ਸਕੱਤਰ ਦੇ ਅਹੁਦੇ ’ਤੇ ਐਨਐੱਸਯੂਆਈ ਦੀ ਜਿੱਤ ਬਰਕਰਾਰ

ਜਿੱਤ ਉਪਰੰਤ ਖੁਸ਼ੀ ਮਨਾਉਂਦੇ ਹੋਏ ਐਨਐੱਸਯੂਆਈ ਦੇ ਸਮਰੱਥਕ। -ਫੋਟੋ: ਪ੍ਰਦੀਪ ਤਿਵਾੜੀ

ਕੁਲਦੀਪ ਸਿੰਘ
ਚੰਡੀਗੜ੍ਹ, 10 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਸਕੱਤਰ ਦੇ ਅਹੁਦੇ ਦਾ ਰੇੜਕਾ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਅੱਜ ਚੌਥੀ ਵਾਰ ਹੋਈ ਗਿਣਤੀ ਵਿਚ ਵੀ ਐਨ.ਐੱਸ.ਯੂ.ਆਈ. ਦੀ ਜਿੱਤ ਬਰਕਰਾਰ ਰਹੀ ਅਤੇ ਤੇਗਬੀਰ ਸਿੰਘ ਹੀ ਸਕੱਤਰ ਦੇ ਅਹੁਦੇ ਲਈ ਚੁਣੇ ਗਏ।
ਪੀਯੂ ਦੇ ਜਿਮਨੇਜ਼ੀਅਮ ਹਾਲ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੁਪਹਿਰ 2 ਵਜੇ ਵੋਟਾਂ ਦੀ ਮੁੜ ਗਿਣਤੀ ਸ਼ੁਰੂ ਹੋਈ ਜੋ ਕਿ ਦੇਰ ਰਾਤ 10 ਵਜੇ ਤੱਕ ਜਾਰੀ ਰਹੀ। ਇਸ ਗਿਣਤੀ ਦੌਰਾਨ ਐਨ.ਐਸ.ਯੂ.ਆਈ. ਅਤੇ ਇਨਸੋ ਦੇ ਇੱਕ-ਇੱਕ ਮੈਂਬਰ ਨੂੰ ਅੰਦਰ ਬੁਲਾਇਆ ਗਿਆ। ਇਸ ਚੋਣਾਂ ਵਿਚ ਦੂਸਰੀ ਜਥੇਬੰਦੀ ਇਨਸੋ ਦੇ ਉਮੀਦਵਾਰ ਗੌਰਵ ਦੂਹਾਂ ਨੂੰ ਆਪਣੀ ਜਿੱਤ ਦੀ ਪੂਰਨ ਆਸ ਸੀ ਪਰ ਦੁਬਾਰਾ ਗਿਣਤੀ ਵਿਚ ਵੀ ਉਸ ਦੀ ਆਸ ਪੂਰੀ ਨਹੀਂ ਹੋ ਸਕੀ। ਗਿਣਤੀ ਦੌਰਾਨ ਪਹਿਲਾਂ ਵਾਲੀ ਸਥਿਤੀ ਬਰਕਰਾਰ ਰਹੀ ਜਿਸ ਮੁਤਾਬਕ ਤੇਗਬੀਰ ਸਿੰਘ ਨੂੰ 3191 ਵੋਟਾਂ ਮਿਲੀਆਂ ਜਦਕਿ ਗੌਰਵ ਦੂਹਾਂ ਨੂੰ 3181 ਵੋਟਾਂ ਮਿਲੀਆਂ। ਇਸ ਪ੍ਰਕਾਰ ਤੇਗਬੀਰ ਸਿੰਘ ਦੀ ਜਿੱਤ ਬਰਕਰਾਰ ਰਹੀ।