ਸਪੈਸ਼ਲ ਕਾਡਰ ਅਧੀਨ ਪੱਕੇ ਕੀਤੇ ਮੁਲਾਜ਼ਮਾਂ ਵੱਲੋਂ ਸੇਵਾ ਸਹੂਲਤਾਂ ਦੀ ਮੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੂਨ
ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅੱਜ ਪਾਲਸੀ ਫਾਰ ਵੈਲਫੇਅਰ ਆਫ ਐਡਹਾਕ, ਕੰਟਰੈਕਚੂਅਲ, ਟੈਂਪਰੇਰੀ ਟੀਚਰ ਅਤੇ ਹੋਰ ਮੁਲਾਜ਼ਮ ਜੋ ਸਪੈਸ਼ਲ ਕਾਡਰ ਅਧੀਨ ਰੈਗੂਲਰ ਕੀਤੇ ਗਏ ਹਨ, ਨੂੰ ਸੇਵਾ ਸਹੂਲਤਾਂ ਦੇਣ ਬਾਰੇ ਅਤੇ ਸੇਵਾ ਨਿਯਮਾਂ ਨੂੰ ਗਠਿਤ ਕਰਨ ਬਾਰੇ ਅੱਜ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੀਏਯੂ ਦੇ ਗੇਟ ਨੰਬਰ ਇੱਕ ਦੇ ਬਾਹਰ ਰੋਸ ਪ੍ਰਦਰਸ਼ਨ ਤੋਂ ਬਾਅਦ ਆਪ ਦੇ ਰਾਜ ਸਭਾ ਮੈਂਬਰ ਅਤੇ ਜ਼ਿਮਨੀ ਚੋਣ ਵਿੱਚ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮੰਗ ਪੱਤਰ ਦਿੱਤਾ ਜਿਨ੍ਹਾਂ ਨੇ ਯੂਨੀਅਨ ਦੀ ਮੁੱਖ ਮੰਤਰੀ ਨਾਲ ਸੋਮਵਾਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਦਿੱਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪਾਲੀਸੀ ਫਾਰ ਵੈਲਫੇਅਰ ਆਫ ਅਡਹਾਕ, ਕੰਟਰੈਕਟਚੂਅਲ, ਟੈਂਪਰੇਰੀ ਟੀਚਰ ਨੇਸ਼ਨ ਬਿਲਡਰ ਅਧੀਨ 28/7/2023 ਅਨੁਸਾਰ ਰੈਗੂਲਰ ਕੀਤਾ ਗਿਆ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਤਨਖਾਹ 6000 ਤੋਂ 18000 ਰੁਪਏ ਤਾਂ ਕਰ ਦਿੱਤੀ ਗਈ ਪਰ ਉਨ੍ਹਾਂ ਨੂੰ ਨਾ ਤਾਂ ਨਵਾਂ ਪੇਅ ਗ੍ਰੇਡ ਦਿੱਤਾ ਗਿਆ ਅਤੇ ਨਾ ਹੀ ਪੱਕੇ ਮੁਲਾਜ਼ਮਾਂ ਦੀ ਤਰ੍ਹਾਂ ਛੁੱਟੀਆਂ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ। ਇੰਨਾਂ ਵਿੱਚੋਂ ਵੀ ਹਾਲਾਂ ਬਹੁਤੇ ਅਧਿਆਪਕ 6000 ਰੁਪਏ ਦੀ ਮਾਮੂਲੀ ਤਨਖਾਹ ’ਤੇ ਕੰਮ ਕਰਦੇ ਆ ਰਹੇ ਹਨ। ਇੰਨਾਂ ਅਧਿਆਪਕਾਂ ਨੇ ਹੋਰਨਾਂ ਅਧਿਆਪਕਾਂ ਦੀ ਤਰ੍ਹਾਂ ਮੈਡੀਕਲ ਰਿਵਰਸਮੈਂਟ ਕਰਵਾਉਣ ਅਤੇ ਰੈਗੂਲਰ ਮੁਲਾਜ਼ਮਾਂ ਨੂੰ ਮਿਲ ਰਿਹਾ ਫਿਕਸ ਮੈਡੀਕਲ ਭੱਤਾ ਸਾਡੇ ਤੇ ਵੀ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਗਰੁੱਪ ਇੰਸ਼ੋਰੈਂਸ ਸਕੀਮ ਲਾਗੂ ਕਰਨ, ਇਸ ਸਕੀਮ ਹੇਠ ਭਰਤੀ ਸਾਰੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਜਾਰੀ ਕ ਦੀ ਮੰਗ ਕੀਤੀ। ਇਸ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਬੀਰਪਾਲ ਕੌਰ, ਦੀਪਕ, ਤਲਬੀਰ, ਅੰਮ੍ਰਿਤਪਾਲ ਅਤੇ ਦਰਸ਼ਨ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।