ਮੁਖਤਿਆਰ ਸਿੰਘ ਨੌਗਾਵਾਂਦੇਵੀਗੜ੍ਹ, 3 ਜੁਲਾਈਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਖਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੀਆਂ ਖਸਤਾ ਹਾਲ ਸੜਕਾਂ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਣੀਆਂ ਸੜਕਾਂ ਪਿਛਲੇ ਡੇਢ ਸਾਲ ਤੋਂ ਟੁੱਟੀਆਂ ਹੋਈਆਂ ਹਨ। ਦੇਵੀਗੜ੍ਹ ਤੋਂ ਕਪੂਰੀ, ਦੇਵੀਗੜ੍ਹ ਤੋਂ ਭੰਬੂਆਂ ਅਤੇ ਭੰਬੂਆਂ ਤੋਂ ਜੁਲਕਾਂ ਨੂੰ ਜਾਂਦੀਆਂ ਸੜਕਾਂ ਕਾਫੀ ਸਮੇਂ ਤੋਂ ਸੀਵਰੇਜ ਦੇ ਪਾਈਪ ਪਾਉਣ ਲਈ ਪੁੱਟੀਆਂ ਪਈਆਂ ਹਨ। ਮੀਂਹ ਕਾਰਨ ਦਲਦਲ ਬਣੀਆਂ ਇਨ੍ਹਾਂ ਸੜਕਾਂ ਤੋਂ ਪਿੰਡਾਂ ਦੇ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਚੰਦੂਮਾਜਰਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਨ੍ਹਾਂ ਪੁੱਟੀਆਂ ਸੜਕਾਂ ਨੂੰ ਜਲਦੀ ਬਣਾਇਆ ਜਾਵੇ ਨਹੀਂ ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਸਟੇਟ ਹਾਈਵੇ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਜੇ ਮੌਕਾ ਮਿਲਿਆ ਤਾਂ ਇਸ ਨਗਰ ਪੰਚਾਇਤ ਨੂੰ ਭੰਗ ਕਰਵਾਇਆ ਜਾਵੇਗਾ। ਚੰਦੂਮਾਜਰਾ ਨੇ ਇਸ ਹਲਕੇ ਵਿੱਚ ਹੁੰਦੀ ਨਾਜਾਇਜ਼ ਮਾਇਨਿੰਗ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਉਹ ਇਹ ਮਸਲਾ ਮੁੱਖ ਮੰਤਰੀ ਪੰਜਾਬ ਕੋਲ ਉਠਾਉਣਗੇ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਜਥੇਦਾਰ ਤਰਸੇਮ ਸਿੰਘ ਕੋਟਲਾ, ਡਾ. ਯਸ਼ਪਾਲ ਖੰਨਾ, ਕੈਪਟਨ ਖੁਸ਼ਵੰਤ ਸਿੰਘ, ਬਿਕਰਮ ਸਿੰਘ ਫਰੀਦਪੁਰ, ਤਰਲੋਕ ਸਿੰਘ ਹਾਜੀਪੁਰ ਅਤੇ ਜਸਵਿੰਦਰ ਸਿੰਘ ਬ੍ਰਹਮਪੁਰ ਹਾਜ਼ਰ ਸਨ।ਕੰਮ ਜਲਦੀ ਮੁਕੰਮਲ ਕੀਤਾ ਜਾਵੇਗਾ: ਪ੍ਰਧਾਨਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਨੇ ਕਿਹਾ ਕਿ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਵਿੱਚ ਪਿੰਡ ਕਪੂਰੀ ਤੋਂ ਭੰਬੂਆਂ ਵਾਇਆ ਕਸਬਾ ਦੇਵੀਗੜ੍ਹ 19 ਕਰੋੜ ਦੀ ਲਾਗਤ ਨਾਲ ਸੀਵਰੇਜ ਦਾ ਪ੍ਰਾਜੈਕਟ ਲਿਆਂਦਾ ਗਿਆ ਸੀ, ਜਿਸ ਦਾ ਕੰਮ ਸ਼ੁਰੂ ਕਰਨ ਲਈ ਅਤੇ ਸੜਕਾਂ ਵਿੱਚ ਸੀਵਰੇਜ ਦੇ ਪਾਈਪ ਪਾਉਣ ਲਈ ਸੜਕਾਂ ਪੁੱਟੀਆਂ ਗਈਆਂ ਸਨ, ਹੁਣ ਜਦੋਂ ਕਿ ਇਸ ਪ੍ਰਾਜੈਕਟ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ 20 ਫੀਸਦੀ ਕੰਮ ਵੀ ਜਲਦੀ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੁਲਕਾਂ ਤੋਂ ਭੰਬੂਆਂ, ਛੰਨਾ ਮੋੜ ਤੋਂ ਪਿੰਡ ਛੰਨਾਂ ਤੱਕ ਸੜਕਾਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਚੁਕੀਆਂ ਸੜਕਾਂ ਦਾ ਕੰਮ ਬਰਸਾਤ ਪੈਣ ਕਰਕੇ ਰੁਕਿਆ ਹੋਇਆ ਹੈ, ਜਿਸ ਨੂੰ ਜਲਦੀ ਨੇਪਰੇ ਚਾੜਿਆ ਜਾਵੇਗਾ। ਇਸ ਤੋਂ ਇਲਾਵਾ ਨਵਾਂ ਬੱਸ ਅੱਡਾ ਬਣਾਇਆ ਗਿਆ ਹੈ ਅਤੇ ਪੁਰਾਣੇ ਬਜ਼ਾਰ ਵਿੱਚ ਸੀਵਰੇਜ ਪਾ ਕੇ ਸੜਕ ’ਤੇ ਪੱਥਰ ਪਾ ਦਿੱਤਾ ਗਿਆ ਹੈ।