For the best experience, open
https://m.punjabitribuneonline.com
on your mobile browser.
Advertisement

ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ; ਕਈਆਂ ਦੀ ਕੀਮਤ ਹੋਈ ਦੁੱਗਣੀ

05:30 AM Jul 07, 2025 IST
ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ  ਕਈਆਂ ਦੀ ਕੀਮਤ ਹੋਈ ਦੁੱਗਣੀ
ਇੱਕ ਦੁਕਾਨ ’ਤੇ ਪਈਆਂ ਸਬਜ਼ੀਆਂ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 4 ਜੁਲਾਈ
ਪਿਛਲੇ ਕੁੱਝ ਦਿਨਾਂ ਦੌਰਾਨ ਪਈ ਭਾਰੀ ਗਰਮੀ ਅਤੇ ਹੁਣ ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀਆਂ ਦੀ ਫ਼ਸਲ ਪ੍ਰਭਾਵਿਤ ਹੋਣ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਜਿਸ ਕਾਰਨ ਗ੍ਰਹਿਣੀਆਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਗਰਮੀ ਅਤੇ ਬਾਰਸ਼ ਕਾਰਨ ਸਬਜ਼ੀਆਂ ਦੀ ਪੈਦਾਵਾਰ ਪ੍ਰਭਾਵਿਤ ਹੋਣ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦ ਘੱਟ ਹੋ ਗਈ ਹੈ ਅਤੇ ਸਬਜ਼ੀਆਂ ਦੇ ਭਾਅ ਤਕਰੀਬਨ ਡੇਢ ਗੁਣਾ ਅਤੇ ਕਈ ਸਬਜ਼ੀਆਂ ਦੇ ਭਾਅ ਤਾਂ ਦੁੱਗਣੇ ਹੋ ਗਏ ਹਨ ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ।
ਮੰਡੀ ਵਿੱਚ ਕੱਦੂ 60-65 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਜੋ ਪਿਛਲੇ ਸਮੇਂ ਦੌਰਾਨ 20-25 ਰੁਪਏ ਸੀ। ਟਮਾਟਰ ਦਾ ਭਾਅ ਇੱਕ ਵਾਰ ਮੁੜ ਵੱਧਕੇ 50-60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ ਜੋਂ ਇਸਤੋਂ ਪਹਿਲਾਂ 20-25 ਰੁਪਏ ਪ੍ਰਤੀ ਕਿਲੋ ਸੀ। ਕਰੇਲਾ 70-80 ਰੁਪਏ, ਬੈਂਗਣ 70-75 ਰੁਪਏ, ਹਰੀ ਤੋਰੀ 60-65 ਰੁਪਏ, ਮਟਰ 120 ਰੁਪਏ, ਟੀਂਡੇ 100-110 ਰੁਪਏ, ਸ਼ਿਮਲਾ ਮਿਰਚ 120-130 ਰੁਪਏ ਅਤੇ ਭਿੰਡੀ ਵੀ 80-90 ਰੁਪਏ ਪ੍ਰਤੀ ਕਿਲੋ ਵਿੱਕ ਰਹੀ ਹੈ। ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਵੀ ਕ੍ਰਮਵਾਰ 40 ਰੁਪਏ ਅਤੇ 35 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।
ਦੁੱਗਰੀ ਦੇ ਇੱਕ ਸਬਜ਼ੀ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਗਾਹਕ ਵੀ ਹੁਣ ਘੱਟ ਮਾਤਰਾ ਵਿੱਚ ਸਬਜ਼ੀ ਖਰੀਦ ਰਹੇ ਹਨ। ਪਹਿਲਾਂ ਲੋਕ ਕਿਲੋ-ਕਿਲੋ ਇਕੱਠੀ ਸਬਜ਼ੀ ਖਰੀਦਦੇ ਸਨ ਪਰ ਹੁਣ ਉਹ ਪਾਈਆ ਜਾਂ ਅੱਧਾ ਕਿਲੋ ਤੇ ਆ ਗਏ ਹਨ ਕਿਉਂਕਿ ਹਰ ਸਬਜ਼ੀ ਦਾ ਭਾਅ ਦੁੱਗਣਾ ਹੋ ਗਿਆ ਹੈ।
ਸਿਵਲ ਲਾਇਨ ਦੇ ਇੱਕ ਹੋਰ ਸਬਜ਼ੀ ਵਿਕ੍ਰੇਤਾ ਗੁਰਚਰਨ ਸਿੰਘ ਨੇ ਕਿਹਾ ਕਿ, ਹੁਣ ਸਬਜ਼ੀ ਮੰਡੀ ਵਿੱਚ ਦੂਜੇ ਸੂਬਿਆਂ ਤੋਂ ਆਈ ਗੋਭੀ 80 ਰੁਪਏ ਤੋਂ ਵੱਧ ਕਿਲੋ ਵਿੱਕ ਰਹੀ ਹੈ ਅਤੇ ਲੋਕ ਇਸ ਨੂੰ ਖਰੀਦ ਰਹੇ ਹਨ ਜਦ ਇਹ 5 ਰੁਪਏ ਪ੍ਰਤੀ ਕਿਲੋ ਸੀ ਤਾਂ ਲੋਕਾਂ ਨੇ ਇਸ ਵੱਲ ਮੂੰਹ ਨਹੀਂ ਸੀ ਕੀਤਾ। ਇਹੀ ਹਾਲ ਸ਼ਿਮਲਾ ਮਿਰਚ ਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਸਬਜ਼ੀ ਦੀ ਪੈਦਾਵਾਰ ਹੁੰਦੀ ਹੈ, ਤਾਂ ਲੋਕ ਘੱਟ ਖਰੀਦਦੇ ਹਨ ਜਿਸ ਨਾਲ ਸਬਜ਼ੀਆਂ ਮੰਡੀਆਂ ਵਿੱਚ ਗਲ ਸੜ ਜਾਂਦੀਆਂ ਹਨ। ਹੁਣ ਜਦੋਂ ਸਬਜ਼ੀਆਂ ਦੂਸਰੇ ਸੂਬਿਆਂ ਤੋਂ ਆ ਰਹੀਆਂ ਹਨ ਤਾਂ ਮਹਿੰਗੀਆਂ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇੱਕ ਹੋਰ ਸਬਜ਼ੀ ਵਿਕ੍ਰੇਤਾ ਨੇ ਦੱਸਿਆ ਕਿ ਸਾਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਪਹੁੰਚ ਚੁੱਕੇ ਹਨ ਜਿਸ ਕਾਰਨ ਲੋਕਾਂ ਵੱਲੋਂ ਸਬਜ਼ੀ ਖਰੀਦਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਸਬਜ਼ੀ ਦੇ ਭਾਅ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਦੌਰਾਨ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

Advertisement

Advertisement
Advertisement
Advertisement
Author Image

Inderjit Kaur

View all posts

Advertisement