ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦਾ ਇਜਲਾਸ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ ਸੰਗਰੂਰ ਦੀ ਜ਼ਿਲ੍ਹਾ ਕਮੇਟੀ ਦਾ ਇਜਲਾਸ ਸਥਾਨਕ ਗਦਰ ਮੈਮੋਰੀਅਲ ਭਵਨ ਵਿੱਚ ਹੋਇਆ ਜਿਸ ’ਚ ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਅਤੇ ਅਮਰ ਕ੍ਰਾਂਤੀ ਬਤੌਰ ਅਬਜ਼ਰਵਰ ਸ਼ਾਮਲ ਹੋਏ। ਇਜਲਾਸ ’ਚ ਜ਼ਿਲ੍ਹਾ ਜਥੇਬੰਦੀ ਦੀ ਸਮੀਖਿਆ ਰਿਪੋਰਟ ਪੇਸ਼ ਕੀਤੀ ਗਈ ਜਿਸ ਉੱਪਰ ਚਰਚਾ ਕਰਨ ਤੋਂ ਬਾਅਦ ਉਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਨਵੀਂ 7 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕਰਕੇ ਰਾਮਬੀਰ ਸਿੰਘ ਮੰਗਾ ਨੂੰ ਪ੍ਰਧਾਨ, ਸੁਖਪ੍ਰੀਤ ਲੌਂਗੋਵਾਲ ਨੂੰ ਸਕੱਤਰ, ਮਨਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਗਗਨ ਗੰਢੂਆਂ ਨੂੰ ਖਜ਼ਾਨਚੀ, ਅਕਾਸ਼ ਜਵਾਰਵਾਲਾ, ਰਾਜਵੀਰ ਭਵਾਨੀਗੜ੍ਹ ਅਤੇ ਰੌਸ਼ਨੀ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਅਮਨਦੀਪ ਸਿੰਘ ਖਿਓਵਾਲੀ ਨੇ ਕਿਹਾ ਕਿ ਜਿੱਥੇ ਤੇਲੰਗਾਨਾ ਤੇ ਬੰਗਾਲ ਵਰਗੇ ਸੂਬਿਆਂ ਨੇ ਕੌਮੀ ਸਿੱਖਿਆ ਨੀਤੀ ਨੂੰ ਰੱਦ ਕੀਤਾ ਹੈ ਉੱਥੇ ਪੰਜਾਬ ਸਰਕਾਰ ਦੁਆਰਾ ਕੌਮੀ ਸਿੱਖਿਆ ਨੀਤੀ 2020 ਨੂੰ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰੇ ਅਤੇ ਪੰਜਾਬ ਦੀ ਸਿੱਖਿਆ ਨੀਤੀ ਤੈਅ ਕਰੇ। ਇਸ ਮੌਕੇ ਸੁਖਦੀਪ ਹਥਨ, ਅਰਵਿੰਦਰ ਮਾਨਸਾ, ਅਰਸ਼ਦੀਪ ਸੁਰੀਲਾ ਤੇ ਗੁਰਲੀਨ ਆਦਿ ਹਾਜ਼ਰ ਸਨ।