ਸਖ਼ਤ ਫ਼ੈਸਲਿਆਂ ਨਾਲ ਸੁਧਰੇਗੀ ਕੈਨੇਡਾ ਦੀ ਹਾਲਤ
ਪ੍ਰਿੰਸੀਪਲ ਵਿਜੈ ਕੁਮਾਰ
ਕੈਨੇਡਾ ਇੱਕ ਲੋਕਤੰਤਰੀ ਦੇਸ਼ ਹੈ। ਦੁਨੀਆ ਦੇ ਦੂਜੇ ਲੋਕਤੰਤਰੀ ਦੇਸ਼ਾਂ ਵਾਂਗ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਇੱਥੋਂ ਦੀਆਂ ਸਿਆਸੀ ਪਾਰਟੀਆਂ ਦੇਸ਼ ਹਿੱਤਾਂ ਨੂੰ ਲਾਂਭੇ ਰੱਖ ਕੇ ਸੱਤਾ ਹਾਸਿਲ ਕਰਨ ਨੂੰ ਪਹਿਲ ਦੇ ਰਹੀਆਂ ਹਨ। ਜਸਟਿਨ ਟਰੂਡੋ ਦੀ ਅਗਵਾਈ ਵਿੱਚ ਚੱਲਣ ਵਾਲੀ ਪਿਛਲੀ ਸਰਕਾਰ ਨੇ ਮੁੜ ਸੱਤਾ ਹਾਸਿਲ ਕਰਨ ਲਈ ਮੁਲਕ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਅਜਿਹੇ ਗ਼ਲਤ ਫ਼ੈਸਲੇ ਲਏ ਜਿਨ੍ਹਾਂ ਨੇ ਮੁਲਕ ਅੱਗੇ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ।
ਅੱਜ ਕੈਨੇਡਾ ਵੱਡੇ ਸੰਕਟ ਦੇ ਦੌਰ ’ਚੋਂ ਨਿਕਲ ਰਿਹਾ ਹੈ। ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਣ ਦਾ ਖਦਸ਼ਾ ਹੈ। ਅਤਿਵਾਦ, ਬੇਰੁਜ਼ਗਾਰੀ, ਮਹਿੰਗਾਈ, ਕਾਨੂੰਨ ਵਿਵਸਥਾ ਦੀ ਮੰਦਹਾਲੀ, ਟੈਕਸਾਂ ਦਾ ਵਧ ਰਿਹਾ ਬੋਝ, ਘਰਾਂ ਦੀ ਸਮੱਸਿਆ, ਲੋਕਾਂ ਦੀ ਜਾਨ ਮਾਲ ਨੂੰ ਵਧਦਾ ਜਾ ਰਿਹਾ ਖ਼ਤਰਾ ਇਸ ਮੁਲਕ ਦੀ ਮਾੜੀ ਹਾਲਤ ਦਾ ਪ੍ਰਮਾਣ ਹੈ। ਮਹਿੰਗਾਈ ਪਿਛਲੇ ਚਾਲੀ ਸਾਲ ਦਾ ਰਿਕਾਰਡ ਤੋੜ ਚੁੱਕੀ ਹੈ। ਲੋਕਾ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ। ਖੁੱਲ੍ਹੇਆਮ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ। ਅਪਰਾਧ ਦਰ ’ਚ ਵਾਧਾ ਹੁੰਦਾ ਜਾ ਰਿਹਾ ਹੈ। 70% ਲੋਕਾਂ ਲਈ ਘਰ ਖ਼ਰੀਦਣਾ ਤੇ ਕਿਰਾਏ ਉੱਤੇ ਲੈਣਾ ਔਖਾ ਹੋ ਗਿਆ ਹੈ। ਪਿਛਲੇ ਦਸ ਸਾਲਾਂ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਨ੍ਹਾਂ ਹਾਲਤਾਂ ਨੂੰ ਵੇਖਦਿਆਂ ਪਰਵਾਸੀ ਲੋਕਾਂ ਨੇ ਇਸ ਮੁਲਕ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਜ਼ਿਆਦਾਤਰ ਲੋਕਾਂ ਨੇ ਪੱਕੀ ਨਾਗਰਿਕਤਾ ਲੈਣ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ।
ਨਵੇਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪੁਰਾਣੇ ਕਾਰਖਾਨੇਦਾਰਾਂ ਅਤੇ ਕਾਰੋਬਾਰੀਆਂ ਨੇ ਇਸ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਅਤੇ ਨਵਿਆਂ ਦੇ ਆਉਣ ਦੀਆਂ ਸੰਭਾਵਨਾਵਾਂ ਘਟਣ ਲੱਗ ਪਈਆਂ ਹਨ। ਕੈਨੇਡਾ ਦੀ ਆਰਥਿਕਤਾ ਅਤੇ ਅੰਦਰੂਨੀ ਹਾਲਤ ਵਿਗੜਦੀ ਜਾ ਰਹੀ ਹੈ। ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ’ਚ ਮਿਲਾਉਣ ਦੇ ਉਦੇਸ਼ ਨਾਲ ਇਸ ਦੀ ਆਰਥਿਕਤਾ ਨੂੰ ਹੋਰ ਕਮਜ਼ੋਰ ਕਰਨ ਲਈ ਇਸ ਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ’ਤੇ ਟੈਕਸ ਵਧਾਉਣੇ ਸ਼ੁਰੂ ਕਰ ਦਿੱਤੇ ਹਨ।
ਅਮਰੀਕਾ ਦੀ ਇਸ ਸਿਆਸੀ ਚਾਲ ਨੇ ਕੈਨੇਡਾ ’ਚ ਬੇਰੁਜ਼ਗਾਰੀ ਅਤੇ ਮਹਿੰਗਾਈ ਹੋਰ ਵੀ ਵਧਾ ਦਿੱਤੀ ਤੇ ਕਾਰਖਾਨੇਦਾਰਾਂ ਅਤੇ ਕਾਰੋਬਾਰੀਆਂ ਲਈ ਆਰਥਿਕ ਸੰਕਟ ਹੋਰ ਵੀ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੀ ਸਰਕਾਰ ਦੀ ਸਭ ਤੋਂ ਵੱਡੀ ਗ਼ਲਤੀ ਚੋਰੀਆਂ, ਡਕੈਤੀਆਂ, ਫਿਰੌਤੀਆਂ, ਲੁੱਟਾਂ ਖੋਹਾਂ, ਨਸ਼ਿਆਂ ਦੀ ਵਿਕਰੀ ਤੇ ਸਮਗਲਿੰਗ, ਜੇਬ ਕਤਰਿਆਂ ਅਤੇ ਮਾਰ ਮਰਾਈ ਨੂੰ ਰੋਕਣ ਲਈ ਨਾ ਪੁਲੀਸ ਅਤੇ ਅਦਾਲਤਾਂ ਨੂੰ ਵੱਧ ਅਧਿਕਾਰ ਦਿੱਤੇ, ਨਾ ਪੁਲੀਸ ਅਤੇ ਜੱਜਾਂ ਦੀ ਗਿਣਤੀ ਵਧਾਈ ਅਤੇ ਨਾ ਹੀ ਇਨ੍ਹਾਂ ਸਮੱਸਿਆਵਾਂ ’ਤੇ ਕਾਬੂ ਪਾਉਣ ਲਈ ਸਰਕਾਰ ਦੇ ਪੱਧਰ ’ਤੇ ਸਖ਼ਤ ਫ਼ੈਸਲੇ ਲਏ।
ਕੈਨੇਡਾ ਦੀ ਨਵੀਂ ਸਰਕਾਰ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਛੱਡ ਕੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਸੁਧਾਰਨ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਤਰਜੀਹ ਦਿੰਦੇ ਹੋਏ ਸਖ਼ਤ ਤੋਂ ਸਖ਼ਤ ਫ਼ੈਸਲੇ ਲੈਣੇ ਹੋਣਗੇ। ਦੋਸ਼ੀ ਪਰਵਾਸੀਆਂ ਨੂੰ ਤੁਰੰਤ ਇਸ ਮੁਲਕ ਤੋਂ ਬਾਹਰ ਕੱਢਣਾ ਹੋਵੇਗਾ। ਕਾਰਾਂ ਚੋਰੀ, ਟੈਕਸ ਚੋਰੀ, ਬੀਮਾ, ਰੀਅਲ ਅਸਟੇਟ, ਬਿਲਡਰਾਂ, ਕਾਰੋਬਾਰੀਆਂ, ਕ੍ਰੈਡਿਟ ਕਾਰਡਾਂ ਨਾਲ ਹੇਰਾਫੇਰੀਆਂ ਕਰਨ ,ਬੈਂਕਾਂ ਤੋਂ ਘਰਾਂ ਵਾਸਤੇ ਕਰਜ਼ ਦਿਵਾਉਣ ਵਾਲਿਆਂ, ਉੱਚ ਸਿੱਖਿਆ ਤੇ ਕੰਮ ਧੰਦਿਆਂ ਲਈ ਲਾਇਸੈਂਸ ਦਿਵਾਉਣ ਵਾਲਿਆਂ, ਟਰਾਂਸਪੋਰਟ, ਇਮੀਗ੍ਰੇਸ਼ਨ ਦਾ ਧੰਦਾ ਕਰਨ ਵਾਲਿਆਂ ਅਤੇ ਰਿਸ਼ਵਤ ਖੋਰਾਂ ਨੇ ਸਰਕਾਰ ਦੀ ਸ਼ੈਅ, ਮਿਲੀਭੁਗਤ ਅਤੇ ਗ਼ੈਰ ਜ਼ਿੰਮੇਵਾਰੀ ਕਾਰਨ ਦੇਸ਼ ਦੀ ਆਰਥਿਕਤਾ ਨੂੰ ਖੋਰਾ ਲਾਇਆ ਹੈ। ਕੈਨੇਡਾ ਦੀ ਨਵੀਂ ਸਰਕਾਰ ਨੂੰ ਮੁਲਕ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਅਜਿਹੇ ਸਖ਼ਤ ਫ਼ੈਸਲੇ ਲੈਣੇ ਹੋਣਗੇ ਜਿਨ੍ਹਾਂ ਨਾਲ ਇਨ੍ਹਾਂ ਸਾਰਿਆਂ ’ਤੇ ਕਾਬੂ ਪਾਇਆ ਜਾ ਸਕੇ। ਇਸ ਦੇਸ਼ ਦੀਆਂ ਪਿਛਲੀਆਂ ਸਰਕਾਰਾਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵੱਖ ਵੱਖ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਸਿਆਸੀ ਸ਼ਰਣ ਦੇ ਕੇ ਉਨ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਆਰਥਿਕ ਸਹੂਲਤਾਂ ਦੇ ਕੇ ਆਪਣੇ ਦੇਸ਼ ਲਈ ਆਰਥਿਕ ਸੰਕਟ, ਬੇਰੁਜ਼ਗਾਰੀ ਅਤੇ ਹੋਰ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ।
ਮੌਜੂਦਾ ਸਰਕਾਰ ਨੂੰ ਇਸ ਆਰਥਿਕ ਸੰਕਟ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਫ਼ੈਸਲੇ ਲੈਣੇ ਪੈਣਗੇ। ਇਸ ਮੁਲਕ ਦੀਆਂ ਸਰਕਾਰਾਂ ਨੇ ਆਪਣੇ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਪਰਵਾਸੀ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਲੜਾਉਣਾ ਸ਼ੁਰੂ ਕਰ ਦਿੱਤਾ। ਮੁਲਕ ਵਿੱਚ ਵਧ ਰਹੀ ਫਿਰਕਾਪ੍ਰਸਤੀ ਨੇ ਇਸ ਮੁਲਕ ’ਚ ਅਤਿਵਾਦ ਨੂੰ ਸ਼ੈਅ ਦੇ ਕੇ ਇੱਥੋਂ ਦੀ ਸ਼ਾਂਤੀ ਭੰਗ ਕਰ ਦਿੱਤੀ। ਮੌਜੂਦਾ ਸਰਕਾਰ ਨੂੰ ਇਸ ਫਿਰਕਾਪ੍ਰਸਤੀ ਨੂੰ ਨੱਥ ਪਾਉਣ ਲਈ ਤੁਰੰਤ ਅਤੇ ਸਖ਼ਤ ਫ਼ੈਸਲੇ ਲੈਣੇ ਹੋਣਗੇ।
ਇੱਥੋਂ ਦੇ ਲੋਕਾਂ ਦੀਆਂ ਵੋਟਾਂ ਲੈਣ ਲਈ ਲੋਕਾਂ ਨੂੰ ਜ਼ਰੂਰਤ ਤੋਂ ਵੱਧ ਦਿੱਤੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਬਾਰੇ ਵਿਚਾਰ ਕਰਦਿਆਂ ਉਨ੍ਹਾਂ ਨੂੰ ਘਟਾਉਣ ਲਈ ਸਖ਼ਤ ਫੈਸਲੇ ਲੈਣੇ ਹੋਣਗੇ। ਬਾਹਰਲੇ ਦੇਸ਼ਾਂ ਤੋਂ ਆਏ ਜਿਹੜੇ ਮੁੰਡੇ-ਕੁੜੀਆਂ ਅਤੇ ਹੋਰ ਪਰਵਾਸੀ ਆਪਣੀਆਂ ਗ਼ਲਤ ਗਤੀਵਿਧੀਆਂ ਨਾਲ ਦੇਸ਼ ਦੀ ਸ਼ਾਂਤੀ, ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਨ੍ਹਾਂ ਨੂੰ ਇਸ ਦੇਸ਼ ’ਚੋਂ ਕੱਢਣ ਦਾ ਅਤੇ ਬਾਕੀਆਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਤੁਰੰਤ ਸਖ਼ਤ ਫੈਸਲੇ ਲੈਣੇ ਹੋਣਗੇ। ਇਸ ਦੇਸ਼ ਦੀ ਆਰਥਿਕਤਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦੇ ਇਸ ਮੁਲਕ ਵਿੱਚ ਆਉਣ ’ਤੇ ਨਿਰਭਰ ਕਰਦੀ ਹੈ।
ਇੱਥੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦੀ ਆਮਦ ’ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ’ਤੇ ਨਵੀਂ ਸਰਕਾਰ ਨੂੰ ਮੁੜ ਵਿਚਾਰ ਕਰਨਾ ਪਵੇਗਾ ਕਿਉਂਕਿ ਨਵੇਂ ਪਰਵਾਸੀਆਂ ਦੀ ਆਮਦ ਰੁਕਣ ਨਾਲ ਵਪਾਰ, ਕਾਰੋਬਾਰ, ਆਯਾਤ, ਨਿਰਯਾਤ, ਖੇਤੀਬਾੜੀ ਅਤੇ ਹੋਰ ਧੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਬੇਰੁਜ਼ਗਾਰੀ ਘਟਣ ਦੀ ਬਜਾਏ ਵਧੀ ਹੈ। ਕੁਦਰਤੀ ਸੋਮਿਆਂ ਤੋਂ ਹੋਣ ਵਾਲੀ ਆਮਦਨ ਦੇ ਘਟਣ ਦੇ ਕਾਰਨਾਂ ’ਤੇ ਵਿਚਾਰ ਕਰਕੇ ਉਨ੍ਹਾਂ ਵਿੱਚ ਵਾਧਾ ਕਰਨਾ ਪਵੇਗਾ। ਰੀਅਲ ਅਸਟੇਟ ’ਤੇ ਹੋਣ ਵਾਲੇ ਨਿਵੇਸ਼ ਨੂੰ ਰੋਕ ਕੇ ਨਵੇਂ ਕਾਰਖਾਨੇ ਲਗਾਉਣ ਨੂੰ ਤਰਜੀਹ ਦੇਣੀ ਪਵੇਗੀ। ਇਸ ਮੁਲਕ ਵਿੱਚੋਂ ਛੱਡ ਕੇ ਗਏ ਕਾਰਖਾਨੇਦਾਰਾਂ ਨੂੰ ਮੁੜ ਇਸ ਮੁਲਕ ਵਿੱਚ ਆਪਣੇ ਕਾਰਖਾਨਿਆਂ ਨੂੰ ਲਿਆਉਣ ਲਈ ਸਹਿਮਤ ਕਰਨਾ ਹੋਵੇਗਾ।
ਕਿਰਾਏਦਾਰਾਂ ਅਤੇ ਮਾਲਕਾਂ ਦੇ ਝਗੜਿਆਂ ਨੂੰ ਘਟਾਉਣ ਲਈ ਸਖ਼ਤ ਕਾਨੂੰਨ ਲਿਆਉਣੇ ਹੋਣਗੇ। ਅਪਰਾਧ ਨੂੰ ਰੋਕਣ ਲਈ ਪ੍ਰਾਈਵੇਸੀ ਕਾਨੂੰਨ ਨੂੰ ਖ਼ਤਮ ਕਰਨਾ ਹੋਵੇਗਾ। ਸਰਕਾਰ ਵਿੱਚ ਲੋਕਾਂ ਦੇ ਨੁਮਾਇੰਦਿਆਂ, ਵਿਹਲੜਾਂ ਅਤੇ ਹੋਰ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਿੱਤੀ ਸਹੂਲਤਾਂ ਨੂੰ ਘਟਾਉਣਾ ਹੋਵੇਗਾ। ਬੇਆਬਾਦ ਇਲਾਕਿਆਂ ਨੂੰ ਆਬਾਦ ਕਰਕੇ ਉੱਥੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਬੇਰੁਜ਼ਗਾਰੀ ਘਟਾਉਣ ਲਈ ਵਿਜ਼ਿਟਰ ਵੀਜ਼ੇ ’ਤੇ ਆਏ ਲੋਕਾਂ ਅਤੇ ਬਜ਼ੁਰਗਾਂ ਨੂੰ ਕੰਮ ਦੇਣ ’ਤੇ ਪਾਬੰਦੀ ਲਗਾਉਣੀ ਹੋਵੇਗੀ ਤਾਂ ਕਿ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲ ਸਕੇ। ਜੇਕਰ ਇਸ ਮੁਲਕ ਦੀ ਮੌਜੂਦਾ ਸਰਕਾਰ ਨੇ ਕੈਨੇਡਾ ਦੀ ਅਜੋਕੀ ਮਾੜੀ ਹਾਲਤ ਨੂੰ ਵੇਖ ਕੇ ਸਖ਼ਤ ਕਾਨੂੰਨ ਨਾ ਬਣਾਏ, ਸਖ਼ਤ ਫ਼ੈਸਲੇ ਨਾ ਲਏ ਤਾਂ ਇੱਥੇ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ।
ਸੰਪਰਕ: 98726-27136