰਨਾ ਵਿਦਿਆਰਥੀਆਂ ਦੇ ਸਿਲੇਬਸ ਦਾ ਹੀ ਹਿੱਸਾ ਮੰਨਿਆ ਜਾਂਦਾ ਸੀ। ਅੱਠਵੀਂ ਪਾਸ ਕਰਨ ਤੋਂ ਬਾਅਦ ਜੇ ਕਿਸੇ ਨੇ ਅੱਗੇ ਪੜ੍ਹਨਾ ਹੋਵੇ ਤਾਂ ਉਹਨੂੰ ਸ਼ਹਿਰ ਜਾਣਾ ਪੈਂਦਾ ਸੀ। ਕਾਲਜ ਦਾਖਲਾ ਲੈਣਾ ਤਾਂ ਉਸ ਵੇਲੇ ਕਿਸੇ ‘ਮਾਈ ਦੇ ਲਾਲ’ ਦਾ ਹੀ ਕੰਮ ਸੀ।
ਉਨ੍ਹੀਂ ਦਿਨੀਂ ਮੈਂ ਪਿੰਡ ਵਿੱਚ ‘ਮਹਾਂ ਵਿਦਵਾਨ’ ਸੀ, ਮੈਂ ‘ਉਚੇਰੀ ਸਿੱਖਿਆ’ (ਮੈਟ੍ਰਿਕ) ਸ਼ਹਿਰੋਂ ਪ੍ਰਾਪਤ ਕਰ ਕੇ ਆਇਆ ਸੀ। ਇੱਕ ਦਿਨ ਪਿੰਡ ਵਿੱਚ ਤਾਰ (ਟੈਲੀਗ੍ਰਾਮ)ਆਈ। ਘਰਵਾਲਿਆਂ ਨੇ ਅੱਧੀ ਰਾਤ ਨੂੰ ਮੇਰੇ ਦਰਵਾਜ਼ੇ ਦੇ ਕਨਸਤਰ ਆ ਖੜਕਾਏ। ਤਾਰ ਵਿੱਚ ਲਿਖਿਆ ਸੀ, ‘ਮਦਰ ਸੀਰੀਅਸ ਕਮ ਸੂਨ’। ਮੈਂ ਕਿਹਾ, “ਇਸ ਵਿੱਚ ਲਿਖਿਆ ਕਿ ‘ਥੋਡੀ ਮਾਂ ਖ਼ਤਰਨਾਕ ਐ, ਜਲਦੀ ਪਹੁੰਚੋ”। ਇਹ ਸੁਣ ਕੇ ਪਰਿਵਾਰ ਦੇ ਸਾਰੇ ਜੀਅ ਹੱਕੇ-ਬੱਕੇ ਰਹਿ ਗਏ। ਬੇਬੇ ਦੀ ਨੂੰਹ ਕਹਿੰਦੀ, “ਬੇਬੇ ਤਾਂ ਦੋ ਵੇਲੇ ਮਹਾਰਾਜ ਦਾ ਨਾਂ ਲੈਣ ਵਾਲੀ ਐ, ਉਹ ਤਾਂ ਕਦੇ ਉੱਚੀ ਨ੍ਹੀਂ ਬੋਲੀ ਕਿਸੇ ਨਾਲ਼... ਉਹ ਖ਼ਤਰਨਾਕ ਕਾਹਤੇ ਹੋ ਗਈ?” ਜਦੋਂ ਘਰਵਾਲਿਆਂ ਨੇ ਦਿਨ ਚੜ੍ਹਦੇ ਨੂੰ ਸਕੂਲ ਦੇ ਅੰਗਰੇਜ਼ੀ ਪੜ੍ਹਾਉਣ ਵਾਲੇ ਮਾਸਟਰ ਨੂੰ ਤਾਰ ਦਿਖਾਈ ਤਾਂ ਮੇਰੀ ਵਿਦਵਤਾ ਦੀ ਪੋਲ ਖੁੱਲ੍ਹ ਗਈ।
ਸਾਡੇ ਪਿੰਡ ਦਾ ਸਰਪੰਚ ਮੰਗਲ ਸਿੰਘ ਉਂਝ ਤਾਂ ਅਨਪੜ੍ਹ ਸੀ ਪਰ ਉਹ ਗੁਰਮੁਖੀ ਵਿੱਚ ਆਪਣੇ ਦਸਤਖ਼ਤ ਕਰ ਲੈਂਦਾ ਸੀ। ਆਪਣਾ ਨਾਮ ਲਿਖਣ ਤੋਂ ਪਹਿਲਾਂ ਹੀ ਲਕੀਰ ਮਾਰ ਲੈਂਦਾ ਤੇ ਮੰਗਲ ਸਿੰਘ ਦਾ ਸੰਗਲ ਸਿੰਘ ਬਣ ਜਾਂਦਾ। ਜਦੋਂ ਮੈਂ ਐੱਮਏ ਪਾਸ ਕੀਤੀ ਤਾਂ ਇਹੋ ਸਰਪੰਚ ਮੈਨੂੰ ਵਧਾਈ ਦੇਣ ਆਇਆ ਕਹਿਣ ਲੱਗਾ, “ਸ਼ਾਬਾਸ਼ ਕਾਕਾ, ਹੁਣ ਹਟੀਂ ਨਾ ਪੜ੍ਹਨ ਤੋਂ... ਲੱਗਦੇ ਹੱਥ ਬੀਏ ਵੀ ਕਰ ਲੈ...!”
