ਸਮੂਹਿਕ ਜਬਰ-ਜਨਾਹ ਦੇ ਪੰਜ ਦੋਸ਼ੀਆਂ ਨੂੰ ਉਮਰ ਕੈਦ
ਜਗਮੋਹਨ ਸਿੰਘ
ਰੂਪਨਗਰ, 3 ਫਰਵਰੀ
ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਸ੍ਰੀਮਤੀ ਰਮੇਸ਼ ਕੁਮਾਰੀ ਨੇ ਅਜੈ ਪਾਲ ਸਿੰਘ, ਨਿਸ਼ਾਨ ਸਿੰਘ ਉਰਫ਼ ਡੀਜੀਪੀ, ਵਿਸ਼ਾਲ ਸਿੰਘ, ਰਾਜਨ ਮਸੀਹ ਅਤੇ ਉਬੇਰ ਮਸੀਹ ਨੂੰ ਔਰਤ ਨੂੰ ਅਗਵਾ ਤੇ ਸਮੂਹਕ ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਧਾਰਾ 376-ਡੀ ਆਈਪੀਸੀ ਦੇ ਤਹਿਤ ਹਰ ਦੋਸ਼ੀ ਨੂੰ 2.00 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਇਸ ਸਬੰਧੀ ਸ੍ਰੀਮਤੀ ਰਮੇਸ਼ ਕੁਮਾਰੀ ਨੇ ਦੱਸਿਆ ਕਿ ਧਾਰਾ 366 ਆਈਪੀਸੀ ਦੇ ਤਹਿਤ ਦੋਸ਼ੀਆਂ ਨੂੰ ਦਸ ਸਾਲ ਦੀ ਸਖ਼ਤ ਕੈਦ ਅਤੇ 50,000 ਰੁਪਏ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਦੋਸ਼ੀਆਂ ਵਿਰੁੱਧ 16 ਮਾਰਚ 2022 ਨੂੰ ਕੇਸ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਪੀੜਤ ਨੇ ਇਨ੍ਹਾਂ ਵਿਅਕਤੀਆਂ ਤੋਂ ਹਰਮਿੰਦਰ ਸਾਹਿਬ, ਅੰਮ੍ਰਿਤਸਰ ਜਾਣ ਲਈ ਲਿਫਟ ਮੰਗੀ ਸੀ। ਉਨ੍ਹਾਂ ਨੇ ਉਸ ਨੂੰ 15 ਮਾਰਚ 2022 ਦੀ ਰਾਤ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ। ਉਹ ਲੜਕੀ ਨੂੰ ਬਿਠਾ ਕੇ ਗੱਡੀ ਸੁੰਨਸਾਨ ਜਗ੍ਹਾ ਉੱਤੇ ਲੈ ਗਏ ਜਿੱਥੇ ਉਨ੍ਹਾਂ ਪੀੜਤਾ ਨੂੰ ਨਸ਼ੀਲੀ ਦਵਾਈ ਪਿਲਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਉਹ ਔਰਤ ਸਣੇ ਆਪਣੀ ਕਾਰ ਵਿੱਚ ਅੰਮ੍ਰਿਤਸਰ ਵੱਲ ਜਾ ਰਹੇ ਸਨ। ਇਸੇ ਦੌਰਾਨ ਬੁੰਗਾ ਵਿਖੇ ਜਦੋਂ ਪੁਲੀਸ ਨੇ ਕਾਰ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਪੁਲੀਸ ਵੱਲੋਂ ਲਗਾਏ ਬੈਰੀਕੇਡਾਂ ਨੂੰ ਟੱਕਰ ਮਾਰ ਦਿੱਤੀ। ਇਸ ਮਗਰੋਂ ਪੁਲੀਸ ਨੇ ਕਾਰ ਨੂੰ ਰੋਕ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਪੀੜਤਾ ਨੂੰ ਵੀ ਗੱਡੀ ਵਿੱਚੋਂ ਬਰਾਮਦ ਕਰ ਲਿਆ ਸੀ।
ਇਸ ਤੋਂ ਬਾਅਦ ਥਾਣਾ ਸਦਰ ਬੁੰਗਾ ਵਿੱਚ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ। ਇਹ ਘਟਨਾ ਥਾਣਾ ਆਨੰਦਪੁਰ ਸਾਹਿਬ ਦੇ ਖੇਤਰ ਨਾਲ ਸਬੰਧਤ ਹੋਣ ਕਾਰਨ ਜਾਂਚ ਥਾਣਾ ਆਨੰਦਪੁਰ ਸਾਹਿਬ ਨੂੰ ਤਬਦੀਲ ਕਰ ਦਿੱਤੀ ਗਈ ਸੀ।