ਸੜਕ ’ਤੇ ਭਰੇ ਸੀਵਰੇਜ ਦੇ ਪਾਣੀ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ
ਗੁਰਬਖਸ਼ਪੁਰੀ
ਤਰਨ ਤਾਰਨ, 9 ਮਾਰਚ
ਸ਼ਹਿਰ ਦੀ ਸ਼ਨੀ ਮੰਦਰ ਵਾਲੀ ਸੜਕ ’ਤੇ ਕਈ ਮਹੀਨਿਆਂ ਤੋਂ ਲੀਕ ਸੀਵਰੇਜ ਨੇੜਲੇ ਘਰਾਂ ਦੇ ਵਸਨੀਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਮੁਸੀਬਤ ਬਣ ਰਿਹਾ ਹੈ। ਇੱਥੇ ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਦੂਰ ਤੱਕ ਸੜਕ ਖ਼ਰਾਬ ਹੋ ਗਈ ਹੈ। ਕਈ ਥਾਈਂ ਇਸ ਸੜਕ ’ਤੇ ਡੂੰਘੇ ਟੋਏ ਪੈ ਗਏ ਹਨ|
ਇਸ ਸਬੰਧੀ ਗੱਲਬਾਤ ਕਰਦਿਆਂ ਘਰਾਂ ਦੇ ਬਾਸ਼ਿੰਦਿਆਂ ਅਤੇ ਦੁਕਾਨਦਾਰਾਂ ਨਿਤਨ ਸ਼ਰਮਾ, ਵਿਜੇ ਕੁਮਾਰ, ਵਿਮਲ, ਡਾ. ਬਲਜੀਤ ਸਿੰਘ, ਵਿਮਲ ਕੁਮਾਰ, ਪਰਵੀਨ ਕੁਮਾਰ, ਦੀਪਕ ਆਦਿ ਕਿਹਾ ਕਿ ਕਈ ਮਹੀਨਿਆਂ ਤੋਂ ਸੀਵਰੇਜ ਲੀਕ ਹੋਣ ਕਾਰਨ ਇਲਾਕੇ ’ਚ ਬਦਬੂ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਘਰਾਂ ਦੇ ਅੰਦਰ ਰਹਿਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੰਦਗੀ ਕਾਰਨ ਉਹ ਆਪਣੇ ਘਰਾਂ ਵਿੱਚ ਖਾਣਾ ਤੱਕ ਵੀ ਆਰਾਮ ਨਾਲ ਨਹੀਂ ਖਾ ਸਕਦੇ| ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਉਨ੍ਹਾਂ ਨੂੰ ਤਾਂ ਭਾਵੇਂ ਗੰਦਗੀ ਦੀ ਆਦਤ ਪੈ ਚੁੱਕੀ ਪਰ ਉਨ੍ਹਾਂ ਦੇ ਰਿਸ਼ਤੇਦਾਰ ਹੁਣ ਇੱਥੇ ਆਉਣ-ਜਾਣ ਬੰਦ ਕਰ ਚੁੱਕੇ ਹਨ। ਇਸ ਤਰ੍ਹਾਂ ਦੁਕਾਨਦਾਰਾਂ ਨੇ ਕਿਹਾ ਕਿ ਇਸ ਗੰਦਗੀ ਕਾਰਨ ਲੋਕ ਇਧਰ ਆਉਣਾ ਘੱਟ ਕਰ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ।
ਪੀੜਤਾਂ ਨੇ ਕਿਹਾ ਕਿ ਉਨ੍ਹਾਂ ਇਹ ਮਾਮਲਾ ਕਈ ਵਾਰ ਨਗਰ ਕੌਂਸਲ ਅਤੇ ਹੋਰ ਸਮਰੱਥ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਪ੍ਰਸ਼ਾਸਨ ਲੋਕਾਂ ਦੀ ਇਸ ਮੁਸੀਬਤ ਦਾ ਕੋਈ ਹੱਲ ਕਰਵਾਉਣ ’ਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੀ ਰਿਹਾ ਤਾਂ ਰਹਿੰਦੀ ਸੜਕ ਵੀ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਸੜਕ ’ਤੇ ਟੋਏ ਪੈ ਜਾਣ ਕਾਰਨ ਹੁਣ ਸੜਕ ਹਾਦਸਿਆਂ ਦਾ ਖ਼ਤਰਾ ਵਧ ਰਿਹਾ ਹੈ।
ਨਗਰ ਕੌਂਸਲ ਦੇ ਪ੍ਰਬੰਧਕ-ਕਮ-ਐੱਸਡੀਐੱਮ ਅਰਵਿੰਦਰਪਾਲ ਸਿੰਘ ਅਤੇ ਕਾਰਜ ਸਾਧਕ ਅਧਿਕਾਰੀ (ਈਓ) ਰਣਦੀਪ ਸਿੰਘ ਵੜੈਚ ਨਾਲ ਜਦੋਂ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾ ਤਾਂ ਫੋਨ ਕਾਲ ਦਾ ਜਵਾਬ ਦਿੱਤਾ ਅਤੇ ਨਾ ਹੀ ਭੇਜੇ ਗਏ ਐੱਸਐੱਮਐੱਸ ਦਾ ਜਵਾਬ ਦਿੱਤਾ|