ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 3 ਜੁਲਾਈ
ਸੋਮਵਾਰ ਤੋਂ ਮੁਹਾਲੀ ਨਿਗਮ ਦੇ ਸਫ਼ਾਈ ਮਜ਼ਦੂਰਾਂ ਦੇ ਇੱਕ ਧੜੇ ਵੱਲੋਂ ਸੋਮਵਾਰ ਤੋਂ ਆਰੰਭੀ ਹੋਈ ਹੜਤਾਲ ਅੱਜ ਵੀ ਜਾਰੀ ਰਹੀ। ਮਜ਼ਦੂਰ ਫੈਡਰੇਸ਼ਨ ਦੇ ਆਗੂਆਂ ਪਵਨ ਗੋਡਯਾਲ ਅਤੇ ਮੋਹਣ ਸਿੰਘ ਦੀ ਅਗਵਾਈ ਹੇਠ ਸਫ਼ਾਈ ਕਰਮਚਾਰੀਆਂ ਨੇ ਨਗਰ ਨਿਗਮ ਅੱਗੇ ਧਰਨਾ ਵੀ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਾਮਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਪੰਜ ਜੁਲਾਈ ਨੂੰ ਵੱਡਾ ਇਕੱਠ ਕੀਤਾ ਜਾਵੇਗਾ। ਉੱਧਰ ਸਫਾਈ ਕਰਮਚਾਰੀਆਂ ਅਤੇ ਲੋਕਾਂ ਦੇ ਘਰਾਂ ਤੋਂ ਕੂੜਾ ਇਕੱਤਰ ਕਰਨ ਵਾਲਿਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ ਥਾਂ ’ਤੇ ਕੂੜੇ ਦੇ ਢੇਰ ਦਿਖ ਰਹੇ ਹਨ। ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਟਰਾਲੀਆਂ ਭੇਜ ਕੇ ਲੋਕਾਂ ਦੇ ਘਰਾਂ ਦੇ ਬਾਹਰ ਤੋਂ ਕੂੜਾ ਇਕੱਠਾ ਕਰਵਾਇਆ ਜਾ ਰਿਹਾ ਹੈ। ਫੇਜ਼ 4 ਦੀ ਕੌਂਸਲਰ ਰੁਪਿੰਦਰ ਕੌਰ ਖੁਦ ਟਰੈਕਟਰ ਟਰਾਲੀ ’ਤੇ ਬੈਠ ਕੇ ਲੋਕਾਂ ਦੇ ਘਰੋਂ-ਘਰੀ ਜਾ ਕੇ ਕੂੜਾ ਇਕੱਠਾ ਕਰਵਾਉਂਦੇ ਨਜ਼ਰ ਆਏ। ਇਸ ਮੌਕੇ ਰੁਪਿੰਦਰ ਕੌਰ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਲੋਕਾਂ ਦੇ ਘਰਾਂ ਤੋਂ ਕੂੜਾ ਚੁਕਵਾਏ ਜਾਣ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਅਪੀਲ ਕੀਤੀ ਸੀ ਕਿ ਲੋਕਾਂ ਦੇ ਘਰਾਂ ਤੋਂ ਕੂੜਾ ਚੁਕਵਾਉਣ ਲਈ ਟਰੈਟਰ ਟਰਾਲੀ ਦਾ ਪ੍ਰਬੰਧ ਕੀਤਾ ਜਾਵੇ। ਨਗਰ ਨਿਗਮ ਵਲੋਂ ਟਰਾਲੀ ਭੇਜੀ ਗਈ ਹੈ ਅਤੇ ਉਹ ਖੁਦ ਟਰੈਕਟਰ ਦੇ ਨਾਲ-ਨਾਲ ਜਾ ਕੇ ਲੋਕਾਂ ਦੇ ਘਰਾਂ ਤੋਂ ਕੂੜਾ ਇਕੱਠਾ ਕਰਵਾ ਰਹੇ ਹਨ।