ਸਤਿੰਦਰ ਸਰਤਾਜ ਦੇ ਗੀਤ ਨੇ ਨਿਸ਼ਾਨ ਸਿੰਘ ਨੂੰ ਪਰਿਵਾਰ ਨਾਲ ਮਿਲਾਇਆ

ਨਿਸ਼ਾਨ ਸਿੰਘ ਨੂੰ ਪਰਿਵਾਰ ਹਵਾਲੇ ਕਰਦੇ ਹੋਏ ਪ੍ਰਬੰਧਕ।

ਪੱਤਰ ਪ੍ਰੇਰਕ
ਕੁਰਾਲੀ, 8 ਅਕਤੂਬਰ
ਸ਼ਹਿਰ ਦੀ ਹੱਦ ਵਿਚ ਪੈਂਦੇ ਪਿੰਡ ਪਡਿਆਲਾ ਦੇ ਮੰਦ ਬੁੱਧੀ ਤੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਸਤਿੰਦਰ ਸਰਤਾਜ ਦੇ ਗਾਣੇ ਦੀ ਸ਼ੂਟਿੰਗ ਨੇ ਨਿਸ਼ਾਨ ਸਿੰਘ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ। ਗਾਣੇ ਦੀ ਸ਼ੂਟਿੰਗ ਵਿੱਚ ਨਜ਼ਰ ਆਏ ਨਿਸ਼ਾਨ ਸਿੰਘ ਦੀ ਪਛਾਣ ਕਰਨ ਉਪਰੰਤ ਉਸ ਦੇ ਪਰਿਵਾਰਕ ਮੈਂਬਰ ਨਿਸ਼ਾਨ ਸਿੰਘ ਨੂੰ ਲੈਣ ਲਈ ਪ੍ਰਭ ਆਸਰਾ ਪੁੱਜੇ।
ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 23 ਮਾਰਚ ਨੂੰ ਨਿਸ਼ਾਨ ਸਿੰਘ (22 ਸਾਲ) ਕੁਰਾਲੀ ਪੁਲੀਸ ਨੂੰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਤਰਸਯੋਗ ਹਾਲਤ ਵਿਚ ਮਿਲਿਆ ਸੀ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਠੀਕ ਨਹੀਂ ਸੀ ਅਤੇ ਉਹ ਬੋਲਣ ਤੇ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਅਸਮਰਥ ਸੀ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਈ ਮਹੀਨਿਆਂ ਦੇ ਇਲਾਜ ਤੇ ਸੇਵਾ ਸੰਭਾਲ ਤੋਂ ਬਾਅਦ ਨਿਸ਼ਾਨ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਵਿਚ ਕਾਫੀ ਸੁਧਾਰ ਹੋਇਆ। ਉਨ੍ਹਾਂ ਦੱਸਿਆ ਸਤਿੰਦਰ ਸਰਤਾਜ ਦੇ ਗਾਣੇ ‘ਹਮਾਇਤ’ ਦੀ ਸ਼ੂਟਿੰਗ ਪ੍ਰਭ ਆਸਰਾ ਸੰਸਥਾ ਵਿੱਚ ਹੋਈ। ਗਾਣੇ ਦੀ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਲਾਵਾਰਿਸਾਂ ਵਿੱਚ ਨਿਸ਼ਾਨ ਸਿੰਘ ਵੀ ਸ਼ਾਮਿਲ ਸੀ। ਜਦੋਂ ਗਾਣੇ ਦਾ ਵੀਡੀਓ ਰਿਲੀਜ਼ ਹੋਣ ਉਪਰੰਤ ਮਾਰਕੀਟ ਵਿੱਚ ਆਇਆ ਤਾਂ ਨਿਸ਼ਾਨ ਸਿੰਘ ਦੇ ਪਰਿਵਾਰ ਨੇ ਵੀ ਗਾਣਾ ਦੇਖਿਆ। ਪਹਿਚਾਣ ਤੋਂ ਬਾਅਦ ਨਿਸ਼ਾਨ ਸਿੰਘ ਦੇ ਪਰਿਵਾਰਕ ਮੈਂਬਰ ਗੁਰਦਾਸਪੁਰ ਤੋਂ ਉਸ ਨੂੰ ਲੈਣ ਲਈ ਸੰਸਥਾ ਵਿੱਚ ਪੁੱਜੇ। ਪ੍ਰਬੰਧਕਾਂ ਨੇ ਨਿਸ਼ਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਸ਼ਨਾਖ਼ਤ ਕਰਨ ਉਪਰੰਤ ਨਿਸ਼ਾਨ ਸਿੰਘ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

Tags :