ਸਭਿਆਚਾਰਕ ਪ੍ਰਦੂਸ਼ਣ ਦੇ ਮੁੱਦੇ ’ਤੇ ਇਪਟਾ ਵੱਲੋਂ ਗਾਂਧੀ ਤੇ ਬਿੱਟੂ ਨੂੰ ਪੱਤਰ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 4 ਜੁਲਾਈ
21 ਜੁਲਾਈ ਤੋਂ ਆਰੰਭ ਹੋ ਰਹੇ ਮੌਨਸੂਨ ਸੈਸ਼ਨ ਦੌਰਾਨ ਵਿਚ ਸਭਿਆਚਾਰਕ ਪ੍ਰਦੂਸ਼ਣ ਦਾ ਮੁੱਦਾ ਉਭਾਰਨ ਲਈ ਇਪਟਾ ਵੱਲੋਂ ਰਾਹੁਲ ਗਾਂਧੀ, ਰਵਨੀਤ ਬਿੱਟੂ, ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਸੰਤ ਬਲਬੀਰ ਸਿੰਘ ਸੀਂਚੇਵਾਲ, ਡਾ ਧਰਮਵੀਰ ਗਾਂਧੀ , ਸਰਬਜੀਤ ਸਿੰਘ ਖਾਲਸਾ ਸਣੇ ਪੰਜਾਬ ਦੇ ਸਮੁੱਚੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਪੱਤਰ ਲਿਖਿਆ ਹੈ। ਈਮੇਲ ਅਤੇ ਵੱਟਸਐਪ ਰਾਹੀਂ ਭੇਜੇ ਪੱਤਰ ਵਿਚ ਲੋਕ ਸਭਾ ਅਤੇ ਰਾਜ ਸਭਾ ਵਿਚ ਮਾਮਲਾ ਉਭਾਰਨ ਦੀ ਗੁਜਾਰਿਸ਼ ਕੀਤੀ ਗਈ ਹੈ।
ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਪੱਤਰ ਵਿਚ ਲਿਖਿਆ ਗਿਆ ਹੈ ਕਿ ਸਮਾਜ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ, ਔਰਤਾਂ ਪ੍ਰਤੀ ਅਪਰਾਧ ਅਤੇ ਗੈਂਗਸਟਰਵਾਦ ਲਈ ਲੱਚਰਤਾ, ਅਸ਼ਲੀਲਤਾ, ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗੀਤਕਾਰੀ ਤੇ ਗਾਇਕੀ ਵੀ ਕਾਫ਼ੀ ਹੱਦ ਜ਼ਿੰਮੇਵਾਰ ਹੈ। ਇਸ ਲਈ ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।