ਸਟੋਨ ਕਰੱਸ਼ਰ ਮਾਲਕਾਂ ਨੇ ਡਾਇਰੈਕਟਰ ਖਣਨ ਨੂੰ ਸੁਣਾਏ ਦੁੱਖੜੇ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 9 ਜੂਨ
ਸਟੋਨ ਕਰੱਸ਼ਰ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਨੁਮਾਇੰਦਿਆਂ ਦੇ ਵਫਦ ਨੇ ਅੱਜ ਡਾਇਰੈਕਟਰ ਖਣਨ ਪੰਜਾਬ ਅਭਿਜੀਤ ਕਪਲਿਸ਼ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ ਨੇ ਦੱਸਿਆ ਕਿ ਪੰਜਾਬ ਵੱਲੋਂ ਜਿਹੜਾ ਨਵਾਂ ਸਟੋਨ ਕਰੱਸ਼ਰ ਐਕਟ ਬਣਾਇਆ ਗਿਆ ਹੈ, ਉਸ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਹਨ ਅਤੇ ਨਵੇਂ ਐਕਟ ਦੇ ਮੁਤਾਬਕ ਕਰੱਸ਼ਰ ਮਾਲਕਾਂ ਨੂੰ ਆਪਣੇ ਕਰੱਸ਼ਰ ਚਲਾਉਣੇ ਅਸੰਭਵ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਨਵੇਂ ਸਟੋਨ ਕਰੱਸ਼ਰ ਐਕਟ ਨੂੰ ਤਰਕਸੰਗਤ ਬਣਾਉਣ ਲਈ ਆਪਣੇ ਸੁਝਾਅ ਦੱਸੇ ਗਏ। ਉਨ੍ਹਾਂ ਦੱਸਿਆ ਡਾਇਰੈਕਟਰ ਖਣਨ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਐਸੋਸੀਏਸ਼ਨ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ ਤਾਂ ਕਿ ਸਟੋਨ ਕਰੱਸ਼ਰ ਸਨਅਤ ਸਹੀ ਤਰੀਕੇ ਨਾਲ ਚੱਲ ਸਕੇ। ਡਾਇਰੈਕਟਰ ਨੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਪੰਜਾਬ ਸਰਕਾਰ ਵੱਲੋਂ ਖਣਨ ਦੇ ਧੰਦੇ ਵਿੱਚ ਲਿਆਂਦੀ ਜਾ ਰਹੀ ਪਾਰਦਰਸ਼ਤਾ ਸਬੰਧੀ ਪੂਰਨ ਰੂਪ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ ਤੋਂ ਇਲਾਵਾ ਪ੍ਰੈੱਸ ਸਕੱਤਰ ਸੁਖਪਾਲ ਸਿੰਘ, ਦਲਬੀਰ ਸਿੰਘ, ਹਰਭਜਨ ਸਿੰਘ, ਦਵਿੰਦਰ ਸਿੰਘ ਬਾਜਵਾ, ਮਨਜੀਤ ਸਿੰਘ, ਮਨੀ ਭੁੱਟੋ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।