ਉਨ੍ਹਾਂ ਦਿਨਾਂ ਵਿੱਚ ਮੁੰਡੇ ਕੁੜੀ ਦਾ ਰਿਸ਼ਤਾ ਲੱਭਣ ਲਈ ਅੱਜ ਵਾਂਗ ਕੋਈ ਇੰਟਰਨੈੱਟ ’ਤੇ ਖੋਜ ਨਹੀਂ ਸੀ ਕਰਨੀ ਪੈਂਦੀ। ਭੂਆ ਭਤੀਜੀ ਦਾ ਰਿਸ਼ਤਾ ਲੈ ਜਾਂਦੀ ਸੀ। ਮਾਸੀ ਭਾਣਜੀ ਦਾ ਅਤੇ ਵੱਡੀ ਭੈਣ ਛੋਟੀ ਭੈਣ ਦਾ। ਵਿਆਂਦੜ ਕੁੜੀ ਨਾਨਕਿਆਂ ਦਾ ਦਿੱਤਾ ਸੂਹਾ ਸੂਟ ਹੀ ਪਾਉਂਦੀ ਸੀ। ਦੋ-ਦੋ ਲੱਖ ਰੁਪਈਆ ਲਹਿੰਗਿਆਂ ’ਤੇ ਨਹੀਂ ਸੀ ਲੱਗਦਾ ਅਤੇ ਨਾ ਹੀ ਕੁੜੀ ਮਹਿੰਗੇ ਤੋਂ ਮਹਿੰਗੇ ਬਿਊਟੀ ਪਾਰਲਰ ਜਾਂਦੀ ਸੀ। ਸੱਕ ਦੀ ਦਾਤਣ ਅਤੇ ਮਾਈਂਆ (ਹਲਦੀ) ਲਾਉਣ ਨਾਲ ਕੁੜੀ ਦਾ ਰੰਗ-ਰੂਪ ਗੁਲਾਬ ਵਾਂਗ ਖਿੜ ਉੱਠਦਾ ਸੀ।
ਅੱਜ ਪਿੰਡ ਵੀ ਉਹੀ ਹੈ ਅਤੇ ਗਲੀਆਂ ਵੀ ਉਹੀ, ਪਰ ਜ਼ਮਾਨਾ ਬਦਲ ਗਿਆ ਹੈ। ਪਹਿਲਾਂ ਜਿੱਥੇ ਔਰਤਾਂ ਦੇ ਹੱਥਾਂ ਵਿੱਚ ਦਾਤੀ, ਖੁਰਪੀ, ਕ੍ਰੋਸ਼ੀਆ ਅਤੇ ਸਿਲਾਈਆਂ ਹੁੰਦੀਆਂ ਸਨ, ਉਥੇ ਅੱਜ ਸਭ ਦੇ ਹੱਥ ਵਿੱਚ ਮੋਬਾਈਲ ਹਨ। ਹੁਣ ਤਾਂ ਵਿਆਹ ਦਾ ਜੁਗਾੜ ਫੇਸਬੁੱਕ ’ਤੇ ਵੀ ਹੋ ਜਾਂਦਾ ਹੈ। ਪਿੰਡ ਦੀਆਂ ਬਜ਼ੁਰਗ ਔਰਤਾਂ ਜਿਨ੍ਹਾਂ ਦੇ ਮੂੰਹ ਵਿੱਚ ਦੰਦ ਵੀ ਨਹੀਂ, ਉਹ ਵੀ ਸੈਲਫੀਆਂ ਭੇਜ ਕੇ ਸਾਰਾ ਦਿਨ ‘ਨਾਈਸ ਪਿਕ’ ਉਡੀਕਦੀਆਂ ਹਨ। ਮਾਵਾਂ ਧੀਆਂ ਮਿਲਣ ’ਤੇ ਹੁਣ ਕੰਧਾਂ ਨਹੀਂ ਹਿਲਦੀਆਂ। ‘ਡੋਲੀ ਤੋਰ ਕੇ ਕੱਚਾ ਦੁੱਧ’ ਪੀਣ ਵਾਲੇ ਵੀਰੇ ਹੁਣ ਨਹੀਂ ਰਹੇ। ਟੀਵੀ, ਮੋਬਾਈਲ, ਨੈੱਟ ਆਦਿ ਨੇ ਹੱਟੀ-ਭੱਠੀ ’ਤੇ ਲਗਦੀਆਂ ਮਹਿਫਲਾਂ ਖ਼ਤਮ ਕਰ ਦਿੱਤੀਆਂ ਹਨ।... ਮੂੰਹ ਜ਼ੋਰ ਵਗਦੇ ਪਾਣੀਆਂ ਅਤੇ ਸਮੇਂ ਦੇ ਅੱਥਰੇ ਘੋੜੇ ਨੂੰ ਡੱਕਿਆ ਨਹੀਂ ਜਾ ਸਕਦਾ...।
ਸੰਪਰਕ: 88378-08371

Advertisement
Advertisement

Advertisement
Author Image

Jasvir Samar

View all posts

Advertisement