For the best experience, open
https://m.punjabitribuneonline.com
on your mobile browser.
Advertisement

ਸਮੇਂ ਅਤੇ ਸੀਮਾਵਾਂ ਤੋਂ ਪਾਰ ਗੁਰੂ ਕਾ ਲੰਗਰ

04:09 AM Jun 08, 2025 IST
ਸਮੇਂ ਅਤੇ ਸੀਮਾਵਾਂ ਤੋਂ ਪਾਰ ਗੁਰੂ ਕਾ ਲੰਗਰ
Advertisement

ਪ੍ਰੋ. ਸੁਖਦੇਵ ਸਿੰਘ

Advertisement

‘ਲੰਗਰ’ ਨੂੰ ਆਮ ਤੌਰ ’ਤੇ ਗੁਰਦੁਆਰਿਆਂ ਅਤੇ ਸਿੱਖ ਧਰਮ ਦੀ ਮਰਿਆਦਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਜਦੋਂਕਿ ਇਹ ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਭਾਸ਼ਾ ਤੋਂ ਆਇਆ ਹੈ ਜਿੱਥੇ ਇਸ ਦੇ ਮੁੱਢਲੇ ਅਰਥ ਕੁਝ ਹੱਦ ਤੱਕ ਤਾਂ ਪੰਜਾਬੀ ਭਾਸ਼ਾ ਵਿੱਚ ਇਸ ਦੇ ਅਜੋਕੇ ਅਰਥਾਂ ਨਾਲ ਮੇਲ ਖਾਂਦੇ ਹਨ, ਪਰ ਇਨ੍ਹਾਂ ਵਿੱਚ ਕਾਫ਼ੀ ਵਖਰੇਵਾਂ ਵੀ ਹੈ। ਕਿਹਾ ਜਾਂਦਾ ਹੈ ਕਿ ਲੰਗਰ ਦੀ ਪਰੰਪਰਾ ਦੁਨੀਆ ਦੇ ਏਸ਼ਿਆਈ ਖਿੱਤੇ ਵਿੱਚ 11ਵੀਂ-12ਵੀਂ ਸਦੀ ਤੋਂ ਮਿਲਦੀ ਹੈ, ਪਰ ਇਸ ਦੀ ਵਿਧੀਵਤ ਸ਼ੁਰੂਆਤ 13ਵੀਂ ਸਦੀ ਵਿੱਚ ਬਾਬਾ ਸ਼ੇਖ ਫਰੀਦ ਦੁਆਰਾ ਕੀਤੀ ਗਈ ਦੱਸੀ ਜਾਂਦੀ ਹੈ। ਇਸ ਦਾ ਹਵਾਲਾ 1623 ਈਸਵੀਂ ਵਿੱਚ ਸੰਕਲਿਤ ‘ਜਵਾਹਰ ਅਲ-ਫਰੀਦੀ’ ਵਿੱਚ ਮਿਲਦਾ ਹੈ।
ਚਿਸ਼ਤੀ, ਨਕਸ਼ਬੰਦੀ, ਕਾਦਰੀ ਅਤੇ ਸੁਹਰਾਵਰਦੀ ਸੂਫ਼ੀ ਪੀਰਾਂ ਜਾਂ ਮੁਰਸ਼ਿਦਾਂ ਨੇ ਆਪਣੇ ਡੇਰਿਆਂ ਵਿੱਚ ਆਪਣੇ ਮੁਰੀਦਾਂ ਜਾਂ ਪੈਰੋਕਾਰਾਂ ਅਤੇ ਹੋਰ ਰਾਹਗੀਰਾਂ ਲਈ ਰਾਤ ਕੱਟਣ ਅਤੇ ਖਾਣੇ ਲਈ ਕੇਂਦਰ ਸਥਾਪਿਤ ਕੀਤੇ। ਅਜਿਹੇ ਪ੍ਰਬੰਧ ਨੂੰ ਅਰਬ ਦੇਸ਼ਾਂ ਦੇ ਇਲਾਕੇ ਵਿੱਚ ਰਿਬਤ ਅਤੇ ਇਰਾਨ ਅਤੇ ਭਾਰਤੀ ਇਲਾਕੇ ਵਿੱਚ ਖਾਨਗਾਹ ਕਿਹਾ ਜਾਂਦਾ ਸੀ। ਫ਼ਾਰਸੀ ਭਾਸ਼ਾ ਦੇ ਸ਼ਬਦ ਲੰਗਰ ਦੇ ਅਰਥ ਇਸ ਪਰੰਪਰਾ ਨਾਲ ਜੁੜਦੇ ਹਨ। ਅਹਿਮਦ ਉਜ਼ਗਾਨੀ ਦੀ ਲਿਖਤ ‘ਉਵੈਸੀਆਂ ਦਾ ਇਤਿਹਾਸ’ ਪੂਰੇ ਮੱਧ ਏਸ਼ੀਆ ਵਿੱਚ ਲੰਗਰਾਂ ਦੀ ਮੌਜੂਦਗੀ ਦੀਆਂ ਕਹਾਣੀਆਂ ਬਿਆਨ ਕਰਦੀ ਹੈ।
ਇਨ੍ਹਾਂ ਖਾਨਗਾਹਾਂ ਵਿੱਚ ਲੰਗਰ ਸਥਾਨਕ ਲੋਕਾਂ ਦੁਆਰਾ ਦਿੱਤੇ ਦਾਨ ਜਾਂ ਸ਼ਾਸਕਾਂ ਦੁਆਰਾ ਦਿੱਤੀਆਂ ਜਗੀਰਾਂ ਜਾਂ ਗਰਾਂਟਾਂ ’ਤੇ ਨਿਰਭਰ ਕਰਦਾ ਸੀ। ਇਸੇ ਤਰ੍ਹਾਂ, ਨਾਥ ਜੋਗੀਆਂ ਨੇ ਵੀ ਆਪਣੇ ਡੇਰਿਆਂ ਵਿੱਚ ਭੰਡਾਰੇ ਸਥਾਪਿਤ ਕੀਤੇ ਹੋਏ ਸਨ। ਦੁਨੀਆ ਦੇ ਪੂਰਬੀ ਹਿੱਸੇ ਵਿੱਚ ਜੋਗੀਆਂ ਅਤੇ ਤਪੱਸਵੀਆਂ ਨੂੰ ਕੱਚੇ ਅਨਾਜ ਜਾਂ ਪਕਾਏ ਭੋਜਨ ਦਾ ਦਾਨ ਕਰਨ ਦੀ ਪ੍ਰਥਾ ਲੰਮੇ ਸਮੇਂ ਤੋਂ ਰਹੀ ਹੈ। ਦਰਅਸਲ, ਘੁਮੱਕੜ ਸੂਫ਼ੀਆਂ ਜਾਂ ਜੋਗੀਆਂ ਲਈ ਰਾਹ ਵਿੱਚ ਆਸਰੇ ਅਤੇ ਭੋਜਨ ਲਈ ਕਿਸੇ ਦਰਵੇਸ਼, ਮੁਰਸ਼ਦ ਦੀ ਖਾਨਗਾਹ, ਨਾਥ ਦਾ ਟਿੱਲਾ ਜਾਂ ਮੱਠ ਹੀ ਸਹੀ ਸਥਾਨ ਹੁੰਦੇ ਸਨ। ਇਤਿਹਾਸਕਾਰ ਕਪੂਰ ਸਿੰਘ ਲੰਗਰ ਦੀ ਅਜਿਹੀ ਰਵਾਇਤ ਨੂੰ ਆਰੀਅਨ ਪ੍ਰਥਾ ਵਜੋਂ ਬਿਆਨਦਾ ਹੈ।
ਪੰਜਾਬੀ ਭਾਸ਼ਾ ਵਿੱਚ ਲੰਗਰ ਦੇ ਅਰਥ ਵੱਖਰੇ ਹਨ। ਇਹ ਵਖਰੇਵਾਂ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਦੁਆਰਾ ਪਿਤਾ ਵੱਲੋਂ ਵਣਜ ਲਈ ਦਿੱਤੀ ਰਕਮ ਨੂੰ ਭੁੱਖੇੇ ਸਾਧੂਆਂ ਨੂੰ ਭੋਜਨ (ਲੰਗਰ) ਛਕਾਉਣ ਦੇ ਵਣਜ ਨਾਲ ਪੰਦਰ੍ਹਵੀਂ ਸਦੀ ਦੇ ਅੰਤ ਤੋਂ ਸ਼ੁਰੂ ਹੋਇਆ। ਇਸ ਨਾਲ ਲੰਗਰ ਸ਼ਬਦ ਦੇ ਅਰਥਾਂ ਦਾ ਘੇਰਾ ਫੈਲਣਾ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਦੇ ਪੈਰੋਕਾਰਾਂ ਵੱਲੋਂ ਭੁੱਖਿਆਂ ਨੂੰ ਭੋਜਨ (ਲੰਗਰ) ਛਕਾਉਣਾ ਸਮਾਜਿਕ ਨਿਆਂ ਦੇ ਨਾਲ ਨਾਲ ਅਧਿਆਤਮਿਕ ਵਣਜ ਸਮਝਿਆ ਜਾਣ ਲੱਗਿਆ। ਗੁਰੂ ਨਾਨਕ ਦੇਵ ਤੋਂ ਬਾਅਦ ਸਿੱਖਾਂ ਦੇ ਦੂਜੇ ਪਾਤਸ਼ਾਹ, ਗੁਰੂ ਅੰਗਦ ਦੇਵ ਨੇ ਖਡੂਰ ਸਾਹਿਬ ਵਿਖੇ ਲੰਗਰ ਨੂੰ ਨਿਯਮਤ ਪ੍ਰਥਾ ਵਜੋਂ ਸੰਸਥਾਗਤ ਰੂਪ ਦਿੱਤਾ। ਧਰਮ, ਜਾਤ, ਲਿੰਗ ਅਤੇ ਆਰਥਿਕ ਸਥਿਤੀ ਦੇ ਪੱਖਪਾਤ ਅਤੇ ਭੇਦ-ਭਾਵ ਤੋਂ ਬਿਨਾਂ ਇੱਕ ਦੂਜੇ ਦੇ ਨਾਲ ਇੱਕ ਕਤਾਰ ਵਿੱਚ ਬੈਠਣ ਦੀ ਪਰੰਪਰਾ ਨਿਰਧਾਰਤ ਕੀਤੀ। ਇਹ ਪਰੰਪਰਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਮੇਂ ਮਜ਼ਬੂਤ ਹੋਈ। ਉਨ੍ਹਾਂ ਦੇ ਦਰਸ਼ਨ ਕਰਨ ਲਈ ਆਏ ਮੁਗ਼ਲ ਬਾਦਸ਼ਾਹ ਅਕਬਰ ਨੂੰ ਬਾਕੀਆਂ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਨੇ ਗੁਰੂ ਕਾ ਲੰਗਰ ਪਰੰਪਰਾ ਨੂੰ ਸਮਾਨਤਾ, ਸਮਾਵੇਸ਼ ਅਤੇ ਸੇਵਾ ਦੇ ਅਭਿਆਸ ਵਜੋਂ ਮਜ਼ਬੂਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਜਾਤਾਂ ਅਤੇ ਖੇਤਰਾਂ ਤੋਂ ਆਏ ਲੋਕਾਂ ਵਿੱਚੋਂ ਪੰਜ ਪਿਆਰੇ ਸਾਜੇ ਅਤੇ ਉਨ੍ਹਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਅਤੇ ਫਿਰ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਗੁਰੂ ਨਾਨਕ ਦੇਵ ਵੱਲੋਂ ਭੁੱਖੇ ਸਾਧੂਆਂ ਨੂੰ ਭੋਜਨ ਜਾਂ ਲੰਗਰ ਛਕਾਉਣ ਨਾਲ ਸ਼ੁਰੂ ਹੋਈ ਦਸ ਨਹੁੰਆਂ ਦੀ ਕਮਾਈ ਨੂੰ ਵੰਡ ਕੇ ਛਕਣ ਦੀ ਪਰੰਪਰਾ ਮਨੁੱਖੀ ਸੰਵੇਦਨਾ, ਸਮਾਜਿਕ ਨਿਆਂ ਅਤੇ ਅਧਿਆਤਮਿਕ ਤਸੱਲੀ ਵਾਲੀ ਗੁਰੂ ਕਾ ਲੰਗਰ ਪਰੰਪਰਾ ਬਣ ਗਈ।
ਅੱਜ ਸਿੱਖ ਭਾਈਚਾਰੇ ਦੁਆਰਾ ਲੰਗਰ ਦੀ ਪਰੰਪਰਾ ਵਿਲੱਖਣ ਅਤੇ ਵੱਖਰੀ ਹੈ। ਇਸ ਪਰੰਪਰਾ ਅਨੁਸਾਰ ਗੁਰਦੁਆਰਿਆਂ ਵਿੱਚ ਲੰਗਰ ਹਰ ਦਿਨ ਤਿੰਨ ਵੇਲੇ ਨਿਰੰਤਰ ਚਲਦਾ ਹੈ। ਗੁਰੂ ਕਾ ਲੰਗਰ ਭਾਈਚਾਰੇ ਜਾਂ ਸੰਗਤ ਦੁਆਰਾ ਚਲਾਇਆ ਜਾਂਦਾ ਹੈ ਅਤੇ ਸੰਗਤ ਨੂੰ ਹੀ ਪਰੋਸਿਆ ਜਾਂਦਾ ਹੈ; ਜੋ ਵੀ ਲੰਗਰ ਵਿੱਚ ਸ਼ਾਮਿਲ ਹੁੰਦਾ ਹੈ ਉਹ ਸੰਗਤ ਦਾ ਹਿੱਸਾ ਹੁੰਦਾ ਹੈ। ਗੁਰੂ ਕੇ ਲੰਗਰ ਦੀ ਪਛਾਣ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੁੰਦੀ। ਇਸ ਨੂੰ ਕਿਸੇ ਖ਼ਾਸ ਅਮੀਰ ਜਾਂ ਸ਼ਾਸਕ ਦੇ ਦਾਨ ਜਾਂ ਗ੍ਰਾਂਟ ਨਾਲ ਨਹੀਂ ਜੋੜਿਆ ਜਾਂਦਾ ਅਤੇ ਨਾ ਹੀ ਇਹ ਇਨ੍ਹਾਂ ’ਤੇ ਨਿਰਭਰ ਕਰਦਾ ਹੈ। ਇਸ ਨੂੰ ਸੰਗਤ (ਭਾਈਚਾਰੇ) ਦਾ ਕਾਰਜ ਬਿਆਨਿਆ ਜਾਂਦਾ ਹੈ। ਇਸ ਲਈ ਬਿਨਾਂ ਕਿਸੇ ਭੇਦ-ਭਾਵ ਤੋਂ ਕਿਸੇ ਵੀ ਦੇਸ਼, ਧਰਮ, ਜਾਤ, ਜਮਾਤ ਦਾ ਆਮ ਅਤੇ ਖ਼ਾਸ, ਅਮੀਰ ਅਤੇ ਗ਼ਰੀਬ ਔਰਤ, ਮਰਦ, ਬੱਚਾ, ਜਵਾਨ ਅਤੇ ਬਜ਼ੁਰਗ ਕਿੰਨੀ ਵੀ ਰਕਮ ਨਾਲ ਨਕਦ ਜਾਂ ਅਨਾਜ ਦੇ ਰੂਪ ਵਿੱਚ ਜਾਂ ਸਵੈ-ਇੱਛਾ ਨਾਲ ਸੇਵਾ ਕਰ ਕੇ ਆਪਣਾ ਯੋਗਦਾਨ ਪਾ ਸਕਦਾ ਹੈ। ਯੋਗਦਾਨ ਦੀ ਰਾਸ਼ੀ ਦਾ ਹਿਸਾਬ ਤਾਂ ਰੱਖਿਆ ਜਾਂਦਾ ਹੈ, ਪਰ ਕਿਸੇ ਵੀ ਤਰ੍ਹਾਂ ਦੇ ਯੋਗਦਾਨ ਨੂੰ ਇਸ ਦੀ ਪਛਾਣ ਨਹੀਂ ਬਣਾਇਆ ਜਾਂਦਾ। ਇਸ ਦੀ ਪਛਾਣ ਸੰਗਤ ਜਾਂ ਭਾਈਚਾਰਕ ਰੱਖੀ ਜਾਂਦੀ ਹੈ ਜਿਸ ਨਾਲ ਊਚ-ਨੀਚ ਦਾ ਭੇਦ-ਭਾਵ ਉਜਾਗਰ ਨਹੀਂ ਹੁੰਦਾ। ਲੰਗਰ ਦੇ ਵਰਤਾਉਣ ਜਾਂ ਛਕਣ ਵਿੱਚ ਵੀ ਕੋਈ ਭੇਦਭਾਵ ਨਹੀਂ ਹੁੰਦਾ। ਲੰਗਰ ਛਕਣ ਲਈ ਕਿਸੇ ਦਾ ਵੀ ਵਿਸ਼ੇਸ਼ ਸਥਾਨ ਨਹੀਂ ਹੁੰਦਾ, ਸਾਰੇ ਹੀ ਇੱਕ ਪੰਗਤ ਵਿੱਚ ਬੈਠ ਕੇ ਇੱਕੋ ਤਰ੍ਹਾਂ ਦਾ ਭੋਜਨ ਇਕੱਠੇ ਛਕਦੇ ਹਨ ਜਿਸ ਨਾਲ ਭਾਈਚਾਰਕ ਭਾਵਨਾ ਅਤੇ ਪਛਾਣ ਉਜਾਗਰ ਹੁੰਦੀ ਹੈ।
ਇਸ ਤੋਂ ਇਲਾਵਾ, ਫ਼ਾਰਸੀ ਸ਼ਬਦ ਲੰਗਰ ਦਾ ਮੁੱਖ ਤੌਰ ’ਤੇ ਅਰਥ ਸੂਫ਼ੀਆਂ ਜਾਂ ਜੋਗੀਆਂ ਲਈ ਇੱਕ ਆਰਾਮਗਾਹ ਸੀ ਜਿੱਥੇ ਹੋਰ ਲੋੜਵੰਦ ਲੋਕ ਵੀ ਸ਼ਾਮਲ ਹੋ ਸਕਦੇ ਸਨ। ਹਰ ਕਿਸੇ ਲਈ ਬਿਨਾਂ ਝਿਜਕ ਲੰਗਰ ਵਿੱਚ ਸ਼ਾਮਲ ਹੋਣਾ ਇੱਕ ਆਮ ਪ੍ਰਥਾ ਨਹੀਂ ਸੀ। ਇਸ ਤੋਂ ਇਲਾਵਾ, ਲੰਗਰ ਵਿੱਚ ਕਈ ਵਾਰੀ ਕੁਝ ਥਾਵਾਂ ’ਤੇ ਮਾਸਾਹਾਰੀ ਭੋਜਨ ਅਤੇ ਨਸ਼ੀਲੇ ਪਦਾਰਥਾਂ ਦੀ ਵੀ ਇਜਾਜ਼ਤ ਹੁੰਦੀ ਸੀ, ਜਦੋਂਕਿ ਸਿੱਖ ਪਰੰਪਰਾ ਵਿੱਚ ਲੰਗਰ ਪੂਰੀ ਤਰ੍ਹਾਂ ਸ਼ੁੱਧ ਸ਼ਾਕਾਹਾਰੀ ਭੋਜਨ ਹੁੰਦਾ ਹੈ ਜੋ ਕਿਸੇ ਵੀ ਵਿਅਕਤੀ ਦੁਆਰਾ ਕਿਸੇ ਵੀ ਸਮੇਂ, ਕਿਸੇ ਵੀ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਪਰੋਸਿਆ ਅਤੇ ਖਾਧਾ ਜਾਂਦਾ ਹੈ; ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਖ਼ਤ ਮਨਾਹੀ ਹੁੰਦੀ ਹੈ। ਇਸ ਪ੍ਰਥਾ ਵਿੱਚ ਲੰਗਰ ਲਈ ਸਫ਼ਾਈ, ਸੁੱਚਤਾ ਅਤੇ ਸਵੱਛਤਾ ਜ਼ਰੂਰੀ ਲੋੜਾਂ ਹਨ। ਲੰਗਰ ਨੂੰ ਲੋਕ ਸਿਰਫ਼ ਇਸ ਲਈ ਨਹੀਂ ਛਕਦੇ ਕਿਉਂਕਿ ਉਹ ਲੋੜਵੰਦ ਅਤੇ ਗਰੀਬ ਹਨ ਜਾਂ ਖਾਣਾ ਖਾਣ ਲਈ ਉਨ੍ਹਾਂ ਕੋਲ ਕੋਈ ਹੋਰ ਬਦਲ ਨਹੀਂ, ਸਗੋਂ ਇਸ ਲਈ ਵੀ ਖਾਂਦੇ ਹਨ ਕਿਉਂਕਿ ਲੋਕ ਲੰਗਰ ਨੂੰ ਸ਼ਰਧਾ ਨਾਲ ਇੱਕ ਤਰ੍ਹਾਂ ਦਾ ਪਵਿੱਤਰ ਭੋਜਨ ਮੰਨਦੇ ਹਨ। ਇਸ ਤਰ੍ਹਾਂ, ਲੰਗਰ ਅਤੇ ਉੱਥੋਂ ਦਾ ਮਾਹੌਲ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਪ੍ਰਦਾਨ ਕਰਦੇ ਹਨ।
ਗੁਰੂ ਕਾ ਲੰਗਰ ਦਾ ਅਰਥ ਹੈ ਕਿ ਭੋਜਨ ਗੁਰੂ ਦੇ ਨਾਮ ’ਤੇ ਸਮਰਪਿਤ ਕੀਤਾ, ਪਰੋਸਿਆ ਅਤੇ ਖਾਧਾ ਜਾਂਦਾ ਹੈ। ਭਾਈਚਾਰੇ ਦੁਆਰਾ ਤਿਆਰ ਕੀਤੇ, ਪਰੋਸੇ ਅਤੇ ਖਾਧੇ ਜਾਂਦੇ ਲੰਗਰ ਨੂੰ ਗੁਰੂ ਕਾ ਲੰਗਰ ਮੰਨਣ ਦੀ ਪਰੰਪਰਾ ਅਤੇ ਵਿਸ਼ਵਾਸ ਭਾਈਚਾਰਾ ਗੁਰੂ ਵਿੱਚ ਏਕੀਕ੍ਰਿਤ ਹੋਣ ਦੀ ਧਾਰਨਾ ਨੂੰ ਵੀ ਉਜਾਗਰ ਕਰਦਾ ਹੈ।
ਗੁਰੂ ਕਾ ਲੰਗਰ ਭਾਈਚਾਰੇ ਦੇ ਸਹਿਯੋਗ ਨਾਲ ਪਕਾਇਆ ਤੇ ਪਰੋਸਿਆ ਜਾਂਦਾ ਹੈ ਅਤੇ ਭਾਈਚਾਰੇ ਦੁਆਰਾ ਹੀ ਖਾਧਾ ਜਾਂਦਾ ਹੈ। ਇਸ ਵਿੱਚ ਹਰ ਕੋਈ ਬਰਾਬਰ ਹੁੰਦਾ ਹੈ। ਗੁਰੂ ਕਾ ਲੰਗਰ ਨੂੰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਪ੍ਰਕਿਰਿਆ ਅਤੇ ਪਰੰਪਰਾ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
ਹੁਣ ਗੁਰੂ ਕਾ ਲੰਗਰ ਖਾਣ ਜਾਂ ਇਸ ਵਿੱਚ ਹਿੱਸਾ ਪਾਉਣ ਜਾਂ ਇਸ ਲਈ ਸੇਵਾ ਕਰਨ ਮੌਕੇ ਕੋਈ ਵੀ ਕਿਸੇ ਨੂੰ ਵੀ ਉਨ੍ਹਾਂ ਦੀ ਜਾਤ, ਧਰਮ, ਖੇਤਰ, ਲਿੰਗ ਅਤੇ ਵਿੱਤੀ ਸਥਿਤੀ ਬਾਰੇ ਨਹੀਂ ਪੁੱਛ ਸਕਦਾ। ਹੁਣ ਇਸ ਨੂੰ ਗੁਰਦੁਆਰਿਆਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਇੱਕ ਨਿਯਮਤ ਅਭਿਆਸ ਵਜੋਂ ਸੰਸਥਾਗਤ ਰੂਪ ਦਿੱਤਾ ਗਿਆ ਹੈ ਅਤੇ ਕਿਸੇ ਵੀ ਵਿਅਕਤੀਗਤ ਦਾਨੀ ਦੀ ਪਛਾਣ ਕੀਤੇ ਬਿਨਾਂ ਸੇਵਾ ਕੀਤੀ ਜਾਂਦੀ ਹੈ। ਨਕਦ ਅਤੇ ਵਸਤੂਆਂ ਦੇ ਰੂਪ ਵਿੱਚ ਪਾਏ ਸਾਰੇ ਦਾਨ ਅਤੇ ਹਰ ਕਿਸਮ ਦੀ ਸਵੈ-ਇੱਛਤ ਸੇਵਾ ਗੁਰੂ ਅਤੇ ਭਾਈਚਾਰੇ ਦੇ ਨਾਮ ’ਤੇ ਹੈ। ਇਸ ਤਰ੍ਹਾਂ ਗੁਰੂ ਕਾ ਲੰਗਰ ਇੱਕ ਵਿਲੱਖਣ ਪਰੰਪਰਾ ਹੈ।
ਗੁਰੂ ਕਾ ਲੰਗਰ ਗੁਰਦੁਆਰਿਆਂ ਵਿੱਚ ਇਸ ਦੀ ਨਿਰਵਿਘਨ ਪ੍ਰਕਿਰਿਆ ਤੋਂ ਇਲਾਵਾ ਯੁੱਧ ਜਾਂ ਕਿਸੇ ਕੁਦਰਤੀ ਆਫ਼ਤ ਜਾਂ ਮਹਾਂਮਾਰੀ ਦੌਰਾਨ ਰਾਹਤ ਅਤੇ ਭਾਈਚਾਰਕ ਮਨੋਬਲ ਕਾਇਮ ਕਰਦਾ ਸੰਕਲਪ ਅਤੇ ਸੰਸਥਾ ਹੈ। ਗ਼ਮੀ ਅਤੇ ਖ਼ੁਸ਼ੀ ਦੇ ਮੌਕਿਆਂ ’ਤੇ ਗੁਰੂ ਕਾ ਲੰਗਰ ਗ਼ਮ ਅਤੇ ਖ਼ੁਸ਼ੀ ਦੇ ਜ਼ਿੰਦਗੀ ਦੇ ਨਾਲੋ ਨਾਲ ਚਲਦੇ ਵਰਤਾਰਿਆਂ ਦੀ ਸਚਾਈ ਨੂੰ ਮੰਨਣ ਦਾ ਬਲ ਦਿੰਦਾ ਹੈ। ਕਿਸੇ ਵੀ ਧਾਰਮਿਕ ਜਾਂ ਅਧਿਆਤਮਿਕ ਮੌਕੇ ਗੁਰੂ ਕਾ ਲੰਗਰ ਹੋਣਾ ਅਧਿਆਤਮਿਕ ਪ੍ਰਾਪਤੀ ਅਤੇ ਸਰੀਰਕ ਪੂਰਤੀ ਵਿੱਚ ਸੁਮੇਲ ਬਣਾਉਂਦਾ ਹੈ। ਗੁਰੂ ਕਾ ਲੰਗਰ ਪਰੰਪਰਾ ਵਕਤ ਅਤੇ ਭੂਗੋਲਿਕ ਸੀਮਾਵਾਂ ਦੇ ਆਰ ਪਾਰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਚੱਲ ਰਹੀ ਪਰੰਪਰਾ ਹੈ ਜੋ ਕਿ ਯੂਨੈਸਕੋ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ ਲਈ ਇੱਕ ਢੁਕਵੀਂ ਸੱਭਿਆਚਾਰਕ ਪਰੰਪਰਾ ਹੈ।
* ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ।
ਵਾਈਸ ਚੇਅਰਮੈਨ, ਇਨਟੈੱਕ, ਦਿੱਲੀ।
ਸੰਪਰਕ: 94642-25655

Advertisement
Advertisement

Advertisement
Author Image

Ravneet Kaur

View all posts

Advertisement