ਸੜਕ ਹਾਦਸਾ: ਥਾਣੇ ਮੂਹਰੇ ਲਾਸ਼ਾਂ ਰੱਖ ਕੇ ਮੁਜ਼ਾਹਰਾ
ਹਰਦੀਪ ਸਿੰਘ
ਕੋਟ ਈਸੇ ਖਾਂ, 11 ਮਾਰਚ
ਇਥੇ ਲੰਘੀ ਰਾਤ ਜ਼ੀਰਾ-ਕੋਟ ਈਸੇ ਖਾਂ ਮੁੱਖ ਸੜਕ ’ਤੇ ਵਾਪਰੇ ਹਾਦਸੇ ’ਚ ਮਾਰੇ ਗਏ ਨੌਜਵਾਨ ਅਤੇ ਔਰਤ ਦੇ ਵਾਰਸਾਂ ਨੇ ਅੱਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣਾ ਕੋਟ ਈਸੇ ਖਾਂ ਮੂਹਰੇ ਲਾਸ਼ਾਂ ਰੱਖ ਕੇ ਧਰਨਾ ਦਿੱਤਾ। ਮ੍ਰਿਤਕਾਂ ਦੀ ਪਛਾਣ ਗੁਰਮੇਲ ਕੌਰ ਤੇ ਰਜਿੰਦਰ ਕੁਮਾਰ ਉਰਫ਼ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 9 ਮਾਰਚ ਦੀ ਦੇਰ ਸ਼ਾਮ ਰਾਜੂ ਜਦੋਂ ਗੁਰਮੇਲ ਕੌਰ ਨੂੰ ਐਕਟਿਵਾ ’ਤੇ ਛੱਡਣ ਜਾ ਰਿਹਾ ਸੀ ਤਾਂ ਜ਼ੀਰੇ ਵਾਲੇ ਪਾਸਿਓਂ ਆ ਰਹੀ ਥਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਨੌਜਵਾਨ ਅਤੇ ਔਰਤ ਦੀ ਮੌਕੇ ’ਤੇ ਮੌਤ ਹੋ ਗਈ। ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲੀਸ ਨੇ ਥਾਰ ਗੱਡੀ ਕਬਜ਼ੇ ਵਿੱਚ ਲੈ ਕੇ ਮੁਕੱਦਮਾ ਦਰਜ ਕਰ ਲਿਆ ਸੀ। ਮ੍ਰਿਤਕਾਂ ਦੇ ਵਾਰਸਾਂ ਨੇ ਪਹਿਲਾਂ ਮੁੱਖ ਮਾਰਗ ’ਤੇ ਲਾਸ਼ਾਂ ਰੱਖ ਕੇ ਧਰਨਾ ਦਿੱਤਾ ਤੇ ਫਿਰ ਥਾਣੇ ਅੱਗੇ ਲਾਸ਼ਾਂ ਰੱਖ ਦਿੱਤੀਆਂ। ਥਾਣਾ ਮੁਖੀ ਸੁਨੀਤਾ ਰਾਣੀ ਬਾਵਾ ਨੇ ਕਿਹਾ ਕਿ ਥਾਰ ਚਾਲਕ ਦੀ ਪਛਾਣ ਕਰ ਲਈ ਗਈ ਹੈ ਤੇ ਉਸ ਨੂੰ ਜਲਦ ਕਾਬੂ ਕੀਤਾ ਜਾਵੇਗਾ। ਥਾਣਾ ਮੁਖੀ ਦੇ ਭਰੋਸੇ ਮਗਰੋਂ ਲੋਕਾਂ ਨੇ ਧਰਨਾ ਸਮਾਪਤ ਕੀਤਾ।