For the best experience, open
https://m.punjabitribuneonline.com
on your mobile browser.
Advertisement

ਸਥਾਪਤੀ ਦੇ ਆਲੋਚਕ ਆਵਾਜ਼ ਭਗਤ ਕਬੀਰ ਜੀ

04:17 AM Jun 18, 2025 IST
ਸਥਾਪਤੀ ਦੇ ਆਲੋਚਕ ਆਵਾਜ਼ ਭਗਤ ਕਬੀਰ ਜੀ
Advertisement

Advertisement

ਜਸਵਿੰਦਰ ਸਿੰਘ ਰੁਪਾਲ

Advertisement
Advertisement

ਪ੍ਰਭੂ ਪ੍ਰੇਮ ਵਿੱਚ ਰੱਤੇ, ਆਪਣੇ ਦੌਰ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤ ’ਤੇ ਤਿੱਖੀ ਚੋਟ ਕਰਨ ਵਾਲੇ ਅਤੇ ਰੂੜ੍ਹੀਵਾਦੀ ਪਰੰਪਰਾਵਾਂ ਦਾ ਡਟ ਕੇ ਵਿਰੋਧ ਕਰਨ ਵਾਲੇ ਭਗਤ ਕਬੀਰ ਜੀ 14ਵੀਂ ਸਦੀ ਦੇ ਅਖੀਰ ਵਿੱਚ ਜਨਮੇ ਇੱਕ ਅਜਿਹੇ ਇਨਕਲਾਬੀ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦਾ ਜੀਵਨ ਅਤੇ ਬਾਣੀ ਸਦੀਆਂ ਤੱਕ ਸਮਾਜ ਨੂੰ ਸੇਧ ਦਿੰਦੀ ਰਹੇਗੀ।
ਭਗਤਾਂ, ਸੰਤਾਂ, ਗੁਰੂਆਂ ਆਦਿ ਦੇ ਜੀਵਨ ਬਿਰਤਾਂਤ ਸਬੰਧੀ ਭਰੋਸੇਯੋਗ ਸਰੋਤਾਂ ਦੇ ਘੱਟ ਹੋਣ ਕਾਰਨ ਉਨ੍ਹਾਂ ਦੇ ਜੀਵਨ ਬਾਰੇ ਕੁਝ ਭੁਲੇਖੇ ਅਕਸਰ ਹੀ ਮਿਲਦੇ ਹਨ। ਇਸੇ ਤਰ੍ਹਾਂ ਕਬੀਰ ਜੀ ਦੇ ਜਨਮ ਸਥਾਨ, ਜਨਮ ਤਾਰੀਖ, ਜੀਵਨ ਆਦਿ ਸਬੰਧੀ ਸਾਰੇ ਵਿਦਵਾਨ ਅਤੇ ਲਿਖਾਰੀ ਇਕਮੱਤ ਨਹੀਂ ਹਨ। ਉਨ੍ਹਾਂ ਦਾ ਜਨਮ ਇੱਕ ਮੁਸਲਮਾਨ ਜੁਲਾਹੇ ਦੇ ਘਰ ਹੋਇਆ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਇਹ ਕਿਸੇ ਬ੍ਰਾਹਮਣ ਪਰਿਵਾਰ ’ਚ ਜਨਮੇ ਸੀ, ਪਰ ਪਰਿਵਾਰ ਵੱਲੋਂ ਬਾਹਰ ਸੁੱਟ ਦਿੱਤੇ ਗਏ ਸੀ ਜਿੱਥੋਂ ਇੱਕ ਜੁਲਾਹੇ ਨੀਰੂ ਨੇ ਉਨ੍ਹਾਂ ਨੂੰ ਚੁੱਕਿਆ ਅਤੇ ਆਪਣੀ ਪਤਨੀ ਨੀਮਾ ਸਮੇਤ ਪਾਲਿਆ। ਉਨ੍ਹਾਂ ਦਾ ਜਨਮ 1398 ਵਿੱਚ ਹੋਇਆ ਮੰਨਿਆ ਜਾਂਦਾ ਹੈ। ਜੁਲਾਹਾ ਜਾਤ ਉਸ ਸਮੇਂ ਦੇ ਸਮਾਜ ਲਈ ਇੱਕ ਨੀਵੀਂ ਜਾਤ ਸੀ ਅਤੇ ਅਛੂਤ ਮੰਨੀ ਜਾਂਦੀ ਸੀ, ਜਿਸ ਕਾਰਨ ਸਮਾਜ ਦੇ ਕਥਿਤ ਉੱਚ ਵਰਗ ਵੱਲੋਂ ਛੂਤ ਛਾਤ ਦੇ ਵਿਤਕਰੇ ਦਾ ਸਾਹਮਣਾ ਕਬੀਰ ਜੀ ਨੂੰ ਕਰਨਾ ਪਿਆ। ਕਬੀਰ ਜੀ ਦੀ 30 ਸਾਲ ਦੀ ਉਮਰ ਵਿੱਚ ਲੋਈ ਨਾਲ ਸ਼ਾਦੀ ਹੋਈ, ਪਰ ਇਸ ਸ਼ਾਦੀ ਸਬੰਧੀ ਵੀ ਹੈਰਾਨੀਜਨਕ ਸਾਖੀਆਂ ਜੁੜੀਆਂ ਹੋਈਆਂ ਹਨ।
ਕਬੀਰ ਜੀ ਦਾ ਗੁਰੂ ਰਾਮਾਨੰਦ ਜੀ ਨੂੰ ਮੰਨਿਆ ਜਾਂਦਾ ਹੈ। ਕਬੀਰ ਜੀ ਸ਼ੂਦਰ ਜਾਤ ਨਾਲ ਸਬੰਧਿਤ ਸਨ ਅਤੇ ਉਸ ਸਮੇਂ ਦੀ ਸੋਚ ਅਨੁਸਾਰ ਇਸ ਜਾਤੀ ਦੇ ਲੋਕ ਧਰਮ ਸਿੱਖਣ ਲਈ ਕਿਸੇ ਕਥਿਤ ਉੱਚ ਜਾਤੀਏ ਨੂੰ ਗੁਰੂ ਨਹੀਂ ਸੀ ਧਾਰ ਸਕਦੇ। ਭਾਈ ਗੁਰਦਾਸ ਜੀ ਅਨੁਸਾਰ ਕਬੀਰ ਉਸ ਰਸਤੇ ਲੰਮੇ ਪੈ ਗਏ ਜਿੱਥੋਂ ਰਾਮਾਨੰਦ ਨਦੀ ’ਤੇ ਇਸ਼ਨਾਨ ਕਰਨ ਜਾਂਦੇ ਸਨ। ਕਬੀਰ ਦੇ ਠੁੱਡਾ ਲੱਗਣ ’ਤੇ ਰਾਮਾਨੰਦ ਨੇ ਕਿਹਾ, ‘ਉੱਠ ਭਾਈ ਰਾਮ ਰਾਮ ਕਹੁ।।’ ’ਤੇ ਕਬੀਰ ਨੂੰ ਗੁਰਮੰਤਰ ਮਿਲ ਗਿਆ।
ਕਬੀਰ ਨਾਮ ਹੇਠ ਰਚਿਤ ਬਾਣੀ: ਡਾਕਟਰ ਹਜਾਰਾ ਪ੍ਰਸਾਦ ਦ੍ਰਿਵੇਦੀ ਆਪਣੀ ਪੁਸਤਕ ‘ਕਬੀਰ’ ਵਿੱਚ ਲਿਖਦੇ ਹਨ, ‘ਕਬੀਰ ਦਾਸ ਦੇ ਨਾਮ ’ਤੇ ਜੋ ਬਾਣੀਆਂ ਮਿਲਦੀਆਂ ਹਨ, ਉਨ੍ਹਾਂ ਦਾ ਕੋਈ ਹਿਸਾਬ ਨਹੀਂ ਹੈ। ਕਬੀਰ ਪੰਥੀ ਲੋਕਾਂ ਦਾ ਵਿਸ਼ਵਾਸ ਹੈ ਕਿ ਸਦਗੁਰੂ (ਕਬੀਰ) ਦੀ ਬਾਣੀ ਅਨੰਤ ਹੈ। ਇਹ ਸਾਰੇ ਮੰਨਦੇ ਹਨ ਕਿ ਕਬੀਰ ਜੀ ਨੇ ਕਦੇ ਕਾਗਜ਼ ਕਲਮ ਨੂੰ ਛੋਹਿਆ ਤੱਕ ਵੀ ਨਹੀਂ ਸੀ। ਸਪੱਸ਼ਟ ਹੈ ਕਿ ਉਨ੍ਹਾਂ ਦੇ ਮੌਖਿਕ ਉਪਦੇਸ਼ ਨੂੰ ਉਨ੍ਹਾਂ ਦੇ ਚੇਲਿਆਂ ਨੇ ਪਿੱਛੋਂ ਲਿਖਿਆ ਹੋਏਗਾ। ਕਬੀਰ ਦਾਸ ਦੇ ਨਾਮ ਹੇਠ 6 ਦਰਜਨ ਦੇ ਕਰੀਬ ਪੁਸਤਕਾਂ ਮਿਲਦੀਆਂ ਹਨ। ਇਨ੍ਹਾਂ ਵਿੱਚ ਰਮੈਨੀ, ਸ਼ਬਦ, ਗਿਆਨ ਚੌਤੀਸਾ, ਵਿਪ੍ਰਬਤੀਸੀ, ਕਹਰਾ ਵਸੰਤ, ਚਾਚਰ, ਬੇਲੀ, ਬਿਰਹੁਲੀ ਹਿੰਡੋਲਾ ਅਤੇ ਸਾਖੀ ਇਹ ਗਿਆਰਾਂ ਅੰਗ ਹਨ। ਇਨ੍ਹਾਂ ਵਿੱਚੋਂ ਇੱਕ ਇੱਕ ਭਾਗ ਨੂੰ ਅੱਡ ਅੱਡ ਕਰਕੇ ਕਈ ਵਾਰ ਸੁਤੰਤਰ ਪੋਥੀ ਬਣਾ ਦਿੱਤੀ ਜਾਂਦੀ ਹੈ। ਪ੍ਰੋ. ਰਾਮ ਕੁਮਾਰ ਵਰਮਾ ਅਤੇ ਹੋਰ ਵਿਦਵਾਨ ਖੋਜੀਆਂ ਨੇ ਕਬੀਰ ਸਾਹਿਬ ਦੇ ਜਿਊਂਦੇ ਹੁੰਦੇ ਵੀ ਉਨ੍ਹਾਂ ਦੀ ਬਾਣੀ ਵਿੱਚ ਰਲਾਅ ਦੀ ਗੱਲ ਆਖੀ ਹੈ। ਬਹੁਤੇ ਵਿਸਥਾਰ ਵਿੱਚ ਨਾ ਜਾਂਦੇ ਕਬੀਰ ਜੀ ਦੀਆਂ ਰਚੀਆਂ ਪ੍ਰਮੁੱਖ ਲਿਖਤਾਂ ਵਿੱਚ ‘ਬੀਜਕ’, ‘ਕਬੀਰ ਗ੍ਰੰਥਾਵਲੀ’, ‘ਸਾਖੀ ਕਬੀਰ’, ‘ਕਬੀਰ ਸਾਗਰ’, ‘ਅਨੁਰਾਗ ਸਾਗਰ’ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀ: ਇਨ੍ਹਾਂ ਸਾਰੇ ਗ੍ਰੰਥਾਂ ਦੇ ਰਚਨਹਾਰ ਬਾਬਤ ਵੱਖ ਵੱਖ ਵਿਚਾਰਧਾਰਾਵਾਂ ਪ੍ਰਚੱਲਿਤ ਹਨ। ਉਹ ਬਾਣੀ ਜੋ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ, ਸਬੰਧੀ ਸਾਰੇ ਵਿਦਵਾਨ ਅਤੇ ਲਿਖਾਰੀ ਇਕਮੱਤ ਹਨ ਕਿ ਇਹ ਪ੍ਰਮਾਣਿਤ ਬਾਣੀ ਹੈ ਅਤੇ ਕਬੀਰ ਜੀ ਦੀ ਆਪਣੀ ਲਿਖੀ ਹੋਈ ਬਾਣੀ ਹੈ। ਇਸ ਲਈ ਅਸੀਂ ਇਸ ਕਬੀਰ ਬਾਣੀ ਨੂੰ, ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਨੂੰ ਆਧਾਰ ਬਣਾਵਾਂਗੇ ਅਤੇ ਇਸੇ ਤੋਂ ਹੀ ਕਬੀਰ ਜੀ ਦੀ ਇਨਕਲਾਬੀ ਸੋਚ ਨੂੰ ਲੱਭਣ ਦਾ ਯਤਨ ਕਰਾਂਗੇ।
ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਬੀਰ ਬਾਣੀ: ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਦੇ ਕੁਲ 225 ਸ਼ਬਦ ਦਰਜ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਵਿੱਚੋਂ 15 ਰਾਗਾਂ ਵਿੱਚ ਲਿਖੇ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਸ਼ਬਦ ਗਉੜੀ ਰਾਗ ਵਿੱਚ-74 ਸ਼ਬਦ ਅਤੇ ਸਭ ਤੋਂ ਘੱਟ ਤਿਲੰਗ ਰਾਗ ਵਿੱਚ- ਕੇਵਲ ਇੱਕ ਸ਼ਬਦ ਹਨ। ਬਾਵਨ ਅੱਖਰੀ, ਥਿਤੀ, ਵਾਰ ਸਤ ਵੀ ਗਉੜੀ ਰਾਗ ਵਿੱਚ ਹੀ ਹਨ ਅਤੇ 243 ਸਲੋਕ ਰਾਗ-ਰਹਿਤ ਹਨ। ਕਬੀਰ ਬਾਣੀ ਵਿੱਚ ਅਵਧੀ, ਭੋਜਪੁਰੀ, ਬ੍ਰਿਜ, ਮਾਰਵਾੜੀ, ਪੰਜਾਬੀ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਮਿਲਦੀ ਹੈ।
ਕਬੀਰ ਸਾਹਿਬ ਜੀ ਦੀ ਵਿਚਾਰਧਾਰਾ
ਜਾਤ ਪਾਤ ਦਾ ਖੰਡਨ: ਕਬੀਰ ਜੀ ਨੂੰ ਜਾਤ ਪਾਤ ਦੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਮਨੁੱਖ ਇੱਕੋ ਹੀ ਨੂਰ ਤੋਂ ਪੈਦਾ ਹੋਏ ਹਨ। ਕੋਈ ਉੱਚਾ ਨੀਵਾਂ ਕਿਵੇਂ ਹੋ ਸਕਦਾ ਹੈ। ਉਨ੍ਹਾਂ ਡੰਕੇ ਦੀ ਚੋਟ ’ਤੇ ਕਿਹਾ;
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।
ਬ੍ਰਾਹਮਣਵਾਦ ’ਤੇ ਇਸ ਨਾਲੋਂ ਵੱਡੀ ਕਿਹੜੀ ਚੋਟ ਹੋ ਸਕਦੀ ਹੈ?
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।।
ਤਉ ਆਨ ਬਾਟ ਕਾਹੇ ਨਹੀ ਆਇਆ।।
ਧਾਰਮਿਕ ਰਸਮਾਂ ਅਤੇ ਕਰਮ ਕਾਂਡਾਂ ਦਾ ਵਿਰੋਧ: ਕਬੀਰ ਸਾਹਿਬ ਦੇ ਸਮੇਂ ਹਿੰਦੂ ਵੀ ਅਤੇ ਮੁਸਲਮਾਨ ਵੀ ਆਪੋ ਆਪਣੇ ਮਤ ਅਨੁਸਾਰ ਕਾਫ਼ੀ ਧਾਰਮਿਕ ਰਸਮਾਂ ਅਤੇ ਕਰਮ ਕਾਂਡ ਕਰਦੇ ਸਨ। ਕਬੀਰ ਸਾਹਿਬ ਨੇ ਇਨ੍ਹਾਂ ਬਾਹਰੀ ਦਿਖਾਵੇ ਵਾਲੀਆਂ ਸਾਰੀਆਂ ਰਸਮਾਂ ਦਾ ਪੂਰੀ ਨਿਡਰਤਾ ਨਾਲ ਵਿਰੋਧ ਕੀਤਾ।
ਉਨ੍ਹਾਂ ਨੇ ਪਹਿਲਾਂ ਸਨਾਤਨ ਮਤ ਅਤੇ ਜੋਗ ਵਾਲਿਆਂ ’ਤੇ ਸ਼ਬਦਾਂ ਦੇ ਹਮਲੇ ਕੀਤੇ;
ਨਗਨ ਫਿਰਤ ਜੌ ਪਾਈਐ ਜੋਗੁ।।
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।।
(ਨੰਗੇ ਭਗਤੀ ਕਰਨ ਦਾ ਵਿਰੋਧ)
ਇਸਲਾਮੀ ਕਰਮ ਕਾਂਡਾਂ ਦਾ ਵਿਰੋਧ: ਭਾਵੇਂ ਭਗਤ ਕਬੀਰ ਜੀ ਦਾ ਪਾਲਣ ਪੋਸ਼ਣ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ, ਪਰ ਉਹ ਸਿਰਫ਼ ਦਿਖਾਵੇ ਦੇ ਕਰਮ ਕਾਂਡਾਂ ਦੇ ਪੂਰਨ ਤੌਰ ’ਤੇ ਵਿਰੋਧੀ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਅਤੇ ਇਹੀ ਉਨ੍ਹਾਂ ਨੇ ਪ੍ਰਚਾਰਿਆ ਵੀ ਕਿ ਸਿਰਫ਼ ਹਿਰਦੇ ਤੋਂ ਪ੍ਰਭੂ ਨਾਲ ਪ੍ਰੀਤ ਚਾਹੀਦੀ ਹੈ, ਉਸ ਤੋਂ ਬਿਨਾਂ ਬਾਕੀ ਸਭ ਕੂੜ ਹੈ, ਝੂਠ ਹੈ। ਇਸਲਾਮੀ ਸ਼ਰਾ ਦੇ ਪਾਬੰਦ ਹੋਣ ਨਾਲੋਂ ਹਿਰਦੇ ਤੋਂ ਪ੍ਰਭੂ ਪ੍ਰੇਮ ਕਰਨਾ ਵਧੇਰੇ ਲਾਹੇਵੰਦ ਹੈ;
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ।।
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ।।
(ਬਾਂਗ ਦੇਣ ਦਾ ਵਿਰੋਧ)
***
ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ।।
ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ।।
(ਹੱਜ ਦਾ ਵਿਰੋਧ)
ਇਸਲਾਮ ਦੀ ਸ਼ਰਾ ਅਨੁਸਾਰ ਔਰਤ ਨੂੰ ਮਰਦ ਵਾਂਗ ਧਾਰਮਿਕ ਕਾਰਜ ਕਰਨ ਦੀ ਇਜਾਜ਼ਤ ਨਹੀ ਹੈ। ਕਬੀਰ ਸਾਹਿਬ ਨੇ ਸਖ਼ਤ ਰੂਪ ਨਾਲ ਇਸ ਦੀ ਆਲੋਚਨਾ ਕੀਤੀ ਹੈ;
ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ।।
ਅਰਧ ਸਰੀਰੀ ਨਾਰਿ ਨਾ ਛੋਡੈ ਤਾਂ ਤੇ ਹਿੰਦੂ ਹੀ ਰਹੀਐ।।
(ਸੁੰਨਤ ਦਾ ਵਿਰੋਧ)
ਜੀਵਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਣ ਦੇ ਚਾਹਵਾਨ: ਕਬੀਰ ਜੀ ਕਿਰਤੀ ਅਤੇ ਮਿਹਨਤੀ ਦੇ ਨਾਲ ਖੜ੍ਹੇ ਹਨ ਅਤੇ ਆਖਦੇ ਹਨ ਕਿ ਜਿੰਨੀ ਦੇਰ ਮੇਰੀ ਕੁੱਲੀ ਗੁੱਲੀ ਜੁੱਲੀ ਦਾ ਠੀਕ ਪ੍ਰਬੰਧ ਨਹੀਂ ਹੈ, ਓਨੀ ਦੇਰ ਮੈਂ ਕਿਸੇ ਵੀ ਰੱਬ ਤੋਂ ਕੀ ਲੈਣਾ ਹੈ? ਉਹ ਅਜਿਹੀ ਭਗਤੀ ਤੋਂ ਤੌਬਾ ਕਰਦੇ ਹਨ;
ਭੂਖੇ ਭਗਤਿ ਨ ਕੀਜੈ।।
ਯਹ ਮਾਲਾ ਅਪਨੀ ਲੀਜੈ।।
(ਪਹਿਲਾਂ ਮੁੱਢਲੀਆਂ ਲੋੜਾਂ ਪੂਰੀਆਂ ਹੋਣ)
ਜ਼ੁਲਮ ਦੇ ਸ਼ਿਕਾਰ: ਕਬੀਰ ਜੀ ’ਤੇ ਵਕਤ ਦੇ ਹਾਕਮਾਂ ਨੇ ਜ਼ੁਲਮ ਵੀ ਕੀਤਾ ਹੈ। ਉਸ ਸਮੇਂ ਸਿਕੰਦਰ ਖਾਂ ਲੋਧੀ ਰਾਜ ਕਰਦਾ ਸੀ। ਉਨ੍ਹਾਂ ਦੀਆਂ ਬੇਬਾਕੀ ਅਤੇ ਨਿਰਭੈਤਾ ਨਾਲ ਕੀਤੀਆਂ ਸਖ਼ਤ ਟਿੱਪਣੀਆਂ ਦੀ ਸ਼ਿਕਾਇਤ ਰਾਜੇ ਕੋਲ ਕੀਤੀ ਗਈ। ਉਨ੍ਹਾਂ ਨੂੰ ਪਾਣੀ ਵਿੱਚ ਡੁਬੋਇਆ ਗਿਆ, ਫਿਰ ਹਾਥੀ ਅੱਗੇ ਵੀ ਸੁੱਟਿਆ ਗਿਆ, ਪਰ ਸਮੇਂ ਦੇ ਹਾਕਮ ਸੱਚ ਦੀ ਆਵਾਜ਼ ਨੂੰ ਨਹੀਂ ਰੋਕ ਸਕੇ। ਉਹ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ ਹਨ;
ਗੰਗ ਗੁਸਾਇਨਿ ਗਹਿਰ ਗੰਭੀਰ।।
ਜੰਜੀਰ ਬਾਂਧਿ ਕਰ ਖਰੇ ਕਬੀਰ।।
***
ਗੰਗਾ ਕੀ ਲਹਿਰ ਮੇਰੀ ਟੁਟੀ ਜੰਜੀਰ।।
ਮ੍ਰਿਗਛਾਲਾ ਪਰ ਬੈਠੇ ਕਬੀਰ।।
ਹਿੰਦੂ ਮੁਸਲਮਾਨ ਦੋਹਾਂ ਤੋਂ ਉੱਪਰ: ਕਬੀਰ ਜੀ ਕਿਸੇ ਵੀ ਪ੍ਰਚੱਲਿਤ ਮਜ਼ਹਬ ਦੀ ਪ੍ਰਸੰਸਾ ਨਹੀਂ ਕਰਦੇ। ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਦੇ ਧਰਮਾਂ ਦੀਆਂ ਕੁਰੀਤੀਆਂ, ਕਰਮ ਕਾਂਡਾਂ ਅਤੇ ਦਿਖਾਵਿਆਂ ’ਤੇ ਭਰਵੇਂ ਵਾਰ ਕੀਤੇ ਹਨ। ਉਹ ਹੋਰ ਬਾਣੀਕਾਰਾਂ ਵਾਂਗ ਹੀ ਅਕਾਲ ਪੁਰਖ ਨੂੰ ਸਾਰੇ ਮਜ਼ਹਬਾਂ ਤੋਂ ਉੱਪਰ ਮੰਨਦੇ ਹਨ। ਉਹ ਸਾਫ਼ ਕਹਿੰਦੇ ਹਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਪ੍ਰਭੂ ਇੱਕ ਹੀ ਹੈ;
ਹਿੰਦੂ ਤੁਰਕ ਕਾ ਸਾਹਿਬੁ ਏਕ।।
ਕਹ ਕਰੈ ਮੁਲਾਂ ਕਹ ਕਰੈ ਸੇਖ।।
ਉਨ੍ਹਾਂ ਨੇ ਇਨ੍ਹਾਂ ਵਿਚੋਲਿਆਂ ਨੂੰ ਪੂਰਨ ਤੌਰ ’ਤੇ ਹੀ ਛੱਡ ਦਿੱਤਾ;
ਹਮਰਾ ਝਗਰਾ ਰਹਾ ਨ ਕੋਊ।।
ਪੰਡਿਤ ਮੁਲਾਂ ਛਾਡੇ ਦੋਊ।।
ਪੰਡਿਤ ਮੁਲਾਂ ਜੋ ਲਿਖਿ ਦੀਆ।।
ਛਾਡਿ ਚਲੇ ਹਮ ਕਛੂ ਨ ਲੀਆ।।
ਅੰਤਿਮ ਸਮੇਂ ਮਗਹਰ ਵਿੱਚ: ਬ੍ਰਾਹਮਣਾਂ ਵੱਲੋਂ ਉਸ ਸਮੇ ਲੋਕਾਂ ਵਿੱਚ ਇਹ ਧਾਰਨਾ ਪ੍ਰਚੱਲਿਤ ਕੀਤੀ ਹੋਈ ਸੀ ਕਿ ਜੋ ਕਾਸੀ ਵਿਖੇ ਮਰੇਗਾ, ਉਹ ਮੁਕਤੀ ਪ੍ਰਾਪਤ ਕਰੇਗਾ ਅਤੇ ਜੋ ਮਗਹਰ ਵਿਖੇ ਮਰੇਗਾ, ਉਹ ਮਰਨ ਉਪਰੰਤ ਭਟਕੇਗਾ। ਭਗਤ ਕਬੀਰ ਜੀ ਜਾਣ ਬੁੱਝ ਕੇ ਆਪਣੇ ਅੰਤਿਮ ਸਮੇਂ ਮਗਹਰ ਵਿੱਚ ਗਏ ਅਤੇ ਉੱਥੇ ਜਾ ਕੇ ਪ੍ਰਾਣ ਤਿਆਗੇ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਵੀ ਆਪਣੀ ਬਾਣੀ ਵਿੱਚ ਕੀਤਾ ਹੈ;
ਸਗਲ ਜਨਮੁ ਸਿਵ ਪੂਰੀ ਗਵਾਇਆ।।
ਮਰਤੀ ਬਾਰ ਮਗਹਰਿ ਉਠਿ ਆਇਆ।।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਵੀ ਅਤੇ ਉਨ੍ਹਾਂ ਦੀ ਬਾਣੀ ਵਿੱਚ ਵੀ ਸਥਾਪਿਤ ਨਿਜ਼ਾਮ ਵਿਰੁੱਧ ਭਾਰੀ ਰੋਹ ਸੀ, ਭਾਵੇਂ ਉਹ ਧਾਰਮਿਕ ਅਖਵਾਉਂਦੇ ਪੰਡਿਤ, ਬ੍ਰਾਹਮਣ, ਕਾਜੀ, ਮੌਲਵੀ ਆਦਿ ਜੋ ਵੀ ਸਤਿਕਾਰਯੋਗ ਹਸਤੀਆਂ ਹੋਣ। ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਣ ਕਰਕੇ ਅਤੇ ਉਸ ਦੀ ਬ੍ਰਹਿਮੰਡੀ ਸੋਚ ਨੂੰ ਪੂਰਨ ਸਮਝਣ ਕਾਰਨ ਹੀ ਕਿਸੇ ਦੇ ਅੰਦਰ ਸਥਾਪਿਤ ਤਾਕਤਾਂ ਨੂੰ ਲਲਕਾਰਨ ਦਾ ਹੌਸਲਾ ਆਉਂਦਾ ਹੈ।
ਉਨ੍ਹਾਂ ਦੇ ਦੇਹਾਂਤ ਬਾਰੇ ਵੀ ਸਾਰੇ ਵਿਦਵਾਨ ਇਕਸੁਰ ਨਹੀਂ ਹਨ, ਪਰ ਕਬੀਰ ਪੰਥੀਆਂ ਅਨੁਸਾਰ ਉਨ੍ਹਾਂ ਦੀ ਉਮਰ 120 ਸਾਲ ਸੀ ਅਤੇ ਇਸ ਤਰ੍ਹਾਂ ਉਹ 1518 ਈਸਵੀ ਨੂੰ ਮਗਹਰ ਵਿਖੇ ਆਪਣਾ ਸਰੀਰ ਤਿਆਗ ਗਏ। ਉਨ੍ਹਾਂ ਦੀ ਬਾਣੀ ਅੱਜ ਵੀ ਮਨੁੱਖਤਾ ਨੂੰ ਵਿਤਕਰੇ ਭੁਲਾ ਕੇ ਇੱਕ ਪ੍ਰਭੂ ਨਾਲ ਪ੍ਰੀਤ ਕਰਦੇ ਹੋਏ ਆਪਸੀ ਪਿਆਰ ਸਤਿਕਾਰ ਵਧਾਉਣ ਦੀ ਪ੍ਰੇਰਨਾ ਦਿੰਦੀ ਹੈ।

Advertisement
Author Image

Balwinder Kaur

View all posts

Advertisement