ਸਮਾਣਾ ’ਚ ਦਸਹਿਰੇ ’ਤੇ ਮਨਾ ਗਿਆ ‘ਦੀਵਾਲੀ’

ਲੋਕਾਂ ਨੂੰ ਲੁੱਟਣ ਦਾ ਨਵਾਂ ਅੰਦਾਜ਼

ਅਸ਼ਵਨੀ ਗਰਗ
ਸਮਾਣਾ, 8 ਅਕਤੂਬਰ

ਕੱਟੀ ਗਈ ਪਰਚੀ।

ਦਸਹਿਰੇ ’ਤੇ ਇਥੇ ਇੱਕ ਵਿਅਕਤੀ ਵੱਲੋਂ ਆਪਣੇ ਕੁੱਝ ਸਾਥੀਆਂ ਸਣੇ ਨਗਰ ਕੌਂਸਲ ਦੇ ਦਫ਼ਤਰ ਦੀ ਪਾਰਕਿੰਗ ਵਿਚ ਨਾਜਾਇਜ਼ ਪਰਚੀਆਂ ਕੱਟ ਕੇ ਲੋਕਾਂ ਦੀ ਲੁੱਟ ਕਰਦਾ ਰਿਹਾ। ਇਸ ਦਾ ਪਤਾ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਅਪਰਅਪਾਰ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਨੂੰ ਬੰਦ ਕਰਵਾ ਦਿੱਤਾ।
ਅੱਜ ਨਗਰ ਕੌਂਸਲ ਦਫ਼ਤਰ ਸਾਹਮਣੇ ਰਾਵਣ ਦਾ ਪੁਤਲਾ ਫੂਕਣਾ ਸੀ। ਇਸ ਨੂੰ ਦੇਖਣ ਲਈ ਸ਼ਹਿਰ ਦੇ ਨਾਲ-ਨਾਲ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਲੋਕਾਂ ਦੀ ਵੱਡੀ ਆਮਦ ਦਾ ਫਾਇਦਾ ਚੁੱਕਦਿਆਂ ਤੇ ਨਗਰ ਕੌਂਸਲ ਦਫ਼ਤਰ ਵਿਚ ਛੁੱਟੀ ਹੋਣ ਦਾ ਲਾਹਾ ਲੈਂਦਿਆਂ ਇੱਕ ਵਿਅਕਤੀ ਨੇ ਆਪਣੇ ਕੁੱਝ ਸਾਥੀਆਂ ਨਾਲ ਨਗਰ ਕੌਂਸਲ ਦਫ਼ਤਰ ਦੀ ਪਾਰਕਿੰਗ ਵਿਚ ਨਾਜਾਇਜ਼ ਪਾਰਕਿੰਗ ਦੀ ਪਰਚੀ ਕਟਣੀ ਸ਼ੁਰੂ ਕਰ ਦਿੱਤੀ। ਹੈਰਾਨੀ ਵਾਲੀ ਗੱਲ ਹੈ ਪਾਰਕਿੰਗ ਦੀ ਪਰਚੀ ਲਈ ਉਹ ਦੁਪੱਟਾ ਡਾਈ ਸੈਂਟਰ ਦੀਆਂ ਰਸੀਦਾ ਹੀ ਦੇ ਰਿਹਾ ਸੀ। ਉਹ ਦੋ ਪਹੀਆ ਵਾਹਨਾਂ ਤੋਂ 10 ਰੁਪਏ ਅਤੇ 4 ਪਹੀਆ ਵਾਹਨਾਂ ਤੋਂ 20 ਰੁਪਏ ਵਸੂਲੀ ਕਰਦੇ ਰਹੇ। ਅਚਾਨਕ ਲੱਗੇ ਇਸ ਪਾਰਕਿੰਗ ਪਰਚੀ ਬਾਰੇ ਲੋਕਾਂ ਨੇ ਠੇਕੇਦਾਰ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਅੱਜ ਲਈ ਹੀ ਠੇਕੇ ’ਤੇ ਹੈ। ਜਦੋਂ ਇਸ ਠੇਕੇਦਾਰ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਅਪਰਅਪਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਅਜਿਹਾ ਕੋਈ ਪਾਰਕਿੰਗ ਠੇਕਾ ਨਹੀਂ ਦਿੱਤਾ ਗਿਆ। ਉਨ੍ਹਾਂ ਤੁਰੰਤ ਆਪਣੇ ਮੁਲਾਜ਼ਮ ਭੇਜ ਕੇ ਇਸ ਬਾਰੇ ਪਤਾ ਕਰਵਾਇਆ ਤੇ ਨਾਜਾਇਜ਼ ਪਰਚੀਆਂ ਕੱਟ ਰਹੇ ਠੇਕੇਦਾਰ ਦਾ ਕੰਮ ਬੰਦ ਕਰਵਾਇਆ। ਉਨ੍ਹਾਂ ਦੱਸਿਆ ਕਿ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਦਫ਼ਤਰ ਵਿਖੇ ਛੁੱਟੀ ਦਾ ਨਾਜਾਇਜ਼ ਲਾਹਾ ਚੁਕਦਿਆਂ ਆਪਣੇ ਹੀ ਪੱਧਰ ਤੇ ਲੋਕਾਂ ਤੋਂ ਪਾਰਕਿੰਗ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਉਨ੍ਹਾਂ ਤੁਰੰਤ ਰੋਕ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਕਾਰਵਾਈ ਲਈ ਵੀ ਲਿਖਿਆ ਜਾਵੇਗਾ।

Tags :