ਸਫ਼ਾਈ ਕਾਮਿਆਂ ਵੱਲੋਂ ਮੰਗਾਂ ਸਬੰਧੀ ਰੋਸ ਮਾਰਚ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 10 ਜੂਨ
ਮਿਊਂਸਿਪਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਹੁਸ਼ਿਆਰਪੁਰ ਵਿੱਚ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਯੂਨੀਅਨ ਦਫ਼ਤਰ ਵਿੱਚ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਨਜੋਤ ਆਦੀਆ ਨੇ ਕੀਤੀ। ਇਸ ਵਿੱਚ ਸੰਘਰਸ਼ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਵੀ ਸ਼ਾਮਿਲ ਹੋਏ। ਇਸ ਦੌਰਾਨ ਸਫ਼ਾਈ ਕਰਮਚਾਰੀਆਂ ਵੱਲੋਂ ਮਾਰਚ ਵੀ ਕੀਤਾ ਗਿਆ ਜੋ ਯੂਨੀਅਨ ਦਫ਼ਤਰ ਤੋਂ ਚੱਲ ਕੇ ਕਮੇਟੀ ਬਾਜ਼ਾਰ, ਗੌਰਾਂ ਗੇਟ ਹੁੰਦਾ ਹੋਇਆ ਘੰਟਾ ਘਰ ਚੌਕ ਵਿੱਚ ਪਹੁੰਚਿਆ ਜਿੱਥੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਦਾ ਪੁਤਲਾ ਵੀ ਫ਼ੂੁਕਿਆ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਕੱਚੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਦੇਖਿਆ ਕਰੇਗੀ ਤਾਂ ਆਉਣ ਵਾਲੇ ਦਿਨਾ ਵਿੱਚ ਨਗਰ ਨਿਗਮ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ। ਜੇਕਰ ਗੰਦਗੀ ਕਰਕੇ ਕੋਈ ਬਿਮਾਰੀ ਫ਼ੈਲਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉਪ ਪ੍ਰਧਾਨ ਸੋਮਨਾਥ ਆਦੀਆ, ਸੀਨੀਅਰ ਉਪ ਪ੍ਰਧਾਨ ਵਿਕਰਮਜੀਤ ਬੰਟੀ, ਚੇਅਰਮੈਨ ਬਲਰਾਮ ਭੱਟੀ, ਜੈ ਗੋਪਾਲ, ਕੈਲਾਸ਼ ਗਿੱਲ, ਹੀਰਾ ਲਾਲ, ਦੇਵ ਕੁਮਾਰ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ, ਜੋਗਿੰਦਰਪਾਲ ਆਦੀਆ, ਪ੍ਰਦੀਪ ਆਦੀਆ ਤੇ ਲੇਖਰਾਜ ਆਦਿ ਮੌਜੂਦ ਸਨ।