ਸਫ਼ਾਈ ਕਰਮਚਾਰੀ ਯੂਨੀਅਨ ਦਾ ਵਫ਼ਦ ਜਿੰਪਾ ਨੂੰ ਮਿਲਿਆ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਮਾਰਚ
ਸਫ਼ਾਈ ਕਰਮਚਾਰੀ ਯੂਨੀਅਨ ਦਾ ਵਫ਼ਦ ਪ੍ਰਧਾਨ ਕਰਨਜੋਤ ਆਦੀਆ ਦੀ ਅਗਵਾਈ ਹੇਠ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੂੰ ਮਿਲਿਆ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ, ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੇ ਆਊਟਸੋਰਸ ਕਰਮਚਾਰੀਆਂ ਨੂੰ ਇਨਸੋਰਸ ਕੀਤਾ ਜਾਵੇ, ਡੀਸੀ ਰੇਟ ’ਤੇ ਕੰਮ ਕਰਦੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਜਿਨ੍ਹਾਂ ਦੀ ਸੇਵਾ ਤਿੰਨ ਸਾਲ ਹੋ ਗਈ ਹੈ, ਨੂੰ ਪੱਕਾ ਕੀਤਾ ਜਾਵੇ, ਮਾਲੀ, ਪਲੰਬਰ, ਹੈਲਪਰਾਂ ਅਤੇ ਆਊਟਸੋਰਸ ਕਰਮਚਾਰੀਆਂ ਦੀਆ ਤਨਖਾਹਾਂ ਵਿੱਚ ਬਣਦਾ ਵਾਧਾ ਕੀਤਾ ਜਾਵੇ। ਜਿੰਪਾ ਨੇ ਵਿਸ਼ਵਾਸ ਦਵਾਇਆ ਗਿਆ ਕਿ ਜੋ ਨਗਰ ਨਿਗਮ ਦੀਆਂ ਲੋਕਲ ਮੰਗਾਂ ਹਨ, ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਜੋ ਪੰਜਾਬ ਪੱਧਰ ਦੀ ਮੰਗ ਹੋਵੇਗੀ, ਉਸ ਨੂੰ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰ ਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਉੱਪ ਪ੍ਰਧਾਨ ਸੋਮਨਾਥ ਆਦੀਆ, ਬਲਰਾਮ ਭੱਟੀ, ਵਿਕਰਮਜੀਤ, ਜੋਗਿੰਦਰਪਾਲ ਆਦੀਆ, ਹਰਬਿਲਾਸ, ਪ੍ਰਦੀਪ ਆਦੀਆ ਤੇ ਪਰਦੀਪ ਕੁਮਾਰ ਆਦਿ ਮੌਜੂਦ ਸਨ ।