ਸਫ਼ਾਈ ਕਾਮਿਆਂ ਨੇ ਕੀਤਾ ਮਟਕਾ ਤੋੜ ਪ੍ਰਦਰਸ਼ਨ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 3 ਜੂਨ
ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਨਗਰ ਨਿਗਮ ਵਿੱਚ ਅੱਜ ਅੱਠਵੇਂ ਦਿਨ ਵੀ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੀਨੀਅਰ ਵਾਈਸ ਪ੍ਰਧਾਨ ਵਿਕਰਮਜੀਤ ਬੰਟੀ ਨੇ ਕੀਤੀ। ਇਨ੍ਹਾਂ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਧੋਬੀ ਘਾਟ ਚੌਕ ’ਚ ਮਟਕਾ ਤੋੜ ਪ੍ਰਦਰਸ਼ਨ ਕਰ ਕੇ ਆਪਣਾ ਰੋਸ ਜ਼ਾਹਿਰ ਕੀਤਾ। ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਫ਼ਾਈ ਦਾ ਕੰਮ ਕਰਦੇ ਹੋਏ 10 ਤੋਂ 15 ਸਾਲ ਹੋ ਗਏ ਹਨ ਪਰ ਅਜੇ ਤੱਕ ਸਰਕਾਰ ਵਲੋਂ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਜੋ ਸਫ਼ਾਈ ਸੇਵਕਾਂ ਨੂੰ ਡੀ.ਸੀ ਰੇਟ ’ਤੇ ਭਰਤੀ ਕਰਨ ਦੀ ਪਾਲਸੀ ਸੀ, ਉਹ ਚੰਨੀ ਸਰਕਾਰ ਦੀ ਸੀ ਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਸਫ਼ਾਈ ਸੇਵਕਾਂ ਦੇ ਹਿੱਤਾਂ ਲਈ ਕੁਝ ਨਹੀਂ ਕੀਤਾ ਗਿਆ। ਜੇਕਰ ਸਰਕਾਰ ਇਸੇ ਤਰ੍ਹਾਂ ਹੀ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰਦੀ ਰਹੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ, ਚੇਅਰਮੈਨ ਬਲਰਾਮ ਭੱਟੀ, ਜੈ ਗੋਪਾਲ, ਜੋਗਿੰਦਰਪਾਲ ਆਦੀਆ, ਹੀਰਾ ਲਾਲ, ਦੇਵ ਕੁਮਾਰ, ਪ੍ਰਦੀਪ ਕੁਮਾਰ, ਪ੍ਰਦੀਪ ਆਦੀਆ, ਲੇਖਰਾਜ, ਅਮਰਜੀਤ ਗਿੱਲ, ਅਰੁਣ ਸ਼ਰਮਾ ਆਦਿ ਮੌਜੂਦ ਸਨ।