ਸਮੁੱਚੀ ਅਕਾਲੀ ਲੀਡਰਸ਼ਿਪ ਇੱਕ ਮੰਚ ’ਤੇ, ਪਰ ਨਜ਼ਰਾਂ ਨਾ ਮਿਲੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੂਨ
ਆਪਸੀ ਫੁੱਟ ਦਾ ਸ਼ਿਕਾਰ ਹੋਣ ਮਗਰੋਂ ਵੱਖੋ-ਵੱਖ ਰਾਹਾਂ ’ਤੇ ਤੁਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅੱਜ ਇਥੇ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਇੱਕ ਮੰਚ ’ਤੇ ਨਜ਼ਰ ਜ਼ਰੂਰ ਆਈ ਪਰ ਉਨ੍ਹਾਂ ਦੀਆਂ ਨਜ਼ਰਾਂ ਨਹੀਂ ਮਿਲੀਆਂ। ਉਧਰ, ਸਿੱਖ ਪੰਥ ਦੀਆਂ ਧਾਰਮਿਕ ਹਸਤੀਆਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜ਼ਰੂਰ ਇਕੱਠੇ ਨਜ਼ਰ ਆਏ ਜੋ ਕਿ ਸਟੇਜ ’ਤੇ ਇਕੱਠੇ ਹੀ ਬੈਠੇ ਸਨ ਅਤੇ ਇੱਕ-ਦੂਜੇ ਨਾਲ ਨਜ਼ਰਾਂ ਵੀ ਮਿਲੀਆਂ ਅਤੇ ਵਿਚਾਰਾਂ ਦੀ ਸਾਂਝ ਵੀ ਪਈ। ਸਮਾਗਮ ਵਿੱਚ ਕਈ ਬੁਲਾਰਿਆਂ ਨੇ ’ਚ ਪੰਥਕ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ।

ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਮੁੱਖ ਸਿਆਸੀ ਧਿਰਾਂ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨਜ਼ਦੀਕ ਮੰਚ ਦੇ ਇੱਕ ਪਾਸੇ ਇਕੱਠੇ ਬੈਠੇ ਸਨ ਜਦੋਂਕਿ ਬਾਅਦ ਵਿਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਚ ਦੇ ਦੂਜੇ ਪਾਸੇ ਬੈਠੇ ਸਨ। ਪ੍ਰੇਮ ਸਿੰਘ ਚੰਦੂਮਾਜਰਾ ਦੇ ਮੰਚ ਸੰਚਾਲਨ ਸੁਖਬੀਰ ਸਿੰਘ ਬਾਦਲ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਨੇੜੇ ਬੈਠੇ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲੇ ਅਤੇ ਨਾਲ ਹੀ ਬੈਠੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਵੀ ਗੋਡੀ ਹੱਥ ਲਾਉਂਦਿਆਂ ਫਤਹਿ ਬੁਲਾਈ। ਇਥੇ ਹੀ ਸਾਹਮਣੇ ਬੈਠੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸੁਖਬੀਰ ਸਿੰਘ ਬਾਦਲ ਨਾ ਆਪਸ ਵਿਚ ਮਿਲੇ ਅਤੇ ਨਾ ਹੀ ਨਜ਼ਰਾਂ ਮਿਲਾਈਆਂ। ਸ਼ਰਧਾਂਜਲੀ ਸਮਾਗਮ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਜ਼ਿਕਰ ਵੀ ਕੀਤਾ ਕਿ ਅਕਾਲ ਚਲਾਣੇ ਤੋਂ ਦੋ ਦਿਨ ਪਹਿਲਾਂ ਜਦੋਂ ਉਹ ਢੀਂਡਸਾ ਨੂੰ ਚੰਡੀਗੜ੍ਹ ਵਿਖੇ ਮਿਲੇ ਤਾਂ ਢੀਂਡਸਾ ਨੇ ਕਿਹਾ ਸੀ ਕਿ ਸੁਖਬੀਰ ਪੰਥ ਨੂੰ ਇਕੱਠਾ ਕਰ ਲਓ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਸ੍ਰੀ ਢੀਂਡਸਾ ਪੰਥਕ ਏਕਤਾ ਲਈ ਯਤਨਸ਼ੀਲ ਰਹੇ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਨਸੀਹਤ ਹੀ ਦੇ ਦਿੱਤੀ ਕਿ ਆਪਣੀ ਵਿਰਾਸਤ ਨੂੰ ਸੰਭਾਲ ਲਓ। ਕਿਤੇ ਇਹ ਨਾ ਹੋਵੇ ਕਿ ਕੋਈ ਹੋਰ ਹੀ ਵਿਰਾਸਤ ਦਾ ਇੰਤਕਾਲ ਆਪਣੇ ਨਾਮ ਦਰਜਾ ਕਰਵਾ ਲਏ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਨੇ ਆਖ਼ ਦਿੱਤਾ ਕਿ ਪੰਥਕ ਪ੍ਰਸਤੀ ਦੇ ਸਿਧਾਂਤ ਨੂੰ ਢਾਹ ਲੱਗ ਰਹੀ ਹੈ ਜਿਸਨੂੰ ਬਚਾਉਣ ਦੀ ਉਨ੍ਹਾਂ ਅਪੀਲ ਵੀ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੰਥ ਅਤੇ ਪੰਜਾਬੀਆਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਪਰਮਿੰਦਰ ਢੀਂਡਸਾ ਨੇ ਸਜਾਈ ਕੇਸਰੀ ਦਸਤਾਰ
ਸ਼ਰਧਾਂਜਲੀ ਸਮਾਗਮ ਦੌਰਾਨ ਇੱਕ ਗੱਲ ਖਾਸ ਵੇਖਣ ਨੂੰ ਮਿਲੀ ਕਿ ਸੁਖਦੇਵ ਸਿੰਘ ਢੀਂਡਸਾ ਹਮੇਸ਼ਾ ਹੀ ਕੇਸਰੀ ਰੰਗ ਦੀ ਦਸਤਾਰ ਸਜਾਉਂਦੇ ਸੀ ਜਦੋਂਕਿ ਪਰਮਿੰਦਰ ਸਿੰਘ ਢੀਂਡਸਾ ਨੀਲੇ ਜਾਂ ਅਸਮਾਨੀ ਰੰਗ ਦੀ ਦਸਤਾਰ ਹੀ ਸਜਾਉਂਦੇ ਸਨ ਪਰ ਅੱਜ ਪਰਮਿੰਦਰ ਸਿੰਘ ਢੀਂਡਸਾ ਦੇ ਆਪਣੇ ਪਿਤਾ ਦੇ ਪਸੰਦੀਦਾ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਸੀ।