ਬਹਾਦਰਜੀਤ ਸਿੰਘਬਲਾਚੌਰ, 14 ਅਪਰੈਲਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਪਿੰਡ ਰੈਲਮਾਜਰਾ ਅੱਡੇ ਕੋਲ ਅੱਜ ਤੜਕਸਾਰ ਟਰੱਕ ਨਾਲ ਹਾਦਸੇ ਮਗਰੋਂ ਸਰਵਿਸ ਰੋਡ ’ਤੇ ਡਿੱਗੇ ਬਿਜਲੀ ਵਾਲੇ ਖੰਭੇ ਵਿੱਚ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਪਿਓ-ਪੁੱਤਰ ਜ਼ਖ਼ਮੀ ਹੋ ਗਏ। ਹਸਪਤਾਲ ਪੁੱਜਣ ’ਤੇ ਪਿਤਾ ਦੀ ਮੌਤ ਹੋ ਗਈ।ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਨਵਾਂਸ਼ਹਿਰ ਤੋਂ ਸੂਚਨਾ ਮਿਲੀ ਸੀ ਕਿ ਇਕ ਟਰੱਕ ਜਿਸ ਨੂੰ ਸੁਨੀਲ ਕੁਮਾਰ ਵਾਸੀ ਜੰਮੂ ਕਸ਼ਮੀਰ ਚਲਾ ਰਿਹਾ ਸੀ ਤੇ ਉਹ ਜੰਮੂ ਤੋਂ ਟਰੱਕ ਲੋਡ ਕਰਕੇ ਪੰਚਕੂਲਾ ਹਰਿਆਣਾ ਜਾ ਰਿਹਾ ਸੀ, ਜਦੋਂ ਇਹ ਟਰੱਕ ਰੈਲਮਾਜਰਾ ਦੇ ਨੇੜੇ ਪਹੁੰਚਿਆ ਤਾਂ ਟਰੱਕ ਅੱਗੇ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਟਰੱਕ ਚਾਲਕ ਨੇ ਬ੍ਰੇਕ ਮਾਰੀ ਪ੍ਰੰਤੂ ਤੇਜ ਹੋਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਬੇਕਾਬੂ ਹੋ ਕੇ ਹਾਈਵੇਅ ’ਤੇ ਲੱਗੇ ਲਾਈਟ ਵਾਲੇ ਖੰਭੇ ਨਾਲ ਜਾ ਟਕਰਾਇਆ ਜਿਸ ਕਾਰਨ ਲਾਈਟ ਦਾ ਖੰਭਾ ਖੰਭਾ ਟੁੱਟ ਕੇ ਸਰਵਿਸ ਰੋਡ ’ਤੇ ਜਾ ਡਿਗਿਆ ਅਤੇ ਟਰੱਕ ਨੁਕਸਾਨਿਆ ਗਿਆ। ਏਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਅਜੇ ਉਹ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚੇ ਹੀ ਸਨ ਕਿ ਰੈਲਮਾਜਰਾ ਸਾਈਡ ਤੋਂ ਮੋਟਰਸਾਈਕਲ ਆਇਆ ਅਤੇ ਖੰਭੇ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਮੋਹਨ ਲਾਲ ਵਾਸੀ ਬੜੀ ਹਵੇਲੀ ਰੂਪਨਗਰ ਅਤੇ ਉਸ ਦਾ ਪੁੱਤਰ ਰੋਹਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਪਿਤਾ ਨੇ ਦਮ ਤੋੜ ਦਿੱਤਾ।