ਸਮਾਣਾ ਹਾਦਸਾ: ਮਹੀਨੇ ਤੋਂ ਫ਼ਰਾਰ ਟਿੱਪਰ ਮਾਲਕ ਗ੍ਰਿਫ਼ਤਾਰ
ਸਰਬਜੀਤ ਸਿੰਘ ਭੰਗੂ/ਸੁਭਾਸ਼ ਚੰਦਰ
ਪਟਿਆਲਾ/ਸਮਾਣਾ, 10 ਜੂਨ
ਸਮਾਣਾ ਵਿੱਚ ਪਟਿਆਲਾ ਦੇ ਬਿਪਸ ਸਕੂਲ ਦੇ ਸੱਤ ਬੱਚਿਆਂ ਤੇ ਉਨ੍ਹਾਂ ਦੀ ਇਨੋਵਾ ਦੇ ਚਾਲਕ ਦੀ ਮੌਤ ਮਾਮਲੇ ਵਿੱਚ ਟਿੱਪਰ ਦੇ ਦੂਜੇ ਮਾਲਕ ਰਣਧੀਰ ਸਿੰਘ ਵਾਸੀ ਕਕਰਾਲਾ ਨੂੰ ਸਦਰ ਪੁਲੀਸ ਸਮਾਣਾ ਨੇ ਮਹੀਨੇ ਮਗਰੋਂ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
ਅੱਜ ਪੁਲੀਸ ਲਾਈਨ ਪਟਿਆਲਾ ਵਿੱਚ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ 7 ਮਈ ਨੂੰ ਵਾਪਰੇ ਇਸ ਹਾਦਸੇ ਸਬੰਧੀ ਦਰਜ ਕੇਸ ’ਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਪਹਿਲੇ ਦਿਨ ਤੋਂ ਹੀ ਉਸ ਦੀ ਪੈੜ ਨੱਪਦੀ ਆ ਰਹੀ ਸੀ ਤੇ ਅਜਿਹੇ ਯਤਨਾਂ ਸਦਕਾ ਉਸ ਦੀ ਗ੍ਰਿਫ਼ਤਾਰੀ ਸੰਭਵ ਹੋਈ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਹਾਦਸੇ ਮਗਰੋਂ ਫਰਾਰ ਹੋਏ ਟਿੱਪਰ ਡਰਾਈਵਰ ਭੁਪਿੰਦਰ ਸਿੰਘ ਭੂਪੀ ਨੂੰ ਅਗਲੇ ਹੀ ਦਿਨ 8 ਮਈ ਅਤੇ ਇੱਕ ਟਿੱਪਰ ਮਾਲਕ ਦਵਿੰਦਰ ਸਿੰਘ ਨੂੰ 23 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦੋਂਕਿ ਰਣਧੀਰ ਸਿੰਘ ਦੀ ਭਾਲ ਜਾਰੀ ਸੀ। ਜ਼ਿਕਰਯੋਗ ਹੈ ਕਿ 7 ਮਈ ਨੂੰ ਨੱਸੂਪੁਰ ਨੇੜੇ ਟਿੱਪਰ ਤੇ ਇਨੋਵਾ ਵਿਚਾਲੇ ਟੱਕਰ ਵਿੱਚ ਇਨੋਵਾ ਚਾਲਕ ਤੇ ਸੱਤ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਬੱਚਿਆਂ ਦੇ ਮਾਪਿਆਂ ਅਤੇ ਸਮਾਣਾ ਵਾਸੀਆਂ ਵੱਲੋਂ ਰਣਧੀਰ ਸਿੰਘ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਸਨ। 7 ਜੂਨ ਨੂੰ ਸਮਾਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਪਿਆਂ ਨਾਲ ਬੱਚਿਆਂ ਦੀ ਮੌਤ ’ਤੇ ਦੁੱਖ ਵੰਡਾਇਆ ਸੀ ਅਤੇ ਉਨ੍ਹਾਂ ਦੀ ਮੰਗ ’ਤੇ ਡੀਜੀਪੀ ਪੰਜਾਬ ਨੂੰ ਫਰਾਰ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ’ਚ ਪੁਲੀਸ ਨੇ ਫਰਾਰ ਮੁਲਜ਼ਮ ਦੇ ਨੌਂ ਨੇੜਲੇ ਰਿਸ਼ਤੇਦਾਰਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਸਦਰ ਪੁਲੀਸ ਨੇ ਡੀਜੀਪੀ ਦੇ ਹੁਕਮਾਂ ਤੋਂ ਬਾਅਦ ਦੋ ਦਿਨ ’ਚ ਹੀ ਇੱਕ ਮਹੀਨੇ ਤੋਂ ਫਰਾਰ ਮੁਲਜ਼ਮ ਰਣਧੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਨੂੰ ਕਕਰਾਲਾ ਨੇੜਿਓਂ ਕਾਬੂ ਕੀਤਾ
ਥਾਣਾ ਸਦਰ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਦੇਰ ਰਾਤ ਜਾਂਚ ਅਧਿਕਾਰੀ ਏਐੱਸਆਈ ਗੁਰਦੇਵ ਸਿੰਘ ਨੇ ਪੁਲੀਸ ਪਾਰਟੀ ਸਣੇ ਮੁਲਜ਼ਮ ਰਣਧੀਰ ਸਿੰਘ ਵਾਸੀ ਪਿੰਡ ਕਕਰਾਲਾ ਨੂੰ ਪਿੰਡ ਦੇ ਨੇੜੇ ਪੈਦਲ ਜਾਂਦਿਆਂ ਕਾਬੂ ਕਰ ਲਿਆ